ਸਰਬੱਤ ਖਾਲਸਾ ਕਰਨ ਦੀ ਆਗਿਆ ਦੇਣ ਦੀ ਕੋਈ ਸੰਭਾਵਨਾ ਨਹੀਂ : ਬਾਦਲ


ਟੌਹੜਾ/ਭਾਦਸੋਂ (ਪਟਿਆਲਾ) (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸਿੱਖ ਗਰਮ ਖਿਆਲੀਆਂ ਨੂੰ ਸਰਬਤ ਖਾਲਸਾ ਕਰਨ ਦੀ ਆਗਿਆ ਦੇਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
ਅੱਜ ਟੌਹੜਾ ਪਿੰਡ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਕੁਝ ਮੁੱਠੀ ਭਰ ਅਖੌਤੀ ਆਗੂ 'ਸਰਬਤ ਖਾਲਸਾ' ਕਰਨ ਦੇ ਨਾਂਅ ਹੇਠ ਸੂਬੇ ਦੇ ਵਿਕਾਸ ਅਤੇ ਸ਼ਾਂਤੀ ਦੀ ਪ੍ਰਕ੍ਰਿਆ ਨੂੰ ਪਟੜੀ ਤੋਂ ਲਾਹੁਣ ਅਤੇ ਸੂਬੇ ਨੂੰ ਕਾਲੇ ਦੌਰ ਵਿਚ ਧੱਕਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੰਡ ਪਾਊ ਸ਼ਕਤੀਆਂ ਨੂੰ ਸਰਬਤ ਖਾਲਸਾ ਕਰਨ ਦੀ ਆਗਿਆ ਨਹੀਂ ਦੇਵੇਗੀ ਕਿਉਂਕਿ ਇਹ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਖਤਰੇ ਵਿਚ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਅਤੇ ਸ਼ਾਂਤੀ, ਫਿਰਕੂ ਸਦਭਾਵਨਾ, ਭਾਈਚਾਰੇ ਨੂੰ ਬਣਾਏ ਰੱਖਣ ਲਈ ਵਚਨਬੱਧ ਹੈ, ਜਿਸ ਕਰਕੇ ਕਾਨੂੰਨ ਵਿਵਸਥਾ ਨੂੰ ਹਰ ਕੀਮਤ ਉੱਤੇ ਕਾਇਮ ਰੱਖਿਆ ਜਾਵੇਗਾ।
ਮੋਗਾ ਰੈਲੀ ਦੇ ਉਦੇਸ਼ਾਂ ਸੰਬੰਧੀ ਪੁੱਛੇ ਜਾਣ ਉੱਤੇ ਮੁੱਖ ਮੰਤਰੀ ਨੇ ਕਿਹਾ ਕਿ 'ਪਾਣੀ ਬਚਾਓ, ਪੰਜਾਬ ਬਚਾਓ' ਰੈਲੀ ਦਾ ਬੁਨਿਆਦੀ ਮਕਸਦ ਪੰਜਾਬ ਦੇ ਲੋਕਾਂ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ਦੇ ਸੰਦਰਭ ਵਿਚ ਪਾਣੀਆਂ ਦੀ ਰਾਖੀ ਲਈ ਸੰਵੇਦਨਸ਼ੀਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਦਾ ਹੀ ਪੰਜਾਬ ਅਤੇ ਪੰਜਾਬੀਆਂ ਨਾਲ ਹਰੇਕ ਮੁੱਦੇ 'ਤੇ ਧੋਖਾ ਕੀਤਾ ਹੈ ਭਾਵੇਂ ਕਿ ਉਹ ਸਿਆਸੀ, ਸਮਾਜਿਕ, ਆਰਥਿਕ ਜਾਂ ਧਾਰਮਿਕ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਤੀ ਉਦਾਸੀਨ ਵਤੀਰੇ ਦਾ ਨਤੀਜਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਕੋਲ ਪਾਣੀ ਦੀ ਇਕ ਵੀ ਵਾਧੂ ਬੂੰਦ ਨਹੀਂ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਦਿੱਤਾ ਜਾਵੇਗਾ। ਇਸ ਕਰਕੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਨਿਰਮਾਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ। ਮੁੱਖ ਮੰਤਰੀ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ 'ਤੇ ਕਾਂਗਰਸ ਦੀਆਂ ਘਿਨਾਉਣੀਆਂ ਕਾਰਵਾਈਆਂ ਅਤੇ ਹੁਣ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦਾ ਸਮੱਰਥਣ ਪ੍ਰਾਪਤ ਕਰਨ ਲਈ ਵਿਧਾਨ ਸਭਾ ਤੋਂ ਅਸਤੀਫੇ ਦੇ ਕੇ ਮਗਰਮੱਛ ਦੇ ਹੰਝੂ ਵਹਾਉਣ ਦੇ ਪੈਂਤੜੇ ਤੋਂ ਲੋਕਾਂ ਨੂੰ ਸਾਵਧਾਨ ਕੀਤਾ।
6ਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਸੰਦਰਭ ਵਿਚ ਸਰਕਾਰੀ ਮੁਲਾਜ਼ਮਾਂ ਨੂੰ ਅੰਤ੍ਰਿਮ ਰਾਹਤ ਮੁਹੱਈਆ ਕਰਵਾਉਣ ਦੀਆਂ ਸੰਭਾਵਨਾਵਾਂ ਸੰਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਬਾਰੇ ਅੰਤਿਮ ਫੈਸਲਾ 6ਵੇਂ ਤਨਖਾਹ ਕਮਿਸ਼ਨ ਨਾਲ ਵਿਚਾਰ ਚਰਚਾ ਤੋਂ ਬਾਅਦ ਕਰੇਗੀ।
ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਸ੍ਰੀ ਸ਼ੇਰ ਸਿੰਘ ਘੁਬਾਇਆ ਦੇ ਪਰਵਾਰ ਵੱਲੋਂ ਜਲਾਲਾਬਾਦ ਵਿਖੇ ਚਲਾਏ ਜਾ ਰਹੇ ਇੰਜੀਨੀਅਰਿੰਗ ਕਾਲਜ ਉੱਤੇ ਵਿਜੀਲੈਂਸ ਵਿਭਾਗ ਵੱਲੋਂ ਮਾਰੇ ਗਏ ਛਾਪੇ ਦੇ ਸੰਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਘੁਬਾਇਆ ਉਨ੍ਹਾਂ ਦੇ ਪਰਵਾਰ ਦੇ ਮੈਂਬਰ ਵਾਂਗ ਹਨ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਮੱਤਭੇਦ ਨਹੀਂ ਹੈ।
ਇਸ ਤੋਂ ਪਹਿਲਾਂ ਟੌਹੜਾ, ਭਾਦਸੋਂ, ਨਾਭਾ ਅਤੇ ਛੀਂਟਾਂਵਾਲਾ ਵਿਖੇ ਸੰਗਤ ਦਰਸ਼ਨ ਦੌਰਾਨ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਪਿਛਲੇ ਇਕ ਦਹਾਕੇ ਦੇ ਸ਼ਾਸਨ ਦੌਰਾਨ ਸੂਬੇ ਦੇ ਸਮੁੱਚੇ ਵਿਕਾਸ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਅਨੇਕਾਂ ਨੀਤੀਆਂ ਨੂੰ ਅਮਲ ਵਿਚ ਲਿਆਂਦਾ ਹੈ ਅਤੇ ਸੂਬੇ ਤੇ ਲੋਕਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਹੈ, ਜਿਸ ਕਰਕੇ ਉਨ੍ਹਾਂ ਨੂੰ ਲਗਾਤਾਰ ਤੀਜੀ ਵਾਰੀ ਭਾਰੀ ਬਹੁਮਤ ਨਾਲ ਸੱਤਾ ਵਿਚ ਆਉਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਉਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੁੱਖ ਮੰਤਰੀ ਦੇ 2002 ਤੋਂ 2007 ਦੇ ਕਾਲ ਦੌਰਾਨ ਦੀ ਇਕ ਵੀ ਪ੍ਰਾਪਤੀ ਗਿਣਾਉਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਬੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਜਦਕਿ ਇਸ ਦੇ ਉਲਟ ਮੌਜੂਦਾ ਸਰਕਾਰ ਨੇ ਲੀਹੋਂ ਉਤਰੀ ਆਰਥਿਕਤਾ ਨੂੰ ਮੁੜ ਪੱਟੜੀ 'ਤੇ ਲਿਆਉਣ ਲਈ ਵੱਡੀਆਂ ਕੋਸ਼ਿਸ਼ਾਂ ਕੀਤੀਆਂ।
ਮੁੱਖ ਮੰਤਰੀ ਨੇ ਨਾਭਾ ਵਿਧਾਨ ਸਭਾ ਹਲਕੇ ਦੇ ਤਕਰੀਬਨ 140 ਪਿੰਡਾਂ ਅਤੇ 34 ਵਾਰਡਾਂ ਦੇ ਵਿਕਾਸ ਲਈ 20 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਹਾਜ਼ਰ ਹੋਰਨਾਂ ਵਿਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਐਨ.ਕੇ. ਸ਼ਰਮਾ, ਨਾਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਕਬੀਰ ਦਾਸ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ. ਕਰੁਣਾ ਰਾਜੂ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਰਣਧੀਰ ਸਿੰਘ ਰਖੜਾ, ਐਸ.ਜੀ.ਪੀ.ਸੀ. ਮੈਂਬਰ ਸਤਵਿੰਦਰ ਸਿੰਘ ਟੌਹੜਾ, ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਚੇਅਰਮੈਨ ਹਰੀ ਸਿੰਘ ਪ੍ਰੀਤ ਟਰੈਕਟਰ, ਸੀਨੀਅਰ ਅਕਾਲੀ ਆਗੂ ਮੱਖਣ ਸਿੰਘ ਲਾਲਕਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਕਿਰਪਾਲ ਸਿੰਘ ਕਲਿਆਣ, ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ ਲਖਬੀਰ ਸਿੰਘ ਲੋਟ, ਚੇਅਰਮੈਨ ਮਾਰਕੀਟ ਕਮੇਟੀ ਨਾਭਾ ਧਰਮ ਸਿੰਘ ਧਾਰੋਕੀ, ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਅਤੇ ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਸ਼ਾਮਲ ਸਨ।