ਸਵਾਮੀ ਓਮ ਜੀ ਨੂੰ ਫੜਨ ਲਈ ਬਿੱਗ ਬਾਸ ਦੇ ਘਰ ਪਹੁੰਚੀ ਦਿੱਲੀ ਪੁਲਸ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬਿੱਗ ਬਾਸ ਦੇ ਸੀਜ਼ਨ 10 'ਚ ਆਮ ਆਦਮੀ ਦੀ ਹੈਸੀਅਤ 'ਚ ਆਏ ਬਾਬਾ ਓਮ ਜੀ ਮਹਾਰਾਜ ਆਪਣੀਆਂ ਹਰਕਤਾਂ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਦਿੱਲੀ ਦੀ ਇੱਕ ਅਦਾਲਤ 'ਚ ਗੈਰ-ਜ਼ਮਾਨਤੀ ਵਾਰੰਟਾਂ ਦਾ ਸਾਹਮਣਾ ਕਰਨ ਵਾਲੇ ਸਵਾਮੀ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਸ ਬਿੱਗ ਬਾਸ ਦੇ ਘਰ ਪਹੁੰਚ ਗਈ।
ਓਮ ਜੀ ਮਹਾਰਾਜ ਤਾਂ ਬਹੁਤ 'ਪਹੁੰਚੇ ਹੋਏ' ਵਿਅਕਤੀ ਜਾਪ ਰਹੇ ਹਨ। ਪ੍ਰਾਪਤ ਰਿਪੋਰਟ ਮੁਤਾਬਕ ਮਹਾਰਾਜ 'ਤੇ ਚੱਲ ਰਹੇ ਚੋਰੀ ਅਤੇ ਆਰਮਜ਼ ਐਕਟ ਤਹਿਤ ਕੇਸ ਦੇ ਸੰਬੰਧ 'ਚ ਉਸ ਨੂੰ ਗ੍ਰਿਫਤਾਰ ਕਰਨ ਲਈ ਬਿੱਗ ਬਾਸ ਦੇ ਘਰ ਪੁਲਸ ਪਹੁੰਚੀ ਸੀ, ਜਦ ਕਿ ਸਵਾਮੀ ਨੇ ਘਰ ਤੋਂ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ। ਦਿੱਲੀ ਪੁਲਸ ਨੇ ਕੁਝ ਕਾਗਜ਼ਾਤਾਂ 'ਤੇ ਉਸ ਦੇ ਦਸਤਖਤ ਵੀ ਕਰਵਾਏ। ਹੁਣ ਦੇਖਣਾ ਇਹ ਹੋਵੇਗਾ ਕਿ ਸਵਾਮੀ ਜੇਲ੍ਹ ਜਾਂਦਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਸ਼ੋਅ ਸ਼ੁਰੂ ਹੋਣ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗਾ ਕਿ ਸਵਾਮੀ ਵਿਰੁੱਧ ਅਪਰਾਧਿਕ ਮਾਮਲੇ ਚੱਲ ਰਹੇ ਹਨ, ਜਿਸ 'ਚ ਚੋਰੀ, ਮਹਿਲਾਵਾਂ ਨਾਲ ਅਸ਼ਲੀਲ ਤਸਵੀਰਾਂ, ਟਾਂਡਾ ਅਤੇ ਆਰਮਜ਼ ਐਕਟ ਤਹਿਤ ਮਾਮਲੇ ਸ਼ਾਮਲ ਹਨ। ਬਾਬੇ ਦੀਆਂ ਕਾਲੀਆਂ ਕਰਤੂਤਾਂ ਦੇ ਮਾਮਲੇ ਸਾਲਾਂ ਪੁਰਾਣੇ ਹਨ। ਨਵੰਬਰ 2008 'ਚ ਸਵਾਮੀ ਦੇ ਭਰਾ ਨੇ ਦੋਸ਼ ਲਾਇਆ ਸੀ ਕਿ ਸਵਾਮੀ ਨੇ ਉਸ ਦੀ ਸਾਈਕਲਾਂ ਦੀ ਦੁਕਾਨ ਲੁੱਟ ਲਈ ਸੀ। ਦੁਕਾਨ 'ਚ ਚੋਰੀ ਕਰਦੇ ਸਵਾਮੀ ਨੂੰ ਉਸ ਦੇ ਪੁੱਤਰਾਂ ਨੇ ਅੱੱਖੀਂ ਦੇਖਿਆ ਸੀ।