ਫੀਦਲ ਕਾਸਟਰੋ ਨਹੀਂ ਰਹੇ!


ਹਵਾਨਾ (ਨਵਾਂ ਜ਼ਮਾਨਾ ਸਰਵਿਸ)
ਵਿਸ਼ਵ ਦੇ ਮਹਾਨ ਕਮਿਊਨਿਸਟ ਆਗੂਆਂ 'ਚੋਂ ਇੱਕ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਟਰੋ ਨਹੀਂ ਰਹੇ। ਉਨ੍ਹਾ ਦੇ ਭਰਾ ਅਤੇ ਮੌਜੂਦਾ ਰਾਸ਼ਟਰਪਤੀ ਰਾਊਲ ਕਾਸਟਰੋ ਨੇ ਟੈਲੀਵਿਜ਼ਨ ਜਰੀਏ ਇਸ ਦਾ ਐਲਾਨ ਕੀਤਾ।
ਕਿਊਬਾ ਦੇ ਸਮਾਜਵਾਦੀ ਇਨਕਲਾਬ ਦੇ ਪਿਤਾਮਾ ਫੀਦਲ ਕਾਸਟਰੋ ਨੇ 2008 'ਚ ਬਿਮਾਰੀ ਦੀ ਵਜ੍ਹਾ ਕਾਰਨ ਰਾਸ਼ਟਰਪਤੀ ਦਾ ਅਹੁਦਾ ਤਿਆਗ ਦਿੱਤਾ ਸੀ। ਉਨ੍ਹਾ ਤੋਂ ਬਾਅਦ ਕਿਊਬਾ ਦੀ ਕਮਿਊਨਿਸਟ ਪਾਰਟੀ ਨੇ ਰਾਊਲ ਕਾਸਟਰੋ ਨੂੰ ਰਾਸ਼ਟਰਪਤੀ ਬਣਾਇਆ ਸੀ। ਫੀਦਲ ਕਾਸਟਰੋ ਨੇ ਮਹਾਨ ਕਮਿਊਨਿਸਟ ਸ਼ਹੀਦ ਚੇ ਗਵੇਰਾ ਦੇ ਸਹਿਯੋਗ ਨਾਲ 1959 'ਚ ਕਿਊਬਾ ਦੇ ਤਾਨਾਸ਼ਾਹ ਫੁੱਲਖੇਂਸ਼ਿਓ ਬਤਿਸਤਾ ਵਿਰੁੱਧ ਗੁਰੀਲਾ ਜੰਗ ਲੜਦਿਆਂ ਇਨਕਲਾਬ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਿਆ ਅਤੇ ਅਮਰੀਕੀ ਸਾਮਰਾਜ ਦੀਆਂ ਜੜ੍ਹਾਂ 'ਚ ਇੱਕ ਸਮਾਜਵਾਦੀ ਪ੍ਰਬੰਧ ਕਾਇਮ ਕਰਕੇ ਸਮੁੱਚੇ ਵਿਸ਼ਵ 'ਚ ਤਰਥੱਲੀ ਮਚਾ ਦਿੱਤੀ ਸੀ।
13 ਅਗਸਤ 1926 ਨੂੰ ਜਨਮੇ ਫੀਦਲ ਇੱਕ ਅਮੀਰ ਸਪੇਨੀ ਪ੍ਰਵਾਸੀ ਜ਼ਿੰਮੀਦਾਰ ਦੇ ਪੁੱਤਰ ਸਨ ਅਤੇ ਉਨ੍ਹਾ ਦੀ ਮਾਂ ਕਿਊਬਾ ਦੀ ਨਾਗਰਿਕ ਸੀ। ਬਚਪਨ ਤੋਂ ਹੀ ਕਾਸਟਰੋ ਚੀਜ਼ਾਂ ਨੂੰ ਬਹੁਤ ਤੇਜ਼ੀ ਨਾਲ ਸਿੱਖਣ ਲਈ ਜਾਣੇ ਜਾਂਦੇ ਸਨ। ਉਹ ਬੇਸਬਾਲ ਖੇਡ ਦੇ ਪ੍ਰਸੰਸਕ ਸਨ, ਪਰ ਉਨ੍ਹਾ ਖੇਡ ਦੀ ਥਾਂ ਰਾਜਨੀਤੀ 'ਚ ਪੈਰ ਰੱਖਿਆ। ਉਨ੍ਹਾ ਬਤਿਸਤਾ ਦੀ ਅਮਰੀਕਾ ਸਮੱਰਥਤ ਸਰਕਾਰ ਵਿਰੁੱਧ ਗੁਰੀਲਾ ਸੰਗਠਨ ਬਣਾਇਆ। ਬਤਿਸਤਾ ਨੇ 1952 ਦੇ ਰਾਜ ਪਲਟੇ ਬਾਅਦ ਸੱਤਾ 'ਤੇ ਕਬਜ਼ਾ ਕੀਤਾ ਸੀ।
ਬਤਿਸਤਾ ਦੇ ਵਿਰੋਧ ਕਾਰਨ ਨੌਜਵਾਨ ਫੀਦਲ ਨੂੰ ਦੋ ਸਾਲ ਜੇਲ੍ਹ 'ਚ ਰਹਿਣਾ ਪਿਆ ਅਤੇ ਉਸ ਤੋਂ ਬਾਅਦ ਉਹ ਜਲਾਵਤਨੀ 'ਚ ਚਲੇ ਗਏ, ਜਿੱਥੇ ਉਨ੍ਹਾ ਬਗਾਵਤ ਦੇ ਬੀਜ ਬੀਜੇ। ਬਤਿਸਤਾ ਨੇ ਸਮਾਜਵਾਦੀ ਸੰਗਠਨਾਂ 'ਤੇ ਜ਼ਬਰ ਦਾ ਦੌਰ ਸ਼ੁਰੂ ਕੀਤਾ। ਇਹ ਸਥਿਤੀ ਕਾਸਟਰੋ ਦੀਆਂ ਬੁਨਿਆਦੀ ਰਾਜਨੀਤਕ ਮਾਨਤਾਵਾਂ ਦੇ ਬਿਲਕੁੱਲ ਉਲਟ ਸੀ, ਜਿਸ ਨੂੰ ਚੁਣੌਤੀ ਦੇਣ ਲਈ ਉਨ੍ਹਾ ਇੱਕ 'ਦਿ ਮੂਵਮੈਂਟ' ਨਾਂਅ ਦੀ ਸੰਸਥਾ ਬਣਾਈ, ਜਿਸ ਨੇ ਭੂਮੀਗਤ ਰਹਿ ਕੇ ਕੰਮ ਸ਼ੁਰੂ ਕੀਤਾ, ਤਾਂ ਕਿ ਬਤਿਸਤਾ ਦਾ ਤਖ਼ਤਾ ਪਲਟਿਆ ਜਾ ਸਕੇ। ਇਸੇ ਸਿਲਸਿਲੇ 'ਚ 1953 'ਚ ਕਾਸਟਰੋ ਨੇ ਸੈਂਟਿਆਗੋ ਦੇ ਨਾਲ ਲੱਗਦੇ ਮੋਂਕਾਡਾ ਦੀਆਂ ਫੌਜੀ ਬੈਰਕਾਂ 'ਤੇ ਹਥਿਆਰਬੰਦ ਹਮਲਾ ਕੀਤਾ। ਮਕਸਦ ਹਥਿਆਰ ਹਥਿਆਉਣਾ ਸੀ, ਪਰ ਯੋਜਨਾ ਅਸਫਲ ਰਹੀ ਤੇ ਕਈ ਕ੍ਰਾਂਤੀਕਾਰੀ ਇਸ ਵਿੱਚ ਮਾਰੇ ਗਏ।
ਉਨ੍ਹਾ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ, ਪਰ 19 ਮਹੀਨੇ ਦੀ ਸਜ਼ਾ ਤੋਂ ਬਾਅਦ ਉਨ੍ਹਾ ਨੂੰ ਰਿਹਾਅ ਕਰ ਦਿੱਤਾ ਗਿਆ। ਜੇਲ੍ਹ 'ਚ ਆਪਣੀ ਸਜ਼ਾ ਦੌਰਾਨ ਕਾਸਟਰੋ ਨੇ ਦਿਨ-ਰਾਤ ਮਾਰਕਸਵਾਦੀ ਸਾਹਿਤ ਪੜ੍ਹਿਆ। ਰਿਹਾਈ ਤੋਂ ਬਾਅਦ ਉਹ ਮੁੜ ਗ੍ਰਿਫ਼ਤਾਰੀ ਤੋਂ ਬਚਣ ਲਈ ਕਿਊਬਾ ਛੱਡ ਕੇ ਮੈਕਸੀਕੋ ਚਲੇ ਗਏ, ਜਿੱਥੇ ਉਨ੍ਹਾ ਦੀ ਮੁਲਾਕਾਤ ਉੱਘੇ ਕ੍ਰਾਂਤੀਕਾਰੀ ਚੇ ਗਵੇਰਾ ਨਾਲ ਹੋਈ।
ਨਵੰਬਰ 1956 'ਚ ਕਾਸਟਰੋ 81 ਹਥਿਆਰਬੰਦ ਸਾਥੀਆਂ ਨਾਲ ਕਿਊਬਾ ਪਰਤੇ। ਚੇ ਗਵੇਰਾ ਦੇ ਨਾਲ 'ਗ੍ਰਾਨਮਾ' ਜਹਾਜ਼ 'ਚ ਦੱਖਣੀ-ਪੂਰਬੀ ਕਿਊਬਾ 'ਚ ਕਦਮ ਰੱਖਦਿਆਂ ਹੀ 2 ਦਸੰਬਰ 1956 ਨੂੰ ਇਨਕਲਾਬ ਦੀ ਸ਼ੁਰੂਆਤ ਕੀਤੀ। ਸਭਨਾਂ ਚੁਣੌਤੀਆਂ ਨੂੰ ਪਾਰ ਕਰਦਿਆਂ ਉਨ੍ਹਾ 25 ਮਹੀਨੇ ਬਾਅਦ ਬਤਿਸਤਾ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਅਤੇ ਦੇਸ਼ ਅੰਦਰ ਇੱਕ ਮਜ਼ਬੂਤ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਕੀਤੀ।
ਕਾਸਟਰੋ ਅਮਰੀਕਾ ਲਈ ਸਭ ਤੋਂ ਵੱਡੇ ਦੁਸ਼ਮਣ ਬਣ ਚੁੱਕੇ ਸਨ। ਸੀ ਆਈ ਏ ਨੇ ਇੱਕ ਟੀਮ ਬਣਾਈ, ਜਿਸ ਦਾ ਮਕਸਦ ਕਾਸਟਰੋ ਦਾ ਕਤਲ ਕਰਨਾ ਸੀ। ਸੀ ਆਈ ਨੇ 638 ਵਾਰ ਉਨ੍ਹਾ ਦੇ ਕਤਲ ਦੀ ਕੋਸ਼ਿਸ਼ ਕੀਤੀ। ਇਨ੍ਹਾਂ 'ਚੋਂ ਸਭ ਤੋਂ ਵੱਧ ਕੋਸ਼ਿਸ਼ਾਂ 1960 ਦੇ ਦਹਾਕੇ 'ਚ ਹੋਈਆਂ। ਇਨ੍ਹਾਂ ਸਭ ਕੋਸ਼ਿਸ਼ਾਂ ਨੂੰ ਅਸਫਲ ਕਰਦਿਆਂ ਫੀਦਲ ਕਾਸਟਰੋ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਅਮਰੀਕਾ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਅਤੇ ਲਾਲ ਝੰਡੇ ਨੂੰ ਕਦੇ ਵੀ ਝੁਕਣ ਨਹੀਂ ਦਿੱਤਾ। ਉਨ੍ਹਾ ਨੂੰ ਇੱਕ ਅਜਿਹੇ ਕਮਿਊਨਿਸਟ ਆਗੂ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਆਪਣੇ ਲੋਕਾਂ ਲਈ ਕਿਊਬਾ ਨੂੰ ਆਜ਼ਾਦ ਕਰਵਾਇਆ।