ਮੋਦੀ ਦੇ ਸਰਵੇ 'ਚ ਨੋਟਬੰਦੀ ਨੂੰ 90 ਫੀਸਦੀ ਲੋਕਾਂ ਦੇ ਸਮੱਰਥਨ ਦਾ ਦਾਅਵਾ


ਨਵੀਂ ਦਿੱਲੀ (ਨ ਜ਼ ਸ)-ਦੇਸ਼ ਦੇ 90 ਫੀਸਦੀ ਲੋਕਾਂ ਨੇ ਸਰਕਾਰ ਦੇ 500 ਅਤੇ 1000 ਹਜ਼ਾਰ ਦੇ ਨੋਟ ਬੰਦ ਕਰਨ ਦੇ ਫੈਸਲੇ ਦਾ ਸਮੱਰਥਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ ਨੋਟਬੰਦੀ ਦੇ ਫੈਸਲੇ 'ਤੇ ਨਰਿੰਦਰ ਮੋਦੀ ਐਪ ਰਾਹੀਂ ਦੇਸ਼ ਵਾਸੀਆਂ ਦੀ ਰਾਇ ਮੰਗੀ ਸੀ। ਇੱਕ ਸਰਵੇ ਅਨੁਸਾਰ 90 ਫੀਸਦੀ ਲੋਕਾਂ ਦੀ ਰਾਇ ਹੈ ਕਿ ਨੋਟਬੰਦੀ ਦੇ ਫੈਸਲੇ ਨਾਲ ਕਾਲਾ ਧਨ, ਭ੍ਰਿਸ਼ਟਾਚਾਰ ਅਤੇ ਅੱਤਵਾਦ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ। 99 ਫੀਸਦ ਲੋਕਾਂ ਦੀ ਰਾਇ ਹੈ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਲੜਾਈ ਲੜੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਬੁਰਾਈਆਂ ਦਾ ਖਾਤਮਾ ਹੋਣਾ ਚਾਹੀਦਾ ਹੈ। 90 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਸਰਕਾਰ ਦਾ ਕਾਲੇ ਧਨ ਨੂੰ ਨਕੇਲ ਪਾਉਣ ਦਾ ਤਰੀਕਾ ਸ਼ਾਨਦਾਰ ਹੈ, ਜਦ ਕਿ 92 ਫੀਸਦੀ ਲਕਾਂ ਦੀ ਰਾਇ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਕੀਤੇ ਜਾ ਰਹੇ ਯਤਨ ਕਾਫੀ ਚੰਗੇ ਹਨ। ਸਰਵੇ ਮੁਤਾਬਕ 98 ਫੀਸਦੀ ਲੋਕਾਂ ਨੇ ਮੰਨਿਆ ਹੈ ਕਿ ਦੇਸ਼ ਵਿੱਚ ਕਾਲਾ ਧਨ ਮੌਜੂਦ ਹੈ। ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਇਤਿਹਾਸਕ ਸਰਵੇ ਵਿੱਚ ਹਿੱਸਾ ਲੈਣ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ। ਇਸ ਸਰਵੇ ਵਿੱਚ ਦੇਸ਼ ਦੇ ਕਈ ਪੰਜ ਲੱਖ ਲੋਕਾਂ ਨੇ ਹਿੱਸਾ ਲਿਆ। ਦੇਸ਼ਵਾਸੀਆਂ ਨੇ ਕੋਈ 30 ਘੰਟਿਆਂ ਵਿੱਚ ਪ੍ਰਧਾਨ ਮਤੰਰੀ ਨਰਿੰਦਰ ਮੋਦੀ ਵੱਲੋਂ ਰੱਖੇ ਗਏ 10 ਸਵਾਲਾਂ ਬਾਰੇ ਆਪਣੀ ਰਾਇ ਦਿੱਤੀ।