ਰੇਲ ਹਾਦਸੇ 'ਚ ਜ਼ਖਮੀ ਹੋਏ ਵਿਅਕਤੀਆਂ ਨੂੰ ਸਹਾਇਤਾ 'ਚ ਮਿਲੇ ਪੁਰਾਣੇ ਨੋਟ


ਕਾਨ੍ਹਪੁਰ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ ਨੂੰ ਕੀਤੇ ਨੋਟਬੰਦੀ ਦੇ ਐਲਾਨ ਤੋਂ ਕਾਲਾ ਧਨ ਰੱਖਣ ਵਾਲੇ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਕਾਲੇ ਧਨ ਨੂੰ ਬਿੱਲੇ ਲਗਾਉਣ 'ਚ ਲੱਗੇ ਹੋਏ ਹਨ। ਕੋਈ ਨੋਟ ਗੰਗਾ 'ਚ ਸੁੱਟ ਰਿਹਾ ਤੇ ਕੋਈ ਅੱਗ ਲਗਾ ਰਿਹਾ। ਇੱਥੇ ਹੀ ਬੱਸ ਨਹੀਂ ਕੁਝ ਲੋਕ ਜਨਧਨ ਵਰਗੀਆਂ ਯੋਜਨਾਵਾਂ ਰਾਹੀਂ ਵੀ ਆਪਣੇ ਕਾਲੇ ਧਨ ਨੂੰ ਸਫੇਦ ਧਨ ਬਣਾ ਰਹੇ ਹਨ। ਕਾਨ੍ਹਪੁਰ 'ਚ ਇੰਦੌਰ-ਪਟਨਾ ਰੇਲ ਹਾਦਸਾ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਹਸਪਤਾਲ 'ਚ ਕੁੱਝ ਮੁਸਾਫਰਾਂ ਨੇ ਰਹੱਸਮਈ ਤਰੀਕੇ ਨਾਲ ਬੰਦ ਹੋ ਚੁੱਕੇ ਨੋਟ ਥਮਾਏ ਜਾ ਰਹੇ ਹਨ। ਦਿੱਤੇ ਜਾ ਰਹੇ ਕੇਸ 'ਚ ਜ਼ਿਆਦਾ ਤੌਰ 'ਤੇ ਬੰਦ ਹੋ ਚੁੱਕੇ 500 ਦੇ ਨੋਟ ਹਨ।
ਇਸ ਘਟਨਾਕ੍ਰਮ ਤੋਂ ਹੈਰਾਨ ਹੋਏ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕਰਨ ਦਾ ਵਾਅਦਾ ਕੀਤਾ ਹੈ। ਕਾਨ੍ਹਪੁਰ ਜ਼ੋਨ ਦੇ ਕਮਿਸ਼ਨਰ ਇਫਤਖਾਰੂਦੀਨ ਨੇ ਕਿਹਾ ਹੈ ਕਿ ਉਹ ਕਾਨ੍ਹਪੁਰ ਦੇਹਾਤ ਜ਼ਿਲ੍ਹੇ ਦੇ ਹਸਪਤਾਲ ਦੇ ਮੁੱਖ ਚਕਿਤਸਾ ਅਧਿਕਾਰੀ ਤੋਂ ਮਾਮਲੇ ਦੀ ਜਾਂਚ ਕਰਾਉਣਗੇ, ਜਿੱਥੇ ਇਹ ਮਾਮਲੇ ਸਾਹਮਣੇ ਆਏ ਹਨ।
ਇੱਕ ਜ਼ਖਮੀ ਦੇ ਰਿਸ਼ਤੇਦਾਰ ਨੇ ਦਾਅਵਾ ਕੀਤਾ ਹੈ ਕਿ ਜਿਸ ਵਿਅਕਤੀ ਨੇ ਇਹ ਪੈਸੇ ਦਿੱਤੇ ਸੀ, ਉਸ ਨੇ ਕਿਹਾ ਸੀ ਕਿ ਇਹ ਰੇਲਵੇ ਨੇ ਉਸ ਨੂੰ ਦਿੱਤੇ ਸੀ। ਹਾਲੇ ਕਿ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਪੈਸਾ ਸੱਚੀਂ ਰੇਲਵੇ ਨੇ ਹੀ ਭੇਜਿਆ ਸੀ।
ਇਸ ਘਟਨਾਕ੍ਰਮ 'ਤ ਟਿੱਪਣੀ ਕਰਦਿਆਂ ਭਾਜਪਾ ਨੇਤਾ ਆਰ ਪੀ ਸਿੰਘ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਇਹ ਪੈਸੇ ਕਿਸ ਨੇ ਵੰਡੇ ਹਨ। ਰੇਲ ਮੰਤਰੀ ਨੂੰ ਜਾਣਕਾਰੀ ਦਿੱੱਤੀ ਹੈ ਉਹ ਆਪ ਮਾਮਲੇ ਨੂੰ ਵੇਖਣਗੇ। ਨੇਤਾ ਨੇ ਅੱਗੇ ਕਿਹਾ ਕਿ ਇਹ ਮਾਮਲਾ ਬਹੁਤ ਦੁੱਖਦਾਇਕ ਹੈ।
ਜੇ ਰੇਲਵੇ ਅਧਿਕਾਰੀਆਂ ਨੇ ਇਹ ਕੀਤਾ ਹੈ ਤਾਂ ਬਹੁਤ ਨਿਰਾਸ਼ਾਜਨਕ ਹੈ। ਪਰ ਜੇ ਇਸ 'ਚ ਕੋਈ ਰਾਜਨੀਤਕ ਵਿਅਕਤੀ ਸ਼ਾਮਲ ਹੈ ਤਾਂ ਇਹ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਹੈ, ਕਿਉਂਕਿ ਇਸ ਨਾਲ ਜ਼ਖਮੀਆਂ ਦੇ ਜ਼ਖਮਾਂ 'ਤੇ ਲੂਣ ਪਾਉਣ ਵਾਲੀ ਗੱਲ ਹੈ।