ਰਿਜ਼ਰਵ ਬੈਂਕ ਨੇ ਪੈਸੇ ਕਢਵਾਉਣ 'ਚ ਦਿੱਤੀ 'ਰਾਹਤ'


ਬੈਂਕਾਂ 'ਚ ਜਾਇਜ਼ ਕਰੰਸੀ ਨੋਟਾਂ ਨੂੰ ਜਮ੍ਹਾਂ ਕਰਵਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਪੈਸੇ ਕਢਵਾਉਣ ਦੀ ਹੱਦ ਵਧਾ ਦਿੱਤੀ ਗਈ ਹੈ। ਇਸ ਐਲਾਨ ਦੇ ਬਾਵਜੂਦ ਆਮ ਲੋਕਾਂ ਨੂੰ ਇਸ ਨਾਲ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਜਾਇਜ਼ ਕਰੰਸੀ ਨੋਟ ਜਮ੍ਹਾਂ ਕਰਵਾਉਣ ਵਾਲੇ ਗ੍ਰਾਹਕ ਮੌਜੂਦਾ ਸੀਮਾ ਤੋਂ ਜ਼ਿਆਦਾ ਰਕਮ ਕਢਵਾ ਸਕਣਗੇ। ਨਵੇਂ ਨਿਯਮ ਮੁਤਾਬਿਕ ਜੇ ਕੋਈ ਵਿਅਕਤੀ ਚਾਰ ਹਜ਼ਾਰ ਰੁਪਏ ਦੀ ਰਕਮ ਦੋ ਹਜ਼ਾਰ, ਪੰਜ ਸੌ, ਇੱਕ ਸੌ, ਪੰਜਾਹ, ਵੀਹ, ਦਸ ਅਤੇ ਪੰਜ ਰੁਪਏ ਦੇ ਜਾਇਜ਼ ਨੋਟਾਂ 'ਚ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਵਾਸਤੇ ਨਿਕਾਸੀ ਸੀਮਾ ਚਾਰ ਹਜ਼ਾਰ ਰੁਪਏ ਤੱਕ ਵਧ ਜਾਵੇਗੀ, ਜੋ 24000 ਰੁਪਏ ਦੀ ਹਫਤਾਵਰੀ ਨਿਕਾਸੀ ਸੀਮਾ ਤੋਂ ਉਪਰ ਹੋਵੇਗੀ। ਚਾਲੂ ਖਾਤਿਆਂ ਲਈ ਛੋਟੇ ਵਪਾਰੀਆਂ ਵਾਸਤੇ ਨਿਕਾਸੀ ਸੀਮਾ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਹੈ। ਦੇਰ ਸ਼ਾਮ ਜਾਰੀ ਇੱਕ ਸਰਕੂਲਰ 'ਚ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਖਾਤਿਆਂ ਤੋਂ ਨਕਦੀ ਨਿਕਾਸੀ 'ਤੇ ਮੌਜੂਦਾ ਸੀਮਾ ਦੇ ਮੱਦੇਨਜ਼ਰ ਕੁਝ ਜਮ੍ਹਾਂ ਕਰਤਾ ਆਪਣੇ ਪੈਸੇ ਬੈਂਕ ਖਾਤਿਆਂ 'ਚ ਜਮ੍ਹਾਂ ਕਰਨੋਂ ਹਿਚਕਚਾ ਰਹੇ ਹਨ। ਜ਼ਿਕਰਯੋਗ ਹੈ ਕਿ 1000 ਅਤੇ 500 ਦੇ ਪੁਰਾਣੇ ਨੋਟਾਂ ਦੇ ਮਾਮਲੇ 'ਚ ਨਿਯਮਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਨ੍ਹਾਂ ਨੂੰ ਹੁਣ ਵੀ ਪਹਿਲਾਂ ਦੀ ਤਰ੍ਹਾਂ ਕਿਸੇ ਵੀ ਬੈਂਕ 'ਚ ਜਮ੍ਹਾਂ ਕਰ ਸਕਦੇ ਹੋ ਅਤੇ ਸਿਰਫ ਰਿਜ਼ਰਵ ਬੈਂਕ ਸੈਂਟਰਾਂ ਤੋਂ ਬਦਲਵਾ ਸਕਦੇ ਹੋ।