ਸਰਜੀਕਲ ਹਮਲੇ ਦਾ ਬਦਲਾ ਲੈਣ ਆਏ ਸੀ ਅੱਤਵਾਦੀ


ਜੰਮੂ (ਨ ਜ਼ ਸ)
ਇਹ ਸੰਯੋਗ ਦੀ ਗੱਲ ਨਹੀਂ ਹੈ ਕਿ ਅੱਤਵਾਦੀਆਂ ਨੇ ਨਗਰੋਟਾ ਹਮਲੇ ਲਈ ਠੀਕ ਉਹੋ ਹੀ ਦਿਨ ਚੁਣਿਆ, ਜਿਸ ਵਿੱਚ ਪਾਕਿਸਤਾਨ ਦੇ ਫੌਜ ਮੁਖੀ ਅਤੇ ਭਾਰਤੀ ਫੌਜ ਦੇ ਨਾਰਦਰਨ ਕਮਾਂਡਰ ਦੀ ਵਿਦਾਈ ਹੋ ਰਹੀ ਸੀ। ਇਸ ਹਮਲੇ ਕਾਰਨ ਨਾਰਦਰਨ ਕਮਾਂਡਰ ਡੀ ਐੱਸ ਹੁੱਡਾ ਦੀ ਵਿਦਾਇਗੀ ਲਈ ਰੱਖੀ ਗਈ ਚਾਹ ਪਾਰਟੀ ਰੱਦ ਕਰ ਦਿੱਤੀ ਗਈ।
ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀਆਂ ਨੇ ਸਰਜੀਕਲ ਅਪਰੇਸ਼ਨ ਦਾ ਬਦਲਾ ਲੈਣ ਦੀ ਸਾਜ਼ਿਸ਼ ਰਚੀ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ।
ਅੱਤਵਾਦੀਆਂ ਦੇ ਨਿਸ਼ਾਨੇ 'ਤੇ ਫੌਜ ਦੀ 16ਵੀਂ ਕੌਰ ਦੇ ਹੈੱਡਕਵਾਟਰ 'ਚ ਪਿਆ ਅਸਲੇ ਦਾ ਭੰਡਾਰ ਸੀ। ਇਸ ਅਸਲਾ ਭੰਡਾਰ 'ਚ ਮਿਜ਼ਾਈਲਾਂ, ਤੋਪਾਂ ਅਤੇ ਆਧੁਨਿਕ ਹਥਿਆਰ ਸ਼ਾਮਲ ਹਨ, ਜੋ ਕਿ ਫੌਜ ਨੂੰ ਕੰਟਰੋਲ ਰੇਖਾ 'ਤੇ ਮਜ਼ਬੂਤ ਕਰਦੀਆਂ ਹਨ।
16ਵੀਂ ਕੋਰ ਦਾ ਇਹੋ ਅਸਲਾ ਭੰਡਾਰ ਕੰਟਰੋਲ ਰੇਖਾ ਦੇ ਰਾਜੌਰੀ, ਪੁਣਛ ਤੋਂ ਕੁਪਵਾੜਾ ਤੱਕ ਸਾਰੇ ਸੈਕਟਰਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਡੋਡਾ ਦੇ ਇਲਾਕੇ 'ਚ ਫੌਜ ਨੂੰ ਹੱਥਿਆਰਾਂ ਦੀ ਸਪਲਾਈ ਵੀ ਇਸੇ ਅਸਲਾ ਭੰਡਾਰ ਤੋਂ ਹੁੰਦੀ ਹੈ। ਅੱਤਵਾਦੀ ਇਸ ਅਸਲਾ ਭੰਡਾਰ 'ਤੇ ਕਬਜ਼ਾ ਕਰਕੇ ਵੱਡੀ ਤਬਾਹੀ ਮਚਾਉਣ ਦੀ ਤਾਕ 'ਚ ਸਨ।