90 ਕਰੋੜ ਦੇ ਨੋਟ ਤੇ ਇੱਕ ਕਵਿੰਟਲ ਸੋਨਾ ਜ਼ਬਤ ਸੁਨਿਆਰਿਆਂ ਦੇ ਘਰਾਂ 'ਤੇ ਟੈਕਸ ਵਿਭਾਗ ਵੱਲੋਂ ਛਾਪੇ

ਚੇਨਈ (ਨਵਾਂ ਜ਼ਮਾਨਾ ਸਰਵਿਸ)-ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਸੁਨਿਆਰਿਆਂ ਦੇ ਘਰਾਂ ਸਮੇਤ 8 ਥਾਵਾਂ 'ਤੇ ਛਾਪੇ ਮਾਰੇ। ਵਿਭਾਗ ਨੂੰ ਸੁਨਿਆਰਿਆਂ ਕੋਲ ਨਗਦੀ ਅਤੇ ਸੋਨੇ ਦੇ ਰੂਪ 'ਚ ਕਾਲਾ ਧਨ ਹੋਣ ਦਾ ਸ਼ੱਕ ਸੀ। ਇਸ ਛਾਪੇਮਾਰੀ ਦੌਰਾਨ ਹੁਣ ਤੱਕ 90 ਕਰੋੜ ਜ਼ਬਤ ਕੀਤੇ ਗਏ। ਜ਼ਬਤ ਕੀਤੀ ਗਈ ਰਕਮ 'ਚ 70 ਕਰੋੜ ਰੁਪਏ ਦੇ ਨਵੇਂ ਨੋਟ ਹਨ। 20 ਕਰੋੜ ਰੁਪਏ ਪੁਰਾਣੇ ਨੋਟਾਂ ਦੇ ਰੂਪ 'ਚ ਹਨ। ਛਾਪੇਮਾਰੀ ਦੌਰਾਨ ਆਮਦਨ ਕਰ ਵਿਭਾਗ ਨੇ 100 ਕਿਲੋ ਸੋਨਾ ਵੀ ਜ਼ਬਤ ਕੀਤਾ ਹੈ, ਜਿਸ ਦੀ ਕੀਮਤ 30 ਕਰੋੜ ਰੁਪਏ ਬਣਦੀ ਹੈ। ਇਹ ਛਾਪੇਮਾਰੀ ਵੀਰਵਾਰ ਸਵੇਰੇ 8 ਵਜੇ ਸ਼ੁਰੂ ਕੀਤੀ ਗਈ ਸੀ। ਸ਼ਹਿਰ ਦੇ ਟੀ ਨਗਰ ਅਤੇ ਅੰਨਾ ਨਗਰ ਸਮੇਤ 8 ਥਾਵਾਂ 'ਤੇ ਸੁਨਿਆਰਿਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਇੱਕ ਹੋਟਲ ਅਤੇ ਸੁਨਿਆਰਿਆਂ ਦੇ ਘਰਾਂ 'ਤੇ ਵੀ ਛਾਪੇ ਮਾਰੇ ਗਏ। ਆਮਦਨ ਕਰ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦਸਿਆ ਹੈ ਕਿ ਸ੍ਰੀਨਿਵਾਸਨ ਰੈਡੀ, ਉਸ ਦਾ ਸਹਿਯੋਗੀ ਸ਼ੇਖਰ ਰੈਡੀ ਅਤੇ ਉਨ੍ਹਾ ਦਾ ਏਜੰਟ ਪ੍ਰੇਮ ਸ਼ੱਕੀ ਵਿਅਕਤੀਆਂ ਦੀ ਸੂਚੀ 'ਚ ਸ਼ਾਮਲ ਹਨ। ਉਨ੍ਹਾ ਦਸਿਆ ਕਿ 70 ਕਿਲੋ ਸੋਨਾ ਇੱਕ ਹੋਟਲ 'ਚੋਂ ਬ੍ਰਾਮਦ ਕੀਤਾ ਗਿਆ ਹੈ। ਦੋਸ਼ੀ ਕਿਸੇ ਵੱਡੇ ਸ਼ਖ਼ਸ ਦਾ ਏਜੰਟ ਦੱਸਿਆ ਜਾ ਰਿਹਾ ਹੈ।
ਇਸ ਛਾਪੇਮਾਰੀ ਦੌਰਾਨ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਕਾਰੋਬਾਰੀ ਸ਼ੇਖਰ ਰੈਡੀ, ਸ੍ਰੀਨਿਵਾਸਨ ਰੈਡੀ ਅਤੇ ਪ੍ਰੇਮ ਤੋਂ ਪੁੱਛਗਿੱਛ ਵੀ ਕੀਤੀ ਹੈ। ਛਾਪੇਮਾਰੀ ਦੌਰਾਨ ਪੁਰਾਣੇ ਨੋਟ ਬਦਲਣ ਦਾ ਧੰਦਾ ਵੀ ਬੇਨਕਾਬ ਹੋਇਆ ਹੈ।
ਸ਼ਹਿਰ 'ਚ 8 ਨਵੰਬਰ ਤੋਂ ਸੁਨਿਆਰਿਆਂ ਵਿਰੁੱਧ ਛਾਪੇਮਾਰੀ ਚੱਲ ਰਹੀ ਹੈ। ਅਧਿਕਾਰੀ ਨੇ ਦਸਿਆ ਕਿ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਦੇ ਸ਼ੱਕ ਹੇਠ 11 ਨਵੰਬਰ ਨੂੰ 11 ਸੁਨਿਆਰਿਆਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਸਨ।