25 ਲੱਖ ਨੌਜੁਆਨਾਂ ਨੂੰ ਨੌਕਰੀਆਂ ਦੇਵਾਂਗੇ : ਕੇਜਰੀਵਾਲ

ਸਮਾਣਾ (ਜੌਹਰੀ ਮਿੱਤਲ/ਇਕਬਾਲ ਸਿੰਘ/ਵਿਜੇ ਬੱਤਰਾ)
ਸਥਾਨਕ ਅਨਾਜ ਮੰਡੀ ਵਿੱਖੇ ਆਮ ਆਦਮੀ ਪਾਰਟੀ ਵੱਲੋਂ ਸਮਾਣਾ ਤੇ ਨਾਭਾ ਵਿਧਾਨ ਸਭਾ ਹਲਕਿਆਂ ਦੀ ਰੈਲੀ ਕੀਤੀ ਗਈ, ਜਿਸ ਨੂੰ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਤੋਂ ਪੂਰੀ ਤਰ੍ਹਾਂ ਤੰਗ ਹਨ, ਕਿਉਂਕਿ ਇਸ ਸਮੇਂ ਪੰਜਾਬ ਦੇ ਲੋਕ ਬੇਹੱਦ ਮਾੜੇ ਦੌਰ ਵਿੱਚੋਂ ਦੀ ਲੰਘ ਰਹੇ ਹਨ ਅਤੇ ਪੰਜਾਬ ਦੀ ਕਿਸਾਨੀ ਦੀ ਗੱਲ ਕਰਨ ਵਾਲੀ ਸਰਕਾਰ ਦੇ ਰਾਜ ਵਿੱਚ ਕਿਸਾਨ ਅਤੇ ਮਜ਼ਦੂਰ ਵਰਗ ਮਹਿੰਗਾਈ ਦੇ ਚੱਲਦਿਆਂ ਬੁਰੀ ਤਰ੍ਹਾਂ ਪਿਸ ਰਹੇ ਹਨ। ਉਹਨਾ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਨਸ਼ੇ ਦਾ ਵੱਡਾ ਦਰਿਆ ਵਗ ਰਿਹਾ ਹੈ, ਜਿਸ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੋਸ਼ੀ ਹਨ। ਉਨ੍ਹਾ ਕਿਹਾ ਕਿ ਦਸ ਸਾਲਾਂ ਵਿੱਚ ਪੰਜਾਬ ਦੇ ਲੋਕ ਨਸ਼ਿਆਂ ਵਿੱਚ ਇੰਨਾ ਗ੍ਰਸਤ ਹੋ ਚੁੱਕੇ ਹਨ, ਜਿਸ ਕਾਰਨ ਆਏ ਦਿਨ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਉਹਨਾ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀਆਂ ਚਾਲਾਂ ਸਮਝ ਲੈਣੀਆਂ ਚਾਹੀਦੀਆਂ ਹਨ ਅਤੇ 2017 ਦੀਆਂÎ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਹਨਾ ਨੂੰ ਚਲਦਾ ਕਰਨ। ਉਹਨਾ ਆਪਣੇ ਭਾਸ਼ਣ ਵਿੱਚ ਕਿਹਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਦਿੱਲੀ ਦੀ ਤਰਜ਼ 'ਤੇ ਪੰਜਾਬ ਦਾ ਸਿਰ ਤੋੜ ਵਿਕਾਸ ਕਰਨਗੇ, ਜਿਸ ਵਿੱਚ ਮੁੱਖ ਤੌਰ 'ਤੇ ਸਭ ਤੋਂ ਪਹਿਲਾਂ ਭਰਿਸ਼ਟਾਚਾਰ ਦਾ ਖਾਤਮਾ, ਨਸ਼ੇ ਦਾ ਖਾਤਮਾ ਅਤੇ ਹਸਪਤਾਲ ਤੋਂ ਇਲਾਵਾ ਹੋਰ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਹਨਾ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਹਰ ਵਾਰ ਗੰਢ-ਤੁਪ ਕਰਕੇ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ਦੇ ਲੋਕਾਂ 'ਤੇ ਰਾਜ ਕੀਤਾ ਹੈ। ਉਨ੍ਹਾ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹ,ੈ ਜੋ ਆਮ ਲੋਕਾਂ ਦੇ ਭਲੇ ਦੀ ਗੱਲ ਕਰਦੀ ਹੈ। ਉਨ੍ਹਾ ਆਪਣੇ ਭਾਸ਼ਣ 'ਚ ਕਿਹਾ ਕਿ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਖਿਲਾਫ ਇਹ ਕੂੜ ਪਰਚਾਰ ਕਰ ਰਹੀਆਂ ਹਨ ਕਿ ਪੰਜਾਬ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾ ਪੰਜਾਬ ਦਾ ਵਿਨਾਸ਼ ਹੋ ਜਾਵੇਗਾ। ਉਨ੍ਹਾ ਇਹ ਵੀ ਕਿਹਾ ਕਿ ਅਕਾਲੀ ਦੱਸਣ ਕਿ ਉਹਨਾ ਹੁਣ ਤੱਕ ਕੇਂਦਰ ਤੋਂ ਪੰਜਾਬ ਦੇ ਲੋਕਾਂ ਲਈ ਕਿਹੜਾ ਵੱਡਾ ਪੈਕੇਜ ਲਿਆ ਹੈ। ਉਨ੍ਹਾ ਕਿਹਾ ਕਿ ਸਰਕਾਰ ਬਣਨ 'ਤੇ ਪੰਜਾਬ ਦੇ 25 ਲੱਖ ਨੌਜੁਆਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਐਮ.ਪੀ.ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਇਹਨਾ ਪਾਰਟੀਆਂ ਨੂੰ ਚੱਲਦਾ ਕਰਨ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਦਾ ਸਰਵਪੱਖੀ ਵਿਕਾਸ ਹੋ ਸਕੇ। ਅੱਜ ਦੀ ਇਸ ਰੈਲੀ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਟੇਜ 'ਤੇ ਬੋਲ ਰਹੇ ਬੁਲਾਰਿਆਂ 'ਚੋਂ ਕਿਸੇ ਵੀ ਆਗੂ ਨੇ ਸਿਵਾਏ ਬਾਦਲਕਿਆਂ ਅਤੇ ਮਹਾਰਾਜਿਆਂÎ ਨੂੰ ਲਲਕਾਰਣ ਤੋ ਬਿਨਾ ਐਸ.ਵਾਈ.ਐਲ. ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਅਤੇ ਰੈਲੀ ਤੋਂ ਪਹਿਲਾਂ ਲੋਕ ਸਭਾ ਹਲਕਾ ਪਟਿਆਲਾ ਦੇ ਤਕਰੀਬਨ ਸਾਰਿਆਂ ਹਲਕਿਆਂ 'ਚੋਂ ਆਮ ਆਦਮੀ ਪਾਰਟੀ ਦੀ ਟਿਕਟ ਦੀ ਵੰਡ ਨੂੰ ਲੈ ਕੇ ਵਿਰੋਧ ਵਿੱਚ ਆਗੁਆਂ ਨੇ ਸਖਤ ਰੂਪ ਵਿੱਚ ਵਿਰੋਧ ਕੀਤਾ। ਇਸ ਮੌਕੇ ਸਮਾਣਾ ਹਲਕੇ ਤੋਂ ਪਾਰਟੀ ਉਮੀਦਵਾਰ ਜਗਤਾਰ ਸਿੰਘ ਰਾਜਲਾ, ਪਲਵਿੰਦਰ ਕੌਰ ਹਰਿਆਉ, ਦੇਵ ਮਾਨ ਨਾਭਾ, ਸਰਭਜੀਤ ਕੌਰ ਡੇਰਾਬੱਸੀ ਅਤੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਪਟਿਆਲਾ ਤੋਂ ਡਾ: ਬਲਬੀਰ ਸਿੰਘ ਉਮੀਦਵਾਰ, ਸਿਕੰਦਰ ਸਿੰਘ, ਹਰਮੇਸ਼ ਆਲਮਪੁਰ ਆਦਿ ਹਾਜ਼ਰ ਸਨ।