Latest News

ਆਪੋਜੀਸ਼ਨ ਇੱਕਮੁੱਠ, ਨਹੀਂ ਚੱਲੀ ਸੰਸਦ

Published on 24 Nov, 2016 11:32 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ ਦੇ ਮੁੱਦੇ 'ਤੇ ਰਾਜ ਸਭਾ 'ਚ ਚਰਚਾ ਸ਼ੁਰੂ ਹੋ ਗਈ ਹੈ, ਜਦ ਕਿ ਰੌਲੇ-ਰੱਪੇ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਵਿੱਚ ਮੌਜੂਦ ਸਨ। ਬਹਿਸ ਦੀ ਸ਼ੁਰੂਆਤ ਕਰਦਿਆਂ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਮੁੱਦਰੀਕਰਨ ਫੈਸਲੇ ਦਾ ਐਲਾਨ ਕਰਨ ਦੇ ਢੰਗ-ਤਰੀਕਿਆਂ ਬਾਰੇ ਸਵਾਲ ਖੜੇ ਕੀਤੇ। ਕਾਂਗਰਸ ਦੇ ਮੈਂਬਰ ਡਾਕਟਰ ਮਨਮੋਹਨ ਸਿੰਘ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਤਿਆਰੀ ਦੇ ਨੋਟਬੰਦੀ ਦਾ ਫੈਸਲਾ ਲੈ ਲਿਆ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਕਾਂਗਰਸ ਨੋਟਬੰਦੀ ਦੇ ਵਿਰੁੱਧ ਨਹੀਂ ਹੈ, ਪਰ ਇਹ ਕੰਮ ਕਾਇਦੇ-ਕਾਨੂੰਨ ਤਹਿਤ ਹੋਣਾ ਚਾਹੀਦਾ ਸੀ।
ਇਸ ਤੋਂ ਪਹਿਲਾਂ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਆਪਣੀਆਂ ਸੀਟਾਂ ਤੋਂ ਉੱਠ ਖੜੋਏ ਅਤੇ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਅਰੇ ਮਾਰਦੇ ਹੋਏ ਮੈਂਬਰ ਸਭਾਪਤੀ ਦੇ ਆਸਣ ਦੇ ਸਾਹਮਣੇ ਆ ਗਏ। ਰਾਜ ਸਭਾ ਦੇ ਉੱਪ ਸਭਾ ਪਤੀ ਪੀ ਜੇ ਕੁਰੀਅਨ ਨੇ ਨਰਾਜ਼ ਮੈਂਬਰਾਂ ਨੂੰ ਸੀਟਾਂ 'ਤੇ ਬੈਠਣ ਅਤੇ ਸ਼ਾਂਤ ਰਹਿਣ ਦੀਆਂ ਕਈ ਵਾਰ ਅਪੀਲਾਂ ਕੀਤੀਆਂ, ਪਰ ਇਸ ਦੇ ਬਾਵਜੂਦ ਰੌਲਾ-ਰੱਪਾ ਜਾਰੀ ਰਿਹਾ। ਉਪ ਸਭਾਪਤੀ ਨੂੰ ਹੰਗਾਮਿਆਂ ਕਾਰਨ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨੀ ਪਈ ਸੀ। ਰੌਲੇ-ਰੱਪੇ ਦੌਰਾਨ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਵਿਮੁੱਦਰੀਕਰਨ ਦੇ ਮੁੱਦੇ 'ਤੇ ਬਹਿਸ ਕਰਨ ਲਈ ਤਿਆਰ ਹੈ, ਜਦ ਕਿ ਵਿਰੋਧੀ ਧਿਰ ਬਹਿਸ ਤੋਂ ਭੱਜਣ ਲਈ ਬਹਾਨੇ ਲੱਭ ਰਹੀ ਹੈ।
ਉਨ੍ਹਾ ਕਿਹਾ ਕਿ ਵਿਰੋਧੀ ਧਿਰ ਨੂੰ ਸਦਨ ਵਿੱਚ ਬਹਿਸ ਵਿੱਚ ਘੱਟੋ-ਘੱਟ ਹਿੱਸਾ ਲੈਣਾ ਚਾਹੀਦਾ ਹੈ ਅਤੇ ਇਸ ਮੁੱਦੇ 'ਤੇ ਆਪਣੀ ਗੱਲ ਰੱਖਣੀ ਚਾਹੀਦੀ ਹੈ।
ਰੌਲੇ-ਰੱਪੇ ਕਾਰਨ ਸਭਾਪਤੀ ਨੇ ਰਾਜ ਸਭਾ ਦੀ ਕਾਰਵਾਈ ਪਹਿਲਾਂ 12 ਵਜੇ ਤੱਕ, ਫੇਰ 2 ਵਜੇ ਤੱਕ ਅਤੇ ਅਖੀਰ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਚਰਚਾ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੋਟਬੰਦੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਵਿਸ ਬੈਂਕਾਂ 'ਚ ਕਾਲਾ ਧਨ ਵਾਪਸ ਨਹੀਂ ਲਿਆ ਸਕੇ, ਪਰ ਖੂਨ-ਪਸੀਨੇ ਦੀ ਕਮਾਈ ਰੱਖਣ ਵਾਲਿਆਂ ਨੂੰ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾ ਨੇ ਮੋਦੀ ਦੀ ਤੁਲਨਾ ਹਿਟਲਰ ਨਾਲ ਕਰਦਿਆਂ ਕਿਹਾ ਕਿ ਉਹ ਹਿਲਟਰ ਤੋਂ ਵੱਧ ਜ਼ਾਲਮ ਸਾਬਤ ਹੋਏ ਹਨ ਅਤੇ ਉਹਨਾ ਨੇ ਤਬਾਹੀ ਮਚਾ ਰੱਖੀ ਹੈ। ਤ੍ਰਿਣਮੂਲ ਕਾਂਗਰਸ ਦੇ ਆਗੂ ਡੇਰੇਨ ਓ ਬ੍ਰਾਅਨ ਨੇ ਰਾਜ ਸਭਾ 'ਚ ਨੋਟਬੰਦੀ 'ਤੇ ਸਰਕਾਰ ਦੀ ਘੇਰਾਬੰਦੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਬਾਰੇ ਸਦਨ 'ਚ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਕੇਵਲ ਦੋ ਫੀਸਦੀ ਲੋਕਾਂ ਕੋਲ ਹੀ ਕਾਲਾ ਧਨ ਹੈ ਅਤੇ 98 ਫੀਸਦੀ ਲੋਕਾਂ ਨੂੰ ਬਿਨਾਂ ਵਜਾਹ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾ ਸੁਝਾਅ ਦਿੱਤਾ ਕਿ 500 ਅਤੇ 1000 ਦੇ ਪੁਰਾਣੇ ਨੋਟਾਂ ਨੂੰ ਚਲਾਉਣ ਦੀ ਸਮਾਂ ਸੀਮਾ ਵਧਾ ਦੇਣੀ ਚਾਹੀਦੀ ਹੈ।
ਉਧਰ ਵਿਰੋਧੀ ਧਿਰ ਨੇ 28 ਨਵੰਬਰ ਤੱਕ ਸਰਕਾਰ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਹੈ। ਵਿਰੋਧੀ ਪਾਰਟੀਆਂ ਨੇ ਨੋਟਬੰਦੀ ਵਿਰੁੱਧ 28 ਨਵੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੋਈ ਵਿਚਕਾਰਲਾ ਰਾਹ ਕੱਢਣ ਲਈ ਵੀਰਵਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਈ ਸੀ, ਪਰ ਵਿਰੋਧੀ ਧਿਰ ਨੇ ਸੱਦਾ ਪਰਵਾਨ ਨਹੀਂ ਕੀਤਾ ਅਤੇ ਨਾ ਹੀ ਮੀਟਿੰਗ 'ਚ ਆਈ। ਉਧਰ ਲੋਕ ਸਭਾ 'ਚ ਵੀ ਨੋਟਬੰਦੀ ਦੇ ਮਾਮਲੇ ਨੂੰ ਲੈ ਕੇ ਸਾਰਾ ਦਿਨ ਹੰਗਾਮਾ ਹੁੰਦਾ ਰਿਹਾ। ਹੰਗਾਮਿਆਂ ਕਾਰਨ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਬਾਅਦ 'ਚ ਪੂਰੇ ਦਿਨ ਲਈ ਮੁਲਤਵੀ ਕਰਨੀ ਪਈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਮੁੱਦੇ 'ਤੇ ਦਿੱਤੇ ਗਏ ਕੰਮ ਰੋਕੂ ਮਤਿਆਂ ਨੂੰ ਪ੍ਰਵਾਨ ਕੀਤਾ ਜਾਵੇ ਅਤੇ ਇਸ ਮੁੱਦੇ 'ਤੇ ਪ੍ਰਸ਼ਨ ਕਾਲ ਤੋਂ ਪਹਿਲਾਂ ਚਰਚਾ ਕਰਵਾਈ ਜਾਵੇ। ਉਨ੍ਹਾ ਇਹ ਵੀ ਮੰਗ ਕੀਤੀ ਕਿ ਚਰਚਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਦਨ 'ਚ ਹਾਜ਼ਰ ਰਹਿਣ ਅਤੇ ਨੋਟਬੰਦੀ ਦੇ ਮੁੱਦੇ 'ਤੇ ਆਪਣਾ ਪੱਖ ਰੱਖਣ। ਸਪੀਕਰ ਸੁਮਿੱਤਰਾ ਮਹਾਜਨ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਈ ਵਾਰ ਸ਼ਾਂਤ ਹੋਣ ਦੀ ਅਪੀਲ ਕੀਤੀ, ਪਰ ਜਦੋਂ ਰੌਲਾ-ਰੱਪਾ ਜਾਰੀ ਰਿਹਾ ਤਾਂ ਉਹਨਾਂ ਨੇ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤੱਕ ਅਤੇ ਬਾਅਦ ਵਿੱਚ ਪੂਰੇ ਦਿਨ ਲਈ ਮੁਲਤਵੀ ਹੋਣ ਤੋਂ ਪਹਿਲਾਂ ਕੁਝ ਮੈਂਬਰਾਂ ਨੇ ਸਪੀਕਰ ਵੱਲ ਕਾਗਜ਼ਾਤ ਸੁੱਟੇ। ਇਸ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਅਤੇ ਭਾਜਪਾ ਸਾਂਸਦ ਐੱਸ ਐੱਸ ਆਹਲੂਵਾਲੀਆ ਨੇ ਸਪੀਕਰ ਸੁਮਿੱਤਰਾ ਮਹਾਜਨ ਨਾਲ ਮੁਲਾਕਾਤ ਕੀਤੀ।
ਸਪੀਕਰ ਸੁਦੀਪ ਬੰਧੋਪਾਧਿਆਏ ਨੇ ਸੁਰੇਸ਼, ਕੇ ਐੱਨ ਰਾਮਚੰਦਰਨ, ਮੁਹੰਮਦ ਸਲੀਮ ਅਤੇ ਐੱਨ ਕੇ ਪ੍ਰੇਮਚੰਦਨ ਦੇ ਕੰਮ ਰੋਕੂ ਮਤਿਆਂ ਨੂੰ ਰੱਦ ਕਰ ਦਿੱਤਾ ਤੇ ਆਪਣੀ ਮੰਗ ਦੇ ਸਮਰੱਥਨ 'ਚ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੇ ਮੈਂਬਰ ਸਪੀਕਰ ਦੇ ਆਸਣ ਦੇ ਸਾਹਮਣੇ ਆ ਗਏ ਅਤੇ ਉਹਨਾਂ ਨੇ ਭਾਰੀ ਨਾਹਰੇਬਾਜ਼ੀ ਕੀਤੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਮੁੱਦੇ 'ਤੇ ਨਿਯਮ 193 ਤਹਿਤ ਚਰਚਾ ਕਰਾਉਣ ਦੀ ਮੰਗ ਕੀਤੀ, ਜਿਸ ਤਹਿਤ ਵੋਟਿੰਗ ਕਰਾਉਣ ਦੀ ਵਿਵਸਥਾ ਹੈ। ਸਦਨ 'ਚ ਕਾਂਗਰਸ ਦੇ ਆਗੂ ਮਲਿਕ ਅਰਜਨ ਖੜਗੇ ਨੇ ਕਿਹਾ ਕਿ ਇਹ ਇੱਕ ਅਹਿਮ ਮੁੱਦਾ ਹੈ ਅਤੇ ਇਸ ਬਾਰੇ ਕੰਮ ਰੋਕੂ ਮਤਾ ਸਵੀਕਾਰ ਕੀਤਾ ਜਾਵੇ, ਪਰ ਸਪੀਕਰ ਨੇ ਨਾਂਹ ਕਰ ਦਿੱਤੀ, ਜਿਸ ਤੋਂ ਰੌਲਾ-ਰੱਪਾ ਸ਼ੁਰੂ ਹੋ ਗਿਆ ਅਤੇ ਸਪੀਕਰ ਨੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ।

637 Views

e-Paper