Latest News

ਨੋਟਬੰਦੀ ਨੇ ਲਈਆਂ ਦੋ ਜਾਨਾਂ; ਧੀਆਂ ਦੇ ਵਿਆਹ ਕਾਰਨ ਪਰੇਸ਼ਾਨ ਸਨ ਦੋਵੇਂ ਵਿਅਕਤੀ

Published on 24 Nov, 2016 11:17 AM.

ਅੰਮ੍ਰਿਤਸਰ, (ਜਸਬੀਰ ਸਿੰਘ)
'ਨੋਟਬੰਦੀ ਨੇ ਨਿਗਲ ਲਈ ਜ਼ਿੰਦਗੀ।' ਇਹ ਖਬਰ ਅੰਮ੍ਰਿਤਸਰ ਦੇ ਪਿੰਡ ਮੱਜੂਪੁਰਾ ਤੋਂ ਹੈ, ਜਿੱਥੇ ਧੀ ਦੇ ਵਿਆਹ ਲਈ ਬੈਂਕ ਤੋਂ ਪੈਸੇ ਨਾ ਮਿਲਣ ਕਾਰਨ ਪ੍ਰੇਸ਼ਾਨ ਹੋਏ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਧੀ ਦਾ ਵਿਆਹ 5 ਦਸੰਬਰ ਨੂੰ ਹੋਣਾ ਸੀ। ਇਸ ਖਬਰ ਨੇ ਪਰਵਾਰ ਦੇ ਨਾਲ ਪੂਰੇ ਪਿੰਡ 'ਚ ਉਦਾਸੀ ਫੈਲਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਰਵਿੰਦਰ ਸਿੰਘ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ 5 ਦਸੰਬਰ ਦੇ ਦਿਨ ਹੋਣਾ ਸੀ। ਧੀ ਦੇ ਵਿਆਹ ਲਈ ਲੰਮੇ ਸਮੇਂ ਤੋਂ ਪੈਸੇ ਦੀ ਬਚਤ ਕਰ ਬੈਂਕ 'ਚ ਜਮ੍ਹਾਂ ਕੀਤੇ ਸਨ, ਪਰ ਨੋਟਬੰਦੀ ਦੇ ਚਲਦੇ ਬੈਂਕ ਤੋਂ ਆਪਣੇ ਹੀ ਪੈਸੇ ਲੈਣੇ ਮੁਸ਼ਕਲ ਹੋ ਗਏ। ਵਿਆਹ ਲਈ ਖਰੀਦਦਾਰੀ ਕਰਨ ਤੇ ਹੋਰ ਪ੍ਰਬੰਧਾਂ ਲਈ ਕਿਸਾਨ ਕੋਲ ਪੈਸਾ ਨਹੀਂ ਸੀ। ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਬੈਂਕ ਤੋਂ ਨਵੇਂ ਨੋਟ ਨਹੀਂ ਮਿਲ ਰਹੇ ਸਨ। ਅਜਿਹੇ 'ਚ ਵਿਆਹ ਦਾ ਦਿਨ ਨੇੜੇ ਆਉਂਦੇ ਦੇਖ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ। ਰਵਿੰਦਰ ਪੈਸੇ ਇਕੱਠੇ ਕਰਨ ਲਈ ਲਗਾਤਾਰ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਦੇ ਚੱਕਰ ਲਗਾ ਰਿਹਾ ਸੀ, ਪਰ ਹਰ ਵਾਰ ਬੈਂਕ ਤੋਂ ਇਹੀ ਜਵਾਬ ਮਿਲਦਾ ਕਿ ਕੈਸ਼ ਨਹੀਂ ਹੈ। ਪ੍ਰੇਸ਼ਾਨੀ ਲਗਾਤਾਰ ਵਧਦੀ ਜਾ ਰਹੀ ਸੀ। ਕੱਲ੍ਹ ਰਵਿੰਦਰ ਬੈਂਕ ਤੋਂ ਵਾਪਸ ਆਇਆ ਤੇ ਖੇਤ ਕਣਕ ਦੀ ਬਿਜਾਈ ਲਈ ਚਲਾ ਗਿਆ। ਕਾਫੀ ਦੇਰ ਬਾਅਦ ਵੀ ਜਦ ਉਹ ਘਰ ਨਾ ਪਰਤਿਆ ਤਾਂ ਖੇਤ ਜਾ ਕੇ ਦੇਖਣ 'ਤੇ ਉਸ ਦੀ ਲਾਸ਼ ਮਿਲੀ। ਪਰਵਾਰ ਦੇ ਮੁਖੀ ਤੇ ਵਿਆਹ ਵਾਲੀ ਧੀ ਦੇ ਪਿਤਾ ਦੀ ਮੌਤ ਨੇ ਘਰ 'ਚ ਖੁਸ਼ੀਆਂ ਦੇ ਮਾਹੌਲ ਨੂੰ ਮਾਤਮ 'ਚ ਬਦਲ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਨੂੜ (ਗੁਰਮੀਤ ਸਿੰਘ)-ਬਨੂੜ ਨੇੜਲੇ ਪਿੰਡ ਰਾਮਪੁਰ ਖੁਰਦ ਦੇ 45 ਸਾਲਾ ਕਿਸਾਨ ਜਸਵੀਰ ਸਿੰਘ ਪੁੱਤਰ ਕਰਨੈਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਧੀ ਦਾ ਵਿਆਹ ਸੀ, ਜੋ ਕਿ ਨੋਟਬੰਦੀ ਹੋਣ ਕਾਰਨ ਬੈਂਕਾਂ ਵਿੱਚੋਂ ਪੈਸੇ ਨਾ ਨਿਕਲਣ ਕਰਕੇ ਪਰੇਸ਼ਾਨ ਸੀ, ਕਿਉਂਕਿ ਵਿਆਹ ਦੇ ਪ੍ਰਬੰਧਾਂ ਲਈ ਉਸ ਕੋਲ ਨਵੇਂ ਨੋਟ ਨਹੀਂ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਜਸਵੀਰ ਸਿੰਘ ਦੇ ਚਾਚਾ ਤੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਨੋਟਬੰਦੀ ਕਾਰਨ ਬਹੁਤ ਪਰੇਸ਼ਾਨ ਸੀ, ਕਿਉਂਕਿ ਬੈਂਕ ਵਿੱਚ ਵਾਰ-ਵਾਰ ਚੱਕਰ ਮਾਰਨ ਦੇ ਬਾਵਜੂਦ ਉਸ ਨੂੰ ਪੈਸੇ ਨਹੀਂ ਮਿਲ ਰਹੇ ਸਨ, ਜਿਸ ਤੋਂ ਉਹ ਕਈ ਦਿਨਾਂ ਤੋਂ ਬਹੁਤ ਪਰੇਸ਼ਾਨ ਸੀ, ਜਿਸ ਕਾਰਨ ਸਵੇਰੇ ਉਸ ਦੀ ਛਾਤੀ ਵਿੱਚ ਅਚਾਨਕ ਤੇਜ਼ ਦਰਦ ਹੋਇਆ ਤੇ ਉਸ ਨੂੰ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਲੈ ਕੇ ਗਏ, ਉੱਥੇ ਜਾਦਿਆਂ ਹੀ ਉਸ ਦੀ ਮੌਤ ਹੋ ਗਈ। ਉਨ੍ਹਾ ਦੱਸਿਆ ਕਿ ਉਸ ਦੇ ਭਤੀਜੇ ਦੀ ਲੜਕੀ ਦਾ 27 ਦਸੰਬਰ ਨੂੰ ਵਿਆਹ ਰੱਖਿਆ ਹੋਇਆ ਸੀ। ਉਸ ਵਿਆਹ ਦੇ ਪ੍ਰਬੰਧ ਲਈ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ। ਪ੍ਰੰਤੂ ਉਹ ਰਾਜਪੁਰਾ, ਬਨੂੜ, ਜਾਸਲਾ ਬੈਂਕਾਂ ਦੀਆਂ ਬ੍ਰਾਂਚਾਂ ਵਿੱਚ ਚੱਕਰ ਮਾਰ ਕੇ ਥੱਕ ਗਿਆ ਸੀ, ਪਰੰਤੂ ਉਸ ਨੂੰ ਵਿਆਹ ਲਈ ਸਰਕਾਰ ਵੱਲੋਂ ਖਾਤਿਆਂ ਵਿੱਚੋਂ ਢਾਈ ਲੱਖ ਰੁਪਏ ਦੀ ਰਾਸ਼ੀ ਵੀ ਨਹੀਂ ਮਿਲ ਰਹੀ ਸੀ, ਕਿਉਂਕਿ ਇਸ ਰਕਮ ਨੂੰ ਦੇਣ ਲਈ ਸ਼ਰਤਾਂ ਹੀ ਬਹੁਤ ਲਗਾਈਆਂ ਗਈਆਂ ਹਨ, ਜਿਸ ਕਾਰਨ ਉਹ ਦੁਖੀ ਸੀ ਤੇ ਉਹ ਨੋਟਬੰਦੀ ਕਾਰਨ ਆਪਣੀ ਕੀਮਤੀ ਜਾਨ ਗੁਆ ਬੈਠਾ। ਸਰਪੰਚ ਗੁਰਵਿੰਦਰ ਸਿੰਘ ਤੇ ਪਿੰਡ ਦੇ ਹੀ ਸਾਬਕਾ ਸਰਪੰਚ ਅਵਤਾਰ ਸਿੰਘ ਪ੍ਰਧਾਨ ਜੱਟ ਮਹਾਂ ਸਭਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਵਾਰ ਨੂੰ ਯੋਗ ਮੁਆਵਜ਼ਾ ਤੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

424 Views

e-Paper