ਸ਼ਹੀਦ ਹੌਲਦਾਰ ਸੁਖਰਾਜ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ


ਬਟਾਲਾ (ਪੱਤਰ ਪ੍ਰੇਰਕ)
ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਨਗਰੋਟਾ ਸੈਕਟਰ ਵਿੱਚ ਇੱਕ ਫਿਦਾਇਨ ਹਮਲੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਸੁਖਰਾਜ ਸਿੰਘ ਦਾ ਅੱਜ ਬਟਾਲਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਸ਼ਹੀਦ ਸੁਖਰਾਜ ਸਿੰਘ ਦੀ ਮ੍ਰਿਤਕ ਦੇਹ ਅੱਜ ਬਟਾਲਾ ਵਿਖੇ ਉਨ੍ਹਾ ਦੇ ਘਰ ਮਾਨ ਨਗਰ ਵਿਖੇ ਲਿਆਂਦੀ ਗਈ ਤਾਂ ਪਰਵਾਰਕ ਮੈਂਬਰਾਂ, ਸ਼ਹਿਰ ਵਾਸੀਆਂ ਸਮੇਤ ਇਲਾਕੇ ਦੇ ਲੋਕਾਂ ਨੇ ਸ਼ਹੀਦ ਦੀ ਕੁਰਬਾਨੀ ਨੂੰ ਸਲਾਮ ਕੀਤਾ ਅਤੇ ਸੇਜਲ ਅੱਖਾਂ ਨਾਲ ਸ਼ਹੀਦ ਸੁਖਰਾਜ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦ ਸੁਖਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ ਅਤੇ ਸ਼ਹੀਦ ਦੀ ਮਾਤਾ ਸਵਰਨਜੀਤ ਕੌਰ, ਪਤਨੀ ਹਰਮੀਤ ਕੌਰ, ਬੇਟੀ ਸ਼ੁਬਰੀਤ ਕੌਰ, ਪੁੱਤਰ ਸੁਰਗਨ ਦੇਵ ਸਿੰਘ ਨੇ ਆਪਣੇ ਪਿਤਾ ਨੂੰ ਛੋਟੀ ਉਮਰ ਵਿੱਚ ਮੋਢਾ ਦਿੱਤਾ। ਇਸ ਮੌਕੇ ਭਾਰਤੀ ਫੌਜ ਦੇ ਕਰਨਲ ਰਜਨੀਸ਼ ਨੇ ਸ਼ਹੀਦ ਸੁਖਰਾਜ ਸਿੰਘ ਦੀ ਮ੍ਰਿਤਕ ਦੇਹ 'ਤੇ ਫੁੱਲ ਮਾਲਵਾਂ ਭੇਟ ਕੀਤੀਆਂ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ, ਪੰਜਾਬ ਰਾਜ ਸੇਵਾ ਅਧਿਕਾਰ ਕਮਿਸ਼ਨ ਦੇ ਰਾਜ ਕਮਿਸ਼ਨਰ ਪੰਕਜ ਮਹਾਜਨ, ਐੱਸ ਡੀ ਅੱੈਮ ਬਟਾਲਾ ਪ੍ਰਿਥੀ ਸਿੰਘ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਵੱਖ-ਵੱਖ ਰਾਜਨੀਤਕ ਤੇ ਧਾਰਮਿਕ ਆਗੂਆਂ, ਜਿਨ੍ਹਾਂ 'ਚ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਸਾਬਕਾ ਸੰਸਦੀ ਸਕੱਤਰ ਜਗਦੀਸ਼ ਰਾਜ ਸਾਹਨੀ, ਅਮਰਜੀਤ ਸਿੰਘ ਐੱਸ ਜੀ ਪੀ ਸੀ ਮੈਂਬਰ, ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਸੁਰੇਸ਼ ਭਾਟੀਆ, ਐੱਸ ਜੀ ਪੀ ਸੀ ਦੇ ਇੰਸਪੈਕਟਰ ਕਰਨਵੀਰ ਸਿੰਘ, ਐੱਸ ਜੀ ਪੀ ਸੀ ਮੈਂਬਰ ਗੁਰਨਾਮ ਸਿੰਘ, ਐੱਸ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਹਮਾਲਿਆ ਪਰਵਾਰ ਦੇ ਮੈਂਬਰ ਅਨੀਸ਼ ਅਗਰਵਾਲ ਅਤੇ ਹੋਰ ਬਹੁਤ ਸਾਰੇ ਸਿਆਸੀ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹੀਦ ਸੁਖਰਾਜ ਸਿੰਘ ਨੂੰ ਫੁੱਲ ਮਾਲਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ 13 ਸਿੱਖ ਰੈਜੀਮੈਂਟ ਵੱਲੋਂ ਸ਼ਹੀਦ ਸੁਖਰਾਜ ਸਿੰਘ ਨੂੰ ਸਲਾਮੀ ਦਿੱਤੀ ਗਈ ਅਤੇ ਬਾਅਦ ਵਿੱਚ ਸ਼ਹੀਦ ਦੀ ਮਾਤਾ ਅਤੇ ਉਸ ਦੇ ਚਾਰ ਸਾਲਾਂ ਦੇ ਬੇਟੇ ਸਰਗੁਨ ਸਿੰਘ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਵਾਰ ਨੂੰ 5 ਲੱਖ ਰੁਪਏ ਅਤੇ 5 ਲੱਖ ਰੁਪਏ ਐਕਸ ਗਰੇਸੀਆ ਗ੍ਰਾਂਟ ਅਤੇ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਇਸ ਸ਼ਹੀਦ ਪਰਵਾਰ ਨੂੰ ਕੇਂਦਰ ਸਰਕਾਰ ਅਤੇ ਭਾਰਤੀ ਫੌਜ ਵੱਲੋਂ ਵੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਸ਼ਹੀਦ ਦਾ ਪਰਵਾਰ ਸਾਡਾ ਆਪਣਾ ਪਰਵਾਰ ਹੈ ਅਤੇ ਪੰਜਾਬ ਸਰਕਾਰ ਇਸ ਪਰਵਾਰ ਦੇ ਹਰ ਸਮੇਂ ਨਾਲ ਖੜ੍ਹੀ ਹੈ। ਇਸ ਮੌਕੇ ਕਰਨਲ ਸੋਢੀ ਨੇ ਸ਼ਹੀਦ ਸੁਖਰਾਜ ਨੂੰ ਇਕ ਬਹਾਦਰ ਦੇਸ਼ ਦਾ ਸਿਪਾਹੀ ਦੱਸਿਆ। ਉਨ੍ਹਾ ਦੱਸਿਆ ਕਿ ਸ਼ਹੀਦ ਸੁਖਰਾਜ ਸਿੰਘ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾ ਕੇ ਆਪਣੀ ਜਾਨ ਦੀ ਬਾਜੀ ਲਾ ਦਿੱਤੀ। ਇਸ ਮੌਕੇ ਕਰਨਲ ਰਜਨੀਸ਼ ਨੇ ਦੱਸਿਆ ਕਿ ਸ਼ਹੀਦ ਸੁਖਰਾਜ ਸਿੰਘ ਇਕ ਬਹਾਦਰ ਜਵਾਨ ਸੀ ਅਤੇ ਹਮੇਸ਼ਾ ਹੀ ਯੂਨਿਟ ਵਿੱਚ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣਾ ਫਰਜ਼ ਨਿਭਾਉਂਦਾ ਸੀ। ਉਨ੍ਹਾ ਕਿਹਾ ਕਿ ਸ਼ਹੀਦ ਸੁਖਰਾਜ ਸਿੰਘ ਦੀ ਸ਼ਹਾਦਤ 'ਤੇ ਉਨ੍ਹਾ ਦੀ ਯੂਨਿਟ ਸਮੇਤ ਸਮੁੱਚੇ ਦੇਸ਼ ਨੂੰ ਮਾਣ ਹੈ।