ਸੰਸਦ ਨਾ ਚੱਲਣ ਤੋਂ ਅਡਵਾਨੀ ਸਖ਼ਤ ਖਫ਼ਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ ਦੇ ਫ਼ੈਸਲੇ ਤੋਂ ਬਾਅਦ ਸੰਸਦ 'ਚ ਪਿਛਲੇ 15 ਦਿਨਾਂ ਤੋਂ ਚੱਲ ਰਹੇ ਹੰਗਾਮੇ ਤੋਂ ਭਰੇ-ਪੀਤੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦਾ ਬੁੱਧਵਾਰ ਨੂੰ ਆਖਰ ਸਾਹਮਣੇ ਆ ਹੀ ਗਿਆ। ਸਦਨ 'ਚ ਹੰਗਾਮੇ ਨੂੰ ਲੈ ਕੇ ਉਨ੍ਹਾ ਨਾ ਸਿਰਫ਼ ਵਿਰੋਧੀ ਧਿਰ ਸਗੋਂ ਸਰਕਾਰ ਤੂੰ ਵੀ ਕਟਹਿਰੇ 'ਚ ਖੜਾ ਕਰ ਦਿੱਤਾ। ਉਨ੍ਹਾ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਨਾ ਤਾਂ ਸਪੀਕਰ ਤੇ ਨਾ ਹੀ ਸੰਸਦੀ ਮਾਮਲਿਆਂ ਦੇ ਮੰਤਰੀ ਸਦਨ ਨੂੰ ਚਲਾ ਪਾ ਰਹੇ ਹਨ।
ਬੇਹੱਦ ਗੁੱਸੇ 'ਚ ਨਜ਼ਰ ਆ ਰਹੇ ਅਡਵਾਨੀ ਨੂੰ ਸਦਨ 'ਚ ਵਿਰੋਧੀ ਧਿਰ ਦੇ ਕਈ ਮੈਂਬਰਾਂ ਦੇ ਨਾਅਰੇਬਾਜ਼ੀ ਕਰਦਿਆਂ ਸੱਤਾ ਧਿਰ ਦੀਆਂ ਸੀਟਾਂ ਸਾਹਮਣੇ ਆ ਜਾਣ 'ਤੇ ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ ਨਾਲ ਆਪਣੀ ਨਾਖੁਸ਼ੀ ਜ਼ਾਹਰ ਕਰਦੇ ਸੁਣਿਆ ਗਿਆ। ਕਾਂਗਰਸ, ਤ੍ਰਿਣਮੂਲ ਕਾਂਗਰਸ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕੀਤੇ ਜਾਣ ਦੇ ਫ਼ੌਰੀ ਬਾਅਦ ਅਡਵਾਨੀ ਨੂੰ ਇਹ ਕਹਿੰਦਾ ਸੁਣਿਆ ਗਿਆ, ''ਨਾ ਤਾਂ ਸਪੀਕਰ ਅਤੇ ਨਾ ਹੀ ਸੰਸਦੀ ਕਾਰਜ ਮੰਤਰੀ ਸਦਨ ਨੂੰ ਚਲਾ ਪਾ ਰਹੇ ਹਨ।'' ਉਨ੍ਹਾਂ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ, ''ਮੈਂ ਸਪੀਕਰ ਨੂੰ ਕਹਿਣ ਜਾ ਰਿਹਾ ਹਾਂ ਕਿ ਉਹ ਸਦਨ ਨਹੀਂ ਚਲਾ ਪਾ ਰਹੀ....ਮੈਂ ਲੋਕਾਂ ਨੂੰ ਇਹ ਕਹਿਣ ਜਾ ਰਿਹਾ ਹਾਂ ਕਿ ਦੋਨੋਂ ਇਸ ਦੇ ਪੱਖ ਹਨ।''
ਇਸ ਦੌਰਾਨ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੂੰ ਉਨ੍ਹਾ ਨੂੰ ਸ਼ਾਂਤ ਕਰਨ ਦਾ ਯਤਨ ਕਰਦਿਆਂ ਦੇਖਿਆ ਗਿਆ। ਅਨੰਤ ਕੁਮਾਰ ਮੀਡੀਆ ਗੈਲਰੀ ਵੱਲ ਵੀ ਇਸ਼ਾਰਾ ਕਰ ਰਹੇ ਸਨ। ਸ਼ਾਇਦ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਨ੍ਹਾ ਦੀ ਟਿਪਣੀ ਖ਼ਬਰ ਬਣ ਸਕਦੀ ਹੈ। ਸਦਨ ਮੁਲਤਵੀ ਹੋਣ ਤੋਂ ਬਾਅਦ 89 ਵਰ੍ਹਿਆਂ ਦੇ ਅਡਵਾਨੀ ਨੇ ਲੋਕ ਸਭਾ ਦੇ ਇੱਕ ਅਫ਼ਸਰ ਨੂੰ ਪੁੱਛਿਆ ਕਿ ਸਦਨ ਦੀ ਮੀਟਿੰਗ ਕਿੰਨੇ ਵਜੇ ਤੱਕ ਲਈ ਮੁਲਤਵੀ ਕੀਤੀ ਗਈ ਹੈ। ਜਦ ਅਫ਼ਸਰ ਨੇ ਦੱਸਿਆ ਕਿ ਦੋ ਵਜੇ ਤੱਕ ਲਈ ਮੁਲਤਵੀ ਕੀਤੀ ਗਈ ਹੈ ਤਾਂ ਉਨ੍ਹਾ ਗੁੱਸੇ ਦੇ ਕਿਹਾ, ''ਅਣਮਿੱਥੇ ਸਮੇਂ ਲਈ ਕਿਉਂ ਨਹੀਂ?''ਬਾਅਦ 'ਚ ਅਨੰਤ ਕੁਮਾਰ ਅਤੇ ਐੱਸ ਐੱਸ ਆਹਲੂਵਾਲੀਆ ਉਨ੍ਹਾ ਨੂੰ ਲੈ ਕੇ ਸਦਨ ਤੋਂ ਬਾਹਰ ਗਏ ਤੇ ਉਨ੍ਹਾ ਨੂੰ ਗੱਡੀ 'ਚ ਬਿਠਾਇਆ। ਅਨੰਤ ਕੁਮਾਰ ਨੇ ਬਾਅਦ 'ਚ ਕਿਹਾ ਕਿ ਅਡਵਾਨੀ ਸੀਨੀਅਰ ਆਗੂ ਹਨ ਤੇ ਸੰਸਦ 'ਚ ਕੰਮ ਨਾ ਹੋਣ ਤੋਂ ਖ਼ਫ਼ਾ ਹਨ।
ਜ਼ਿਕਰਯੋਗ ਹੈ ਕਿ ਅਡਵਾਨੀ ਭਾਜਪਾ ਦੇ ਮਾਰਗ ਦਰਸ਼ਕ ਮੰਡਲ ਦਾ ਹਿੱਸਾ ਹਨ। ਉਹ ਪਹਿਲਾਂ ਵੀ ਕਈ ਮੌਕਿਆਂ 'ਤੇ ਪਾਰਟੀ ਤੋਂ ਵੱਖਰੀ ਰਾਇ ਰੱਖ ਚੁੱਕੇ ਹਨ। ਮਾਰਗ ਦਰਸ਼ਕ ਮੰਡਲ ਦੇ ਇੱਕ ਹੋਰ ਆਗੂ ਮੁਰਲੀ ਮਨੋਹਰ ਜੋਸ਼ੀ ਕੋਲੋਂ ਕੁਝ ਦਿਨ ਪਹਿਲਾਂ ਜਦ ਨੋਟਬੰਦੀ ਦੇ ਫ਼ੈਸਲੇ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ।
ਜੋਸ਼ੀ ਨੇ ਪਹਿਲਾਂ ਤੋਂ ਮੋਦੀ ਸਰਕਾਰ ਦੇ ਇਸ ਫ਼ੈਸਲੇ ਦੀ ਤਾਰੀਫ਼ ਕੀਤੀ ਸੀ, ਪਰ ਸੱਤ ਦਿਨ ਬਾਅਦ ਜਦ ਉਨ੍ਹਾਂ ਨੂੰ ਫਿਰ ਤੋਂ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਸੀ ਕਿ ਮੈਂ ਚੁੱਪ ਰਹਿਣਾ ਬੇਹਤਰ ਸਮਝਾਂਗਾ। ਉਨ੍ਹਾ ਕਿਹਾ ਸੀ, ''ਇਹ ਇੱਕ ਰਾਜਨੀਤਕ ਫ਼ੈਸਲਾ ਹੈ ਅਤੇ ਮੈਂ ਇਸ ਬਾਰੇ ਕੁਝ ਵੀ ਨਾ ਬੋਲਣ ਦਾ ਫ਼ੈਸਲਾ ਕੀਤਾ ਹੈ।''