ਨੋਟਬੰਦੀ; ਸੜਕ ਤੋਂ ਸੰਸਦ ਤੱਕ ਹੰਗਾਮਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ ਵਿਰੁੱਧ ਸੰਸਦ ਤੋਂ ਲੈ ਕੇ ਸੜਕਾਂ ਤੱਕ ਹੰਗਾਮਾ ਜਾਰੀ ਹੈ। ਨੋਟਬੰਦੀ ਵਿਰੁੱਧ ਭਾਰਤ ਬੰਦ ਦੇ ਸੱਦੇ ਨੂੰ ਭਾਰੀ ਹੁੰਗਾਰਾ ਮਿਲਿਆ ਅਤੇ ਖ਼ਾਸ ਤੌਰ 'ਤੇ ਦੱਖਣ 'ਚ ਕੇਰਲ ਅਤੇ ਬਿਹਾਰ 'ਚ ਬੰਦ ਦੌਰਾਨ ਜਨਜੀਵਨ ਪ੍ਰਭਾਵਿਤ ਰਿਹਾ। ਚੇਨਈ 'ਚ ਪੁਲਸ ਦੀ ਕਸਟੱਡੀ 'ਚ ਡੀ ਐਮ ਕੇ ਦੇ ਆਗੂ ਐਮ ਕੇ ਸਟਾਲਿਨ ਨੇ ਸਾਥੀਆਂ ਸਮੇਤ ਵਿਰੋਧ ਪ੍ਰਦਰਸ਼ਨ ਕੀਤਾ।
ਖੱਬੀਆਂ ਪਾਰਟੀਆਂ ਨੇ ਕਈ ਸ਼ਹਿਰਾਂ 'ਚ ਨੋਟਬੰਦੀ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ। ਕੋਲਕਾਤਾ, ਬਿਹਾਰ ਦੇ ਆਰਾ, ਤ੍ਰਿਪੁਰਾ, ਪੱਛਮੀ ਬੰਗਾਲ 'ਚ ਖੱਬੀਆਂ ਪਾਰਟੀਆਂ ਨੇ ਨੋਟਬੰਦੀ ਵਿਰੁੱਧ ਮਾਰਚ ਕੱਢਿਆ ਅਤੇ ਸਰਕਾਰ ਦੇ ਨੋਟਬੰਦੀ ਕਰਨ ਦੇ ਤੌਰ-ਤਰੀਕਿਆਂ ਬਾਰੇ ਸਵਾਲ ਖੜੇ ਕੀਤੇ। ਆਮ ਆਦਮੀ ਪਾਰਟੀ ਨੇ ਦਿੱਲੀ, ਕਾਂਗਰਸ ਨੇ ਮੁੰਬਈ, ਬੰਗਲੁਰੂ ਦੇਹਰਾਦੂਨ, ਸੰਸਦ ਭਵਨ ਕੰਪਲੈਕਸ, ਜੰਮੂ 'ਚ ਰੋਸ ਮੁਜ਼ਾਹਰੇ ਕੀਤੇ।
ਕਾਂਗਰਸ, ਸੀ ਪੀ ਆਈ, ਸੀ ਪੀ ਐਮ, ਡੀ ਐਮ ਕੇ, ਰਾਸ਼ਟਰੀ ਜਨਤਾ ਦਲ ਨੇ ਸੰਸਦ ਭਵਨ 'ਚ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ, ਜਿਸ ਨੂੰ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਵਿਰੋਧੀ ਪਾਰਟੀਆਂ ਦੇ ਹੋਰ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ।
ਨੋਟਬੰਦੀ ਕਾਰਨ ਆਮ ਜਨਤਾ ਅਤੇ ਗਰੀਬ ਲੋਕਾਂ ਨੂੰ ਪ੍ਰੇਸ਼ਾਨੀਆਂ ਆਉਣ ਦਾ ਦੋਸ਼ ਲਾਉਂਦਿਆਂ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਸੀ ਪੀ ਆਈ ਅਤੇ ਸੀ ਪੀ ਐਮ ਨੇ ਇਸ ਮੁੱਦੇ 'ਤੇ ਕੰਮ ਰੋਕੂ ਮਤੇ ਤਹਿਤ ਵੋਟਾਂ ਪਵਾਉਣ ਦੀ ਵਿਵਸਥਾ ਤਹਿਤ ਚਰਚਾ ਕਰਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਦਨ 'ਚ ਰਹਿ ਕੇ ਜਵਾਬ ਦੇਣ ਦੀ ਮੰਗ ਕੀਤੀ।
ਉਧਰ ਸਰਕਾਰ ਵਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਇਸ ਮਾਮਲੇ 'ਚ ਦਖਲ ਦੇਣ ਲਈ ਤਿਆਰ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਰਾਸ਼ਟਰ ਹਿੱਤ 'ਚ ਲਿਆ ਗਿਆ ਇੱਕ ਕ੍ਰਾਂਤੀਕਾਰੀ, ਦਲੇਰਾਨਾ ਅਤੇ ਗਰੀਬਮੁਖੀ ਕਦਮ ਹੈ ਅਤੇ ਕਿਸੇ ਨੇ ਵੀ ਇਹ ਨਹੀਂ ਕਿਹਾ ਹੈ ਕਿ ਇਹ ਫ਼ੈਸਲਾ ਗਲਤ ਨੀਅਤ ਨਾਲ ਲਿਆ ਗਿਆ ਹੈ।
ਵਿਰੋਧੀ ਧਿਰ ਵੱਲੋਂ ਇਸ ਮੁੱਦੇ 'ਤੇ ਚਰਚਾ ਦੌਰਾਨ ਪ੍ਰਧਾਨ ਮੰਤਰੀ ਦੇ ਹਾਜ਼ਰ ਰਹਿਣ 'ਤੇ ਜ਼ੋਰ ਦਿੱਤੇ ਜਾਣ 'ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਜੇ ਵਿਰੋਧੀ ਧਿਰ ਚਾਹੁੰਦੀ ਕਿ ਮੋਦੀ ਸੰਸਦ 'ਚ ਆਵੇ ਤਾਂ ਪ੍ਰਧਾਨ ਮੰਤਰੀ ਆਉਣਗੇ ਤੇ ਇਸ ਬਹਿਸ 'ਚ ਹਿੱਸਾ ਲੈਣਗੇ। ਉਨ੍ਹਾ ਕਿਹਾ ਕਿ 500 ਅਤੇ 1000 ਦੇ ਨੋਟ ਬੰਦ ਦਾ ਫ਼ੈਸਲਾ ਕਾਲੇ ਧਨ ਵਿਰੁੱਧ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਇਸ ਫ਼ੈਸਲੇ ਨੂੰ ਲਾਗੂ ਕਰਨ ਦਾ ਸਵਾਲ ਹੈ, ਸਰਕਾਰ ਪਹਿਲੇ ਹੀ ਦਿਨ ਤੋਂ ਇਸ ਮਸਲੇ 'ਤੇ ਚਰਚਾ ਕਰਨ ਲਈ ਤਿਆਰ ਹੈ। ਜਦੋਂ ਰਾਜਨਾਥ ਸਿੰਘ ਬੋਲ ਰਹੇ ਸਨ, ਉਸ ਵੇਲੇ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੇ ਮੈਂਬਰ ਆਸਣ ਦੇ ਸਾਹਮਣੇ ਆ ਕੇ ਨਾਹਰੇਬਾਜ਼ੀ ਕਰ ਰਹੇ ਸਨ। ਹੰਗਾਮਿਆਂ ਕਾਰਨ ਸਪੀਕਰ ਸੁਮਿੱਤਰਾ ਮਹਾਜਨ ਨੂੰ ਲੋਕ ਸਭਾ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰਨੀ ਪਈ।
ਲੋਕ ਸਭਾ 'ਚ ਕਾਂਗਰਸ ਦੇ ਮਾਲਿਕ ਅਰਜਨ ਖੜਗੇ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਵਿਰੁੱਧ ਸਾਰੇ ਦੇਸ਼ 'ਚ ਅਕਰੋਸ਼ ਦਿਵਸ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਤੋਂ ਗ਼ਰੀਬ, ਮਜ਼ਦੂਰ, ਕਿਸਾਨ ਅਤੇ ਮਹਿਲਾਵਾਂ ਪ੍ਰਭਾਵਿਤ ਹੋਏ ਹਨ। ਉਨ੍ਹਾ ਕਿਹਾ ਕਿ ਲੋਕ ਆਪਣਾ ਪੈਸਾ ਕਢਾਉਣ ਲਈ ਮਾਰੇ-ਮਾਰੇ ਫਿਰ ਰਹੇ ਹਨ। ਉਨ੍ਹਾ ਕਿਹਾ ਕਿ ਲੋਕਾਂ ਦੀ ਤਕਲੀਫ਼ ਨੂੰ ਦੇਖਦਿਆਂ ਸਦਨ 'ਚ ਕੰਮ ਰੋਕੂ ਮਤੇ ਤਹਿਤ ਚਰਚਾ ਕੀਤੀ ਜਾਵੇ। ਖੜਗੇ ਨੇ ਕਿਹਾ ਕਿ ਮੋਦੀ ਸਦਨ ਤੋਂ ਬਾਹਰ ਬੋਲ ਰਹੇ ਹਨ ਅਤੇ ਉਨ੍ਹਾ ਦੀ ਮੰਗ ਹੈ ਕਿ ਮੋਦੀ ਸਦਨ 'ਚ ਆਉਣ ਅਤੇ ਇਸ ਫ਼ੈਸਲੇ ਬਾਰੇ ਸਦਨ 'ਚ ਬੋਲਣ। ਉਨ੍ਹਾ ਸਪੱਸ਼ਟ ਕੀਤਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਸਦਨ 'ਚ ਆ ਕੇ ਬਿਆਨ ਨਹੀਂ ਦਿੰਦੇ, ਉਦੋਂ ਤੱਕ ਸੰਸਦ ਦੀ ਕਾਰਵਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਸਕਦੀ। ਕਾਂਗਰਸ ਨੇ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਸੰਸਦ ਕੰਪਲੈਕਸ 'ਚ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕੀਤੀ। ਸੰਸਦ 'ਚ ਰਣਨੀਤੀ ਬਣਾਉਣ ਲਈ ਵਿਰੋਧੀ ਧਿਰਾਂ ਨੇ ਸੋਮਵਾਰ ਸਵੇਰੇ ਮੀਟਿੰਗ ਕੀਤੀ। ਇਸ ਮੀਟਿੰਗ 'ਚ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਨੇ ਹਿੱਸਾ ਲਿਆ।
ਉਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਚਰਚਾ ਕਰਾਉਣਾ ਚਾਹੁੰਦੀ ਹੈ, ਜਦਕਿ ਵਿਰੋਧੀ ਧਿਰ ਬਹਿਸ ਕਰਨ ਤੋਂ ਜੱਜ ਰਹੀ ਹੈ। ਵਿਰੋਧੀ ਧਿਰ ਦੇ ਭਾਰਤ ਬੰਦ ਦੇ ਸੱਦੇ ਬਾਰੇ ਆਨੰਤ ਕੁਮਾਰ ਨੇ ਕਿਹਾ ਕਿ ਵਿਰੋਧ ਜ਼ਰੂਰੀ ਹੈ, ਪਰ ਵਿਰੋਧੀ ਧਿਰ ਦੀ ਬੁੱਧੀ ਉਲਟ ਪਾਸੇ ਨੂੰ ਘੁੰਮ ਰਹੀ ਹੈ।
ਰਾਜ ਸਭਾ 'ਚ 16 ਨਵੰਬਰ ਨੂੰ ਨੋਟਬੰਦੀ ਬਾਰੇ ਚਰਚਾ ਹੋਈ ਸੀ, ਜੋ ਕਿ ਅਜੇ ਤੱਕ ਪੂਰੀ ਨਹੀਂ ਹੋਈ ਹੈ। ਉਧਰ ਸੀ ਪੀ ਐਮ ਦੇ ਆਗੂ ਸੀਤਾ ਰਾਮ ਯੇਚੁਰੀ ਨੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਨੋਟਿਸ ਦਿੱਤਾ ਹੋਇਆ ਹੈ।
ਨੋਟਿਸ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਸਦਨ 'ਚ ਨਹੀਂ ਆਉਂਦੇ ਅਤੇ ਸਦਨ ਦੇ ਬਾਹਰ ਹੀ ਨੋਟਬੰਦੀ ਬਾਰੇ ਲਗਾਤਾਰ ਬੋਲ ਰਹੇ ਹਨ, ਜੋ ਕਿ ਸਦਨ ਦੀ ਉਲੰਘਣਾ ਹੈ। ਇਸ ਨੋਟਿਸ ਬਾਰੇ ਰਾਜ ਸਭਾ ਦੇ ਸਭਾਪਤੀ ਆਪਣਾ ਫ਼ੈਸਲਾ ਸੁਣਾ ਸਕਦੇ ਹਨ।