ਭਗਵੰਤ ਮਾਨ ਨੂੰ ਮੁਅੱਤਲ ਕਰਨ ਦੀ ਸਿਫਾਰਸ਼


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੰਸਦੀ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਮੌਜੂਦਾ ਸਰਦ ਰੁੱਤ ਸਮਾਗਮ ਦੀਆਂ ਬਾਕੀ ਬੈਠਕਾਂ ਲਈ ਮੁਅੱਤਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਨੇ ਭਗਵੰਤ ਮਾਨ ਨੂੰ ਸੰਸਦ ਦੀ ਸੁਰੱਖਿਆ ਚੈਕਿੰਗ ਦੀ ਵੀਡੀਓ ਬਣਾ ਕੇ ਉਸ ਨੂੰ ਫੇਸ ਬੁੱਕ 'ਤੇ ਪਾ ਦਿੱਤਾ ਸੀ। ਸੰਸਦੀ ਕਮੇਟੀ ਨੇ ਵੀਰਵਾਰ ਨੂੰ ਆਪਣੀ ਜਾਂਚ ਰਿਪੋਰਟ ਸਦਨ ਸਾਹਮਣੇ ਰੱਖੀ। ਹਾਲਾਂਕਿ ਭਗਵੰਤ ਮਾਨ ਨੇ ਇਸ ਮਾਮਲੇ 'ਚ 22 ਜੁਲਾਈ ਨੂੰ ਮਾਫ਼ੀ ਮੰਗ ਲਈ ਸੀ, ਪਰ ਇਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਭਗਵੰਤ ਮਾਨ ਨੇ ਆਪਣੇ ਘਰ ਤੋਂ ਲੈ ਕੇ ਸੰਸਦ ਦੇ ਅੰਦਰ ਤੱਕ ਦਾ ਲਾਈਵ ਵੀਡੀਓ ਸ਼ੇਅਰ ਕੀਤਾ ਸੀ। ਭਾਜਪਾ ਅਤੇ ਅਕਾਲੀ ਦਲ ਦੇ ਸਾਂਸਦਾਂ ਨੇ ਇਸ ਨੂੰ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਦਸਿਆ ਸੀ। ਇਸ ਮਾਮਲੇ ਦਾ ਸਪੀਕਰ ਨੇ ਆਪਣੇ ਤੌਰ 'ਤੇ ਸਖ਼ਤ ਨੋਟਿਸ ਲਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਪਹਿਲਾਂ ਭਗਵੰਤ ਮਾਨ ਨੇ ਇਸ ਮਾਮਲੇ 'ਚ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲੇ ਦੇ ਵੱਧ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਮਾਫ਼ੀ ਮੰਗ ਲਈ ਸੀ, ਪਰ ਇਹ ਮਾਮਲਾ ਇਥੇ ਹੀ ਨਹੀਂ ਮੁੱਕਿਆ ਸੀ।