ਅਮਰੀਕਾ ਤੋਂ ਬਾਅਦ ਸਾਉਦੀ ਅਰਬ ਫੜੇਗਾ ਅਫਗਾਨਿਸਤਾਨ ਦੀ ਬਾਂਹ


ਅਫਗਾਨਿਸਤਾਨ
(ਨਵਾਂ ਜ਼ਮਾਨਾ ਸਰਵਿਸ)
ਅਫਗਾਨਿਸਤਾਨ ਪਿਛਲੇ 15 ਸਾਲਾਂ ਤੋਂ ਤਾਲਿਬਾਨ ਖਿਲਾਫ ਲੜਨ ਲਈ ਅਮਰੀਕਾ ਦੀ ਮਦਦ ਲੈਂਦਾ ਰਿਹਾ ਹੈ, ਪਰ ਹੁਣ ਅਮਰੀਕਾ ਕੋਈ ਮਦਦ ਨਹੀਂ ਕਰਨਾ ਚਾਹੁੰਦਾ। ਇਨ੍ਹਾਂ ਹਾਲਤਾਂ 'ਚ ਤਾਲਿਬਾਨ ਦੇ ਹਮਲਿਆਂ 'ਚੋਂ ਗੁਜ਼ਰ ਰਿਹਾ ਇਹ ਦੇਸ਼ ਲੋਕਤੰਤਰ ਨੂੰ ਬਚਾਉਣ ਲਈ ਸਾਉਦੀ ਅਰਬ ਤੋਂ ਮਦਦ ਮੰਗ ਰਿਹਾ ਹੈ। ਅਮਰੀਕਾ ਨੇ ਤਾਲਿਬਾਨ ਨਾਲ ਲੜਨ ਲਈ 5 ਕਰੋੜ ਡਾਲਰ ਖਰਚ ਕੀਤੇ ਹਨ। ਪਿਛਲੇ ਡੇਢ ਦਹਾਕੇ 'ਚ ਇੱਥੇ ਹੁਣ ਤੱਕ ਕਰੀਬ ਡੇਢ ਲੱਖ ਲੋਕ ਮਰ ਚੁਕੇ ਹਨ। ਨਿਊਯਾਰਕ ਟਾਈਮਜ਼ ਮੁਤਾਬਿਕ ਅਮਰੀਕਾ ਦੇ ਜਾਣ ਨਾਲ ਦੇਸ਼ 'ਚ ਤਾਲਿਬਾਨ ਦੇ ਖਤਰੇ ਦਾ ਅੰਦਾਜ਼ਾ ਲਾਉਂਦੇ ਹੋਏ ਅਫਗਾਨ ਨੇਤਾਵਾਂ ਨੇ ਸਾਉਦੀ ਅਰਬ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਹਾਲਾਂਕਿ ਇਹ ਸਾਉਦੀ ਅਰਬ 'ਤੇ ਹੈ ਕਿ ਉਹ ਅਫਗਾਨਿਸਤਾਨ ਦੀ ਮਦਦ ਕਰੇਗਾ ਜਾਂ ਤਾਲਿਬਾਨ ਦੀ। ਸਾਉਦੀ ਅਰਬ ਦੇ ਹਾਲਾਤ ਉਸ ਨੂੰ ਖਾਸ ਬਣਾਉਂਦੇ ਹਨ।
ਲੰਮੇ ਸਮੇਂ ਤੋਂ ਸਾਉਦੀ ਅਰਬ ਪਕਿਸਤਾਨ ਦੇ ਤਾਲਿਬਾਨ ਨੂੰ ਹੱਲਾਸ਼ੇਰੀ ਦੇਣ ਦਾ ਸਮੱਰਥਨ ਕਰਦਾ ਰਿਹਾ ਹੈ, ਪਰ ਪਿਛਲੇ ਕੁਝ ਸਾਲਾਂ 'ਚ ਸਾਉਦੀ ਦੇ ਸ਼ੇਖ ਅਤੇ ਅਮੀਰ ਵੀ ਖੁਫੀਆ ਰੂਪ ਨਾਲ ਅਤਵਾਦੀਆਂ ਵੱਲੋਂ ਕੀਤੀ ਜੰਗ ਨੂੰ ਹੱਲਾਸ਼ੇਰੀ ਦਿੰਦੇ ਆ ਰਹੇ ਹਨ। ਹਾਲਾਂਕਿ ਅਧਿਕਾਰਤ ਤੌਰ 'ਤੇ ਸਾਉਦੀ ਅਰਬ ਨੇ ਅਫਗਾਨਿਸਤਾਨ 'ਚ ਅਮਰੀਕੀ ਮਿਸ਼ਨ ਦਾ ਸਮੱਰਥਨ ਕੀਤਾ ਹੈ। ਸਾਉਦੀ ਅਰਬ ਤਾਲਿਬਾਨ ਅਤੇ ਹੋਰ ਕਟੱੜਪੰਥੀਆਂ ਦੇ ਗਰੁੱਪ ਨੂੰ ਮਿਲਣ ਵਾਲੀ ਨਿੱਜੀ ਫੰਡਿੰਗ ਨੂੰ ਲੈ ਕੇ ਵੀ ਚੁੱਪ ਵੱਟ ਲੈਂਦਾ ਹੈ। ਸਾਉਦੀ ਦੇ ਲੋਕ ਖੁਫੀਆ ਤਰੀਕੇ ਨਾਲ ਤਾਲਿਬਾਨ ਨੂੰ ਆਰਥਿਕ ਮਦਦ ਦਿੰਦੇ ਹਨ, ਜਿਸ ਨਾਲ ਇਸ ਖੇਤਰ 'ਚ ਸਾਉਦੀ ਅਰਬ ਬਹੁਤ ਅਹਿਮ ਬਣ ਗਿਆ ਹੈ।
ਅਫਗਾਨਿਸਤਾਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੁਝ ਮਹੀਨਿਆਂ 'ਚ ਹੀ 40 ਹਜ਼ਾਰ ਲੜਾਕਿਆਂ ਦੇ ਨਾਲ ਦੇਸ਼ ਦੇ 8 ਇਲਾਕਿਆਂ 'ਚ ਤਾਲਿਬਾਨ ਹੋਰ ਖਤਰਨਾਕ ਹੋਇਆ ਹੈ। ਉਸ ਨੂੰ ਬੜ੍ਹਾਵਾ ਦੇਣ 'ਚ ਵਿਦੇਸ਼ੀ ਸੂਤਰਾਂ ਤੋਂ ਆਉਂਦੇ ਪੈਸੇ ਦਾ ਵੱਡਾ ਯੋਗਦਾਨ ਹੈ। ਅਫਗਾਨ ਅਧਿਕਾਰੀਆਂ ਮੁਤਾਬਿਕ ਤਾਲਿਬਾਨ ਨੂੰ ਵਿਦੇਸ਼ਾਂ ਤੋਂ ਇਕ ਅਰਬ ਡਾਲਰ ਦਾ ਫੰਡ ਮਿਲਿਆ ਹੈ।
ਦੂਜੇ ਪਾਸੇ ਸਾਉਦੀ ਅਰਬ ਅਫਗਾਨਿਸਤਾਨ ਦੇ ਨਾਲ ਰੱਖਿਆ ਅਤੇ ਵਿਕਾਸ ਦੇ ਖੇਤਰ 'ਚ ਸਮਝੌਤੇ ਕਰ ਰਿਹਾ ਹੈ। ਸਾਲ 2001 'ਚ ਅਮਰੀਕਾ ਨੇ 9/11 ਹਮਲੇ ਤੋਂ ਬਾਅਦ ਅਫਗਾਨਿਸਤਾਨ 'ਚ ਬੰਬਾਰੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਦੇਸ਼ 'ਚ ਤਾਲਿਬਾਨ ਦਾ ਰਾਜ ਖਤਮ ਹੋਇਆ ਸੀ ਅਤੇ ਲੋਕਤੰਤਰ ਸਰਕਾਰ ਬਣੀ ਸੀ। ਹੁਣ ਅਮਰੀਕਾ ਅਫਗਾਨਿਸਤਾਨ ਤੋਂ ਬਾਹਰ ਜਾ ਰਿਹਾ ਹੈ ਤਾਂ ਅਫਗਾਨਿਤਸਾਨ 'ਚ ਲੋਕਤੰਤਰ ਦਾ ਭਵਿਖ ਖਤਰੇ 'ਚ ਜਾਪ ਰਿਹਾ ਹੈ।