ਆਪਣੇ ਖਾਤੇ 'ਚ ਦੂਜਿਆਂ ਦਾ ਪੈਸਾ ਜਮ੍ਹਾਂ ਕਰਾਉਣਾ ਪਵੇਗਾ ਮਹਿੰਗਾ : ਸਰਕਾਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ ਤੋਂ ਬਾਅਦ ਆਪਣੇ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਬਦਲਣ ਲਈ ਕੁਝ ਲੋਕ ਦੂਸਰੇ ਲੋਕਾਂ ਦੇ ਬੈਂਕ ਖਾਤਿਆਂ ਦੀ ਵਰਤੋਂ ਕਰ ਰਹੇ ਹਨ। ਦਿਲ ਲੁਭਾਉਣੀਆਂ ਆਫ਼ਰਾਂ ਦੇ ਝਾਂਸੇ ਵਿੱਚ ਆ ਕੇ ਬਹੁਤ ਸਾਰ ਲੋਕ ਦੂਜਿਆਂ ਦਾ ਪੈਸਾ ਆਪਣੇ ਖਾਤਿਆਂ ਵਿੱਚ ਪੁਆ ਰਹੇ ਹਨ। ਸਰਕਾਰ ਨੇ ਅਜਿਹੇ ਲੋਕਾਂ ਨੂੰ ਚਿਤਾਵਨੀ ਜਾਰੀ ਕਰ ਕੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਗਤੀਵਿਧੀ ਵਿੱਚ ਸ਼ਾਮਲ ਨਾ ਹੋਇਆ ਜਾਵੇ, ਨਹੀਂ ਤਾਂ ਇਹ ਮਹਿੰਗਾ ਪਵੇਗਾ। ਸਰਕਾਰ ਨੇ ਕਿਹਾ ਹੈ ਕਿ ਦੋਸ਼ੀ ਪਾਏ ਜਾਣ 'ਤੇ ਇਨਕਮ ਟੈਕਸ ਕਾਨੂੰਨਾਂ ਤਹਿਤ ਦੋਹਾਂ ਧਿਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ, ਜੇ ਕੋਈ ਮਜ਼ਦੂਰ, ਕਾਰੀਗਰ ਜਾਂ ਘਰੇਲੂ ਔਰਤ ਵੱਲੋਂ ਢਾਈ ਲੱਖ ਰੁਪਏ ਦੀ ਰਾਸ਼ੀ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਤਾਂ ਆਮਦਨ ਟੈਕਸ ਵਿਭਾਗ ਉਸ ਤੋਂ ਪੁੱਛਗਿੱਛ ਨਹੀਂ ਕਰੇਗਾ। ਇਸੇ ਦੌਰਾਨ ਰਿਪੋਰਟ ਮਿਲੀ ਹੈ ਕਿ ਕੁਝ ਲੋਕ ਆਪਣੇ ਕਾਲੇ ਧਨ ਨੂੰ ਨਵੇਂ ਨੋਟਾਂ ਵਿੱਚ ਬਦਲਣ ਲਈ ਦੂਜੇ ਲੋਕਾਂ ਦੇ ਬੈਂਕ ਖਾਤਿਆਂ ਦੀ ਵਰਤੋਂ ਕਰ ਰਹੇ ਹਨ। ਇਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਨਧਨ ਖਾਤੇ ਰਾਹੀਂ ਵੀ ਹੋ ਰਿਹਾ ਹੈ। ਖ਼ਜ਼ਾਨਾ ਮੰਤਰਾਲੇ ਨੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਗ਼ੈਰ ਕਾਨੂੰਨੀ ਕਰਾਰ ਦਿੰਦਿਆਂ ਕਿਹਾ ਹੈ ਕਿ ਜੇ ਜਾਂਚ ਦੌਰਾਨ ਪਤਾ ਲੱਗਾ ਕਿ ਜਮ੍ਹਾਂ ਧਨਰਾਸ਼ੀ ਖਾਤਾਧਾਰਕ ਦੀ ਨਹੀਂ ਹੈ ਤਾਂ ਇਨਕਮ ਟੈਕਸ ਕਾਨੂੰਨਾਂ ਦੇ ਤਹਿਤ ਖਾਤਾਧਾਰਕ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਟੈਕਸ ਚੋਰੀ ਲਈ ਆਪਣੇ ਖਾਤੇ ਦੀ ਜਿਹੜੇ ਲੋਕ ਵਰਤੋਂ ਕਰਨ ਦੇਣਗੇ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਆਪਣੇ ਖ਼ੂਨ ਪਸੀਨੇ ਦੀ ਕਮਾਈ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਵਾਲੇ ਲੋਕਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਮੰਤਰਾਲੇ ਦੇ ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਝਾਂਸੇ ਵਿੱਚ ਆ ਕੇ ਕਾਲੇ ਧਨ ਨੂੰ ਨਵੇਂ ਨੋਟਾਂ ਵਿੱਚ ਬਦਲਣ ਦੇ ਅਪਰਾਧ ਵਿੱਚ ਸ਼ਾਮਲ ਹੋਣ ਤੋਂ ਬਚਣ ਵਾਲੇ ਮੰਤਰਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾ ਕੋਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਤਾਂ ਉਹ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਦੇਣ। ਕਾਲੇ ਧਨ ਨੂੰ ਮਾਨਵਤਾ ਵਿਰੁੱਧ ਅਪਰਾਧ ਕਰਾਰ ਦਿੰਦਿਆਂ ਮੰਤਰਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਾਲੇ ਧਨ ਨੂੰ ਖ਼ਤਮ ਕਰਨ ਦੀ ਮੁਹਿੰਮ ਸਫ਼ਲ ਨਹੀਂ ਹੋ ਸਕਦੀ।