ਕਰਜ਼ ਨੇ ਨਿਗਲਿਆ ਕਿਸਾਨ


ਬੰਗਾ (ਹਰਜਿੰਦਰ ਚਾਹਲ)-ਕਰਜ਼ ਦੀ ਮਾਰ ਨੇ ਇੱਕ ਹੋਰ ਕਿਸਾਨ ਨਿਗਲ ਲਿਆ ਹੈ। ਖਬਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਬੰਗਾ ਨੇੜਲੇ ਪਿੰਡ ਕੰਗਰੋੜ ਤੋਂ ਹੈ। ਇੱਥੇ ਕਰਜ਼ੇ ਦੀ ਮਾਰ ਦੇ ਕਾਰਨ ਇੱਕ ਕਿਸਾਨ ਨੇ ਜ਼ਹਿਰ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਕਿਸਾਨ ਘੱਟ ਜ਼ਮੀਨ ਦਾ ਮਾਲਕ ਸੀ, ਪਰ ਉਸ ਦੇ ਸਿਰ ਲੱਖਾਂ ਦਾ ਕਰਜ਼ ਸੀ। ਇਸ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਚੱਲ ਰਿਹਾ ਸੀ।ਜਾਣਕਾਰੀ ਮੁਤਾਬਕ ਪਿੰਡ ਕੰਗਰੋੜ ਦੇ 55 ਸਾਲਾ ਕਿਸਾਨ ਰਣਜੀਤ ਸਿੰਘ ਕੋਲ ਘੱਟ ਜ਼ਮੀਨ ਹੋਣ ਕਾਰਨ ਇੰਨੀ ਜ਼ਮੀਨ ਤੋਂ ਹੋ ਰਹੀ ਆਮਦਨ ਨਾਲ ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਚੱਲਦਾ ਸੀ। ਉਹ ਮਜਬੂਰਨ ਕਰਜ਼ਾ ਚੁੱਕ ਕੇ ਖੇਤੀ ਕਰ ਰਿਹਾ ਸੀ ਤੇ ਘਰ ਦਾ ਗੁਜ਼ਾਰਾ ਕਰਦਾ ਸੀ। ਇਸ ਦੇ ਚੱਲਦੇ ਬੈਂਕ, ਸੁਸਾਇਟੀ ਤੇ ਆੜ੍ਹਤੀ ਦਾ ਲੱਖਾਂ ਰੁਪਏ ਕਰਜ਼ ਸਿਰ ਚੜ੍ਹ ਗਿਆ ਸੀ। ਕਰਜ਼ ਲਗਾਤਾਰ ਵਧ ਰਿਹਾ ਸੀ, ਪਰ ਇਸ ਨੂੰ ਚੁਕਾਉਣ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਆ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਰਣਜੀਤ ਸਿੰਘ ਨੇ ਜ਼ਹਿਰ ਨਿਗਲ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।