ਭਾਰਤੀ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਤਿੰਨ ਅਫਸਰਾਂ ਦੀ ਮੌਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੱਛਮੀ ਬੰਗਾਲ ਦੇ ਸੁਕਨਾ ਜ਼ਿਲ੍ਹੇ 'ਚ ਭਾਰਤੀ ਫ਼ੌਜ ਦਾ ਇਕ ਚੀਤਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਤਿੰਨ ਅਧਿਕਾਰੀਆਂ ਦੀ ਮੌਤ ਹੋ ਗਈ। ਇਕ ਜੇ ਸੀ ਓ ਗੰਭੀਰ ਰੂਪ 'ਚ ਜ਼ਖ਼ਮੀ ਹਨ। ਇਸ ਮਾਮਲੇ 'ਚ ਜਾਂਚ ਦੇ ਹੁਕਮ ਦਿੱਤ ਗਏ ਹਨ। ਹਾਦਸਾ ਸਵੇਰੇ 11:45 ਵਜੇ ਹੋਇਆ। ਇਕ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ, ਜਦ ਹੈਲੀਕਾਪਟਰ ਕੈਂਪ ਸਥਿਤ ਹੈਲੀਪੈਡ 'ਤੇ ਉਤਰਨ ਵਾਲਾ ਸੀ। ਇਸ ਸਮੇਂ ਸੁਕਨਾ ਕੈਂਪ 'ਚ 33 ਏਅਰਕ੍ਰਾਫਟ ਹਨ। ਹਿੰਦੁਸਤਾਨ ਏਅਰਕ੍ਰਾਫਟ ਲਿਮਟਿਡ (ਐੱਚ ਏ ਐੱਲ) ਅਨੁਸਾਰ ਚੀਤਾ ਹੈਲੀਕਾਪਟਰ 'ਚ ਪੰਜ ਸੀਟਾਂ ਹਨ ਅਤੇ ਇਹ ਹੈਲੀਕਾਪਟਰ ਉੱਚ ਪ੍ਰਦਰਸ਼ਨ, ਗੁਰਤਾਕਰਸ਼ਣ ਅਤੇ ਉੱਚਾਈ ਦੇ ਹਾਲਾਤ 'ਚ ਇਕ ਬਹੁਤ ਵਿਆਪਕ ਰੇਂਜ ਦੇ ਆਪਰੇਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 19 ਅਕਤੂਬਰ ਨੂੰ ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ 'ਚ ਮਾਣਾ ਦੇ ਕੋਲ ਭਾਰਤੀ ਹਵਾਈ ਫ਼ੌਜ ਦੇ ਐੱਮ ਆਈ-17 ਹੈਲੀਕਾਪਟਰ ਦੀ ਕ੍ਰੈਸ਼ ਲੈਂਡਿੰਗ ਹੋਈ ਸੀ। ਘਸਤੋਲੀ ਹੈਲੀਪੈਡ 'ਤੇ ਹੋਈ ਇਸ ਲੈਂਡਿੰਗ ਦੇ ਸਮੇਂ ਹੈਲੀਕਾਪਟਰ 'ਚ ਅਮਲੇ ਦੇ ਮੈਂਬਰਾਂ ਨਾਲ 14-15 ਲੋਕ ਸਵਾਰ ਸਨ। ਹਾਲਾਂਕਿ ਲੈਂਡਿੰਗ ਦੌਰਾਨ ਉਸ ਸਮੇਂ ਸਵਾਰ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਸੀ। ਇਨ੍ਹਾਂ 'ਚ ਬਹੁਤੇ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਸਨ।