ਹੁਣ 500 ਦੇ ਪੁਰਾਣੇ ਨੋਟ ਨਾਲ ਅੱਜ ਤੱਕ ਹੀ ਲਿਆ ਜਾ ਸਕਦੈ ਪੈਟਰੋਲ ਤੇ ਏਅਰ ਟਿਕਟ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ ਤੋਂ ਬਾਅਦ ਸਰਕਾਰ ਨੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਲਈ ਕੁਝ ਚੋਣਵੀਆਂ ਥਾਂਵਾਂ 'ਤੇ 500 ਰੁਪਏ ਦੇ ਨੋਟ ਇਸਤੇਮਾਲ ਕਰਨ ਦੀ ਹੱਦ ਨੂੰ 15 ਦਸੰਬਰ ਤੱਕ ਵਧਾ ਦਿੱਤਾ ਸੀ, ਪਰ ਰਿਜ਼ਰਵ ਬੈਂਕ ਦੀ ਨਵੀਂ ਘੋਸ਼ਣਾ ਮੁਤਾਬਕ ਇਸ ਸਮੇਂ ਸੀਮਾ 'ਚ ਕਟੌਤੀ ਕਰ ਦਿੱਤੀ ਗਈ ਹੈ। ਹੁਣ ਪੈਟਰੋਲ ਪੰਪ ਅਤੇ ਏਅਰ ਟਿਕਟਾਂ ਦੀ ਬੁਕਿੰਗ 'ਚ ਕੱਲ੍ਹ 2 ਦਸੰਬਰ ਤੋਂ ਬਾਅਦ ਪੁਰਾਣੇ 500 ਰੁਪਏ ਦੇ ਨੋਟ ਨਹੀਂ ਚੱਲਣਗੇ, ਜਦਕਿ ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਇਹਨਾਂ ਨੋਟਾਂ ਨੂੰ ਜ਼ਰੂਰੀ ਸੇਵਾਵਾਂ 'ਚ 15 ਦਸੰਬਰ ਤੱਕ ਇਸਤੇਮਾਲ ਕਰਨ ਦੀ ਛੋਟ ਦਿੱਤੀ ਸੀ ਤੇ 1000 ਰੁਪਏ ਦੇ ਨੋਟ ਇਸਤੇਮਾਲ ਕਰਨ ਦੀ ਛੋਟ ਪਹਿਲਾਂ ਹੀ ਵਾਪਸ ਲੈ ਲਈ ਸੀ। ਪੈਟਰੋਲ ਪੰਪ ਅਤੇ ਏਅਰ ਟਿਕਟ ਬੁਕਿੰਗ ਤੋਂ ਇਲਾਵਾ ਦੂਜੀਆਂ ਜ਼ਰੂਰੀ ਸੇਵਾਵਾਂ 'ਚ ਪਹਿਲਾਂ ਦੀ ਤਰ੍ਹਾਂ ਹੀ 15 ਦਸੰਬਰ ਤੱਕ 500 ਰੁਪਏ ਦੇ ਪੁਰਾਣੇ ਨੋਟਾਂ ਨੂੰ ਇਸਤੇਮਾਲ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਕੱਲ੍ਹ ਹੀ ਫ੍ਰੀ ਟੋਲ ਟੈਕਸ ਦੀ ਸੁਵਿਧਾ ਵੀ ਸਮਾਪਤ ਹੋ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਵੱਡੇ ਪੈਮਾਨੇ 'ਤੇ ਲੋਕ ਪੈਟਰੋਲ ਪੰਪਾਂ ਅਤੇ ਏਅਰ ਲਾਇਨਜ਼ ਟਿਕਟ ਦੀ ਬੁਕਿੰਗ 'ਚ ਪੁਰਾਣੇ ਨੋਟਾਂ ਨੂੰ ਇਸਤੇਮਾਲ ਕਰ ਰਹੇ ਸੀ।
ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਕਈ ਜਗ੍ਹਾ ਪੈਟਰੋਲ ਪੰਪਾਂ ਵਾਲੇ ਕਮਿਸ਼ਨ ਲੈ ਕੇ ਪੁਰਾਣੇ ਨੋਟ ਬਦਲਣ ਦਾ ਕੰਮ ਕਰ ਰਹੇ ਹਨ, ਕਿਉਂਕਿ ਪੈਟਰੋਲ ਪੰਪ ਨੇ ਤੇਲ ਕੰਪਨੀ ਨੂੰ ਪੈਸਾ ਚੈੱਕ ਰਾਹੀਂ ਦੇਣਾ ਹੁੰਦਾ ਹੈ। ਅਜਿਹੇ 'ਚ ਪੈਟਰੋਲ ਪੰਪ 'ਤੇ ਪੰਜ ਸੌ ਦੇ ਪੁਰਾਣੇ ਨੋਟ ਆਉਂਦੇ ਹਨ ਤਾਂ ਉਹ ਉਸ ਪੈਸੇ ਨੂੰ ਬੈਂਕਾਂ 'ਚ ਜਮ੍ਹਾਂ ਕਰਾ ਦਿੰਦੇ ਹਨ। ਨਵੇਂ ਨੋਟਾਂ ਨੂੰ ਕਮਿਸ਼ਨ ਲੈ ਕੇ ਬਦਲਣ ਦੇ ਕੰਮ 'ਚ ਲਗਾ ਦਿੰਦੇ ਹਨ। ਕਈ ਜਗ੍ਹਾ ਪੈਟਰੋਲ ਪੰਪ ਵਾਲੇ 30-35 ਫ਼ੀਸਦੀ ਕਮਿਸ਼ਨ ਲੈ ਰਹੇ ਹਨ।
ਤਾਜ਼ਾ ਜਾਣਕਾਰੀ ਦੇ ਮੁਤਾਬਕ ਬਿਜਲੀ, ਪਾਣੀ ਦੇ ਬਿੱਲ ਦਾ ਭੁਗਤਾਨ, ਰੇਲਵੇ ਟਿਕਟ ਖ਼ਰੀਦਣ ਅਤੇ ਪਬਲਿਕ ਖੇਤਰ ਦੇ ਆਵਾਜਾਈ ਨਿਗਮ ਦੀ ਬੱਸਾਂ 'ਚ ਸਫ਼ਰ ਲਈ ਟਿਕਟ ਖ਼ਰੀਦਣ 'ਚ ਪੁਰਾਣੇ 500 ਰੁਪਏ ਦੇ ਨੋਟ 15 ਦਸੰਬਰ ਤੱਕ ਸਵੀਕਾਰ ਕੀਤੇ ਜਾਣਗੇ, ਪਰ ਪੈਟਰੋਲ ਪੰਪ ਅਤੇ ਹਵਾਈ ਅੱਡਿਆਂ ਤੋਂ ਹਵਾਈ ਟਿਕਟ ਖ਼ਰੀਦਣ ਲਈ 3 ਦਸੰਬਰ ਤੋਂ ਇਹਨਾਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਜਦਕਿ 500 ਦੇ ਪੁਰਾਣੇ ਨੋਟ 30 ਦਸੰਬਰ ਤੱਕ ਬੈਂਕ 'ਚ ਬਦਲਾਏ ਜਾ ਸਕਦੇ ਹਨ, ਇਹੀ ਨਹੀਂ 31 ਮਾਰਚ ਤੱਕ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਸ਼ਾਖਾ 'ਚ ਵੀ ਪੁਰਾਣੇ ਨੋਟ ਬਦਲਾਏ ਨਾ ਸਕਣਗੇ।