ਰੌਲਾ ਪਾਉਣ ਵਾਲੇ ਉਹ ਲੋਕ ਜਿਨ੍ਹਾਂ ਨੂੰ ਤਿਆਰੀ ਕਰਨ ਦਾ ਮੌਕਾ ਨਹੀਂ ਮਿਲਿਆ; ਕਿਹਾ ਮੋਦੀ ਨੇ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਦੇਸ਼ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਇੱਕ ਵੱਡੀ ਜੰਗ ਲੜ ਰਿਹਾ ਹੈ। ਨਵੀਂ ਦਿੱਲੀ 'ਚ ਸੰਸਦ ਭਵਨ ਵਿਖੇ ਭਾਰਤੀ ਸੰਵਿਧਾਨ ਬਾਰੇ ਦੋ ਪੁਸਤਕਾਂ ਦਾ ਵਿਮੋਚਨ ਕਰਨ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਵਿਮੁੱਦਰੀਕਰਨ ਦੇ ਲਏ ਗਏ ਫੈਸਲੇ ਦੀ ਦੇਸ਼ਵਾਸੀਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਲੋਕ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਕੋਈ ਤਿਆਰੀ ਨਹੀਂ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਲੋਕਾਂ ਨੂੰ ਸੰਭਲਣ ਜਾਂ ਤਿਆਰੀ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੇ ਭਲੇ ਲਈ ਸਾਰੀਆਂ ਧਿਰਾਂ ਨੂੰ ਸਿਆਸਤ ਤੋਂ ਉੱਚਾ ਉੱਠਣ ਦਾ ਸੱਦਾ ਦਿੱਤਾ।
ਸ੍ਰੀ ਮੋਦੀ ਨੇ ਕਿਹਾ ਕਿ ਜੇ ਆਲੋਚਨਾ ਕਰਨ ਵਾਲਿਆਂ ਨੂੰ 72 ਘੰਟਿਆਂ ਦਾ ਸਮਾਂ ਵੀ ਮਿਲ ਜਾਂਦਾ ਤਾਂ ਇਹਨਾਂ ਨੇ ਪ੍ਰਧਾਨ ਮੰਤਰੀ ਦੇ ਗੁਣ ਗਾਇਨ ਕਰਨੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਹਰੇਕ ਨਾਗਰਿਕ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿਰੁੱਧ ਇੱਕ ਸਿਪਾਹੀ ਵਜੋਂ ਲੜ ਰਿਹਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਡੁੱਬ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਰਗੀਆਂ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਕਦਮ ਚੁੱਕਿਆ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਨਾਂਅ ਅਕਸਰ ਹੀ ਭ੍ਰਿਸ਼ਟ ਮੁਲਕਾਂ ਵਿੱਚ ਵੱਜਦਾ ਰਿਹਾ ਹੈ ਅਤੇ ਇਸ ਦਾਗ ਨੂੰ ਧੋਣ ਲਈ ਸਰਕਾਰ ਵੱਲੋਂ ਹਰ ਖੇਤਰ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਬਦਲ ਰਹੀ ਹੈ ਅਤੇ ਭਾਰਤ ਨੂੰ ਵੀ ਡਿਜੀਟਲ ਕਰੰਸੀ ਦੀ ਦਿਸ਼ਾ ਵਿੱਚ ਅੱਗੇ ਵਧਣਾ ਚਾਹੀਦਾ ਹੈ।
ਸੰਵਿਧਾਨ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਦੇਸ਼ ਨੂੰ ਸੰਵਿਧਾਨ ਦੇ ਕੇ ਇੱਕ ਬਹੁਤ ਹੀ ਮਹਾਨ ਕੰਮ ਕੀਤਾ। ਉਨ੍ਹਾ ਕਿਹਾ ਕਿ ਸੰਵਿਧਾਨ ਵਿੱਚ ਦਿੱਤੇ ਅਧਿਕਾਰਾਂ ਅਤੇ ਕਰਤੱਬਾਂ ਵਿੱਚ ਤਾਲਮੇਲ ਬਿਠਾਏ ਜਾਣ ਦੀ ਲੋੜ ਹੈ। ਸ੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਕਰਤੱਬ ਸਿਖਰ 'ਤੇ ਸੀ ਅਤੇ ਆਜ਼ਾਦੀ ਤੋਂ ਬਾਅਦ ਲੋਕ ਆਪਣੇ ਕਰਤੱਬਾਂ ਨੂੰ ਭੁੱਲ ਗਏ ਅਤੇ ਅਧਿਕਾਰਾਂ ਦਾ ਵਧੇਰੇ ਰੌਲਾ ਪਾਉਣ ਲੱਗ ਪਏ। ਉਨ੍ਹਾ ਕਿਹਾ ਕਿ ਸਾਲ ਵਿੱਚ ਘੱਟੋ-ਘੱਟ ਇੱਕ ਵਾਰੀ ਵਿਦਿਆਰਥੀਆਂ ਨੂੰ ਸੰਵਿਧਾਨ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਧਾਰਾਵਾਂ ਨਾਲ ਜੁੜਨ ਦੀ ਬਜਾਏ ਸੰਵਿਧਾਨ ਦੀ ਆਤਮਾ ਨਾਲ ਜੁੜਨ ਦੀ ਲੋੜ ਹੈ। ਉਨ੍ਹਾ ਕਿਹਾ ਕਿ ਕੁਝ ਚਲਾਕ ਕਿਸਮ ਦੇ ਲੋਕ ਸੰਵਿਧਾਨ ਨੂੰ ਆਧਾਰ ਬਣਾ ਕੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹਨ, ਜਿਸ ਨਾਲ ਅਰਾਜਕਤਾ ਪੈਦਾ ਹੁੰਦੀ ਹੈ। ਇਸ ਤੋਂ ਪਹਿਲਾਂ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਨੇ ਨਵੀਂ ਪੀੜ੍ਹੀ ਨੂੰ ਸੰਵਿਧਾਨ ਨਾਲ ਜੋੜਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾ ਕਿਹਾ ਕਿ ਸੰਵਿਧਾਨ ਦੇ ਵੱਖ-ਵੱਖ ਵਿਸ਼ਿਆਂ ਬਾਰੇ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਸੰਵਿਧਾਨ ਬਾਰੇ ਡੂੰਘਿਆਈ 'ਚ ਚਿੰਤਨ ਕੀਤਾ ਜਾ ਸਕੇ।