ਰਾਹੁਲ ਤੋਂ ਬਾਅਦ ਕਾਂਗਰਸ ਦਾ ਟਵਿੱਟਰ ਅਕਾਊਂਟ ਵੀ ਹੈਕ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਤੇ ਉੱਪ ਪ੍ਰਧਾਨ ਰਾਹੁਲ ਗਾਂਧੀ ਤੋਂ ਬਾਅਦ ਵੀਰਵਾਰ ਨੂੰ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਊਂਟ ਵੀ ਹੈਕ ਹੋ ਗਿਆ। ਦਿੱਲੀ ਪੁਲਸ ਨੇ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਹੈਕ ਹੋਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਵੈੱਬਸਾਈਟ ਦੇ ਪ੍ਰਬੰਧਨ ਨੂੰ ਖਤ ਲਿਖ ਕੇ ਇਸ ਬਾਰੇ ਜ਼ਰੂਰੀ ਜਾਣਕਾਰੀ ਮੰਗੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਟਵਿੱਟਰ ਨੂੰ ਖਤ ਲਿਖ ਕੇ ਹੈਕਰ ਦੇ ਲਾਗ ਡਿਟੇਲਜ਼ ਅਤੇ ਆਈ ਪੀ ਐਡਰੈੱਸ ਵਰਗੀਆਂ ਜਾਣਕਾਰੀਆਂ ਮੰਗੀਆਂ ਹਨ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ 'ਚ ਦੁਪਹਿਰੇ ਕਰੀਬ 1 ਵਜੇ ਸ਼ਿਕਾਇਤ ਦਰਜ ਕਰਵਾਈ ਸੀ। ਦੂਸਰੇ ਪਾਸੇ ਕਾਂਗਰਸ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸਵੇਰੇ 10.16 ਵਜੇ ਤੋਂ ਲਗਾਤਾਰ 9 ਅਜਿਹੇ ਟਵੀਟ ਕੀਤੇ ਗਏ, ਜੋ ਦੱਸੇ ਨਹੀਂ ਜਾ ਸਕਦੇ। ਇਹ ਟਵੀਟ ਬੇਹੱਦ ਅਸ਼ਲੀਲ ਅਤੇ ਗੰਦੇ ਹਨ। ਹੈਕਰਜ਼ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਬਾਰੇ ਗਲਤ ਗੱਲਾਂ ਕਹੀਆਂ ਹਨ। ਬੁੱਧਵਾਰ ਨੂੰ ਰਾਹੁਲ ਗਾਂਧੀ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਸੀ। ਉਸ ਉੱਪਰ ਵੀ ਬੇਹੱਦ ਅਸ਼ਲੀਲ ਟਵੀਟ ਪੋਸਟ ਕੀਤੇ ਗਏ। ਇਸ ਘਟਨਾ ਤੋਂ ਬਾਅਦ ਕਾਂਗਰਸ ਨੇ ਸਾਰੇ ਭਾਰਤੀਆਂ ਦੀ ਡਿਜਟਲ ਸੁਰੱਖਿਆ 'ਤੇ ਸਵਾਲ ਉਠਾਏ ਅਤੇ ਕਿਹਾ ਕਿ ਇਹ ਦੇਸ਼ 'ਚ ਮੌਜੂਦ ਫਾਸ਼ੀਵਾਦੀ ਸੱਭਿਆਚਾਰ ਦੀ ਅਸੁਰੱਖਿਆ ਨੂੰ ਦਿਖਾਉਂਦਾ ਹੈ। ਰਾਹੁਲ ਗਾਂਧੀ ਦਾ ਅਕਾਊਂਟ ਰਾਤ 8.45 'ਤੇ ਹੈਕ ਹੋਇਆ ਸੀ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟੀਆ ਚਾਲਾਂ ਨਾਲ ਤਰਕਪੂਰਨ ਗੱਲਾਂ ਖਤਮ ਨਹੀਂ ਹੋਣਗੀਆਂ, ਨਾ ਹੀ ਆਮ ਆਦਮੀ ਦੇ ਮੁੱਦੇ ਉਠਾਉਣ ਤੋਂ ਰਾਹੁਲ ਗਾਂਧੀ ਪਿੱਛੇ ਹਟਣਗੇ।