ਜੰਗੀ ਬੇੜੇ ਨੇ ਪਲਟੀ ਖਾਧੀ, 2 ਜਲ ਸੈਨਿਕਾਂ ਦੀ ਮੌਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਮੁੰਦਰੀ ਫੌਜ ਦਾ ਜੰਗੀ ਆਈ ਐÎਨ ਐੱਸ ਬੇਤਵਾ ਬੇੜਾ ਮੁੰਬਈ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਸਮੁੰਦਰ 'ਚ ਉਤਾਰਦੇ ਸਮੇਂ ਆਈ ਐਨ ਐੱਸ ਬੇਤਵਾ ਪਲਟ ਗਿਆ, ਜਿਸ ਕਾਰਨ ਦੋ ਜਲ ਸੈਨਿਕਾਂ ਦੀ ਮੌਤ ਹੋ ਗਈ, ਜਦਕਿ 14 ਹੋਰਨਾਂ ਨੂੰ ਬਚਾਅ ਲਿਆ ਗਿਆ। ਇਸ ਜੰਗੀ ਬੇੜੇ ਨੂੰ ਮੁਰੰਮਤ ਲਈ ਡਾਕ 'ਤੇ ਲਿਆਂਦਾ ਗਿਆ ਸੀ।
ਸ਼ੱਕ ਕੀਤਾ ਜਾ ਰਿਹਾ ਹੈ ਕਿ ਡਾਕ ਬਲਾਕ ਮਕੈਨੀਕਲ 'ਚ ਨੁਕਸ ਪੈਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਹਾਦਸੇ ਵੇਲੇ ਜੰਗੀ ਬੇੜੇ 'ਤੇ ਮਿਜ਼ਾਈਲਾਂ, ਸੈਂਸਰਗੰਨਾਂ ਅਤੇ ਖਤਰਨਾਕ ਤੋਪਾਂ ਸਨ। ਇਹ ਹਾਦਸਾ ਸੋਮਵਾਰ ਨੂੰ ਦੁਪਹਿਰ ਬਾਅਦ 1 ਵੱਜ ਕੇ 50 ਮਿੰਟ 'ਤੇ ਹੋਇਆ। ਬੇਤਵਾ ਨੂੰ ਮੁਰੰਮਤ ਲਈ ਨੇਵੀ ਦੇ ਡਾਕ ਯਾਰਡ ਵਿੱਚ ਲਿਆਂਦਾ ਗਿਆ ਸੀ। ਨੇਵੀ ਨੇ ਜਹਾਜ਼ ਨੂੰ ਬਚਾਉਣ ਲਈ ਸਾਰੀ ਤਾਕਤ ਝੋਕ ਦਿੱਤੀ।
ਸਮੁੰਦਰੀ ਫੌਜ ਦੇ ਬੁਲਾਰੇ ਕੈਪਟਨ ਡੀ ਕੇ ਸ਼ਰਮਾ ਨੇ ਦੱਸਿਆ ਕਿ ਗਾਈਡਿਡ ਮਿਜ਼ਾਈਲਾਂ ਨਾਲ ਲੈਸ ਜੰਗੀ ਬੇੜਾ ਮੁੰਬਈ 'ਚ ਸਮੁੰਦਰੀ ਫੌਜ ਦੀ ਗੋਦੀ ਤੋਂ ਬਾਹਰ ਕੱਢਦੇ ਸਮੇਂ ਇੱਕ ਪਾਸੇ ਨੂੰ ਪਲਟ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ।