ਅਗਲੇ ਪੰਜ ਸਾਲਾਂ 'ਚ ਬੰਦ ਹੋ ਜਾਵੇਗਾ 2000 ਦਾ ਨੋਟ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਨਰਿੰਦਰ ਮੋਦੀ ਦੀ ਸਰਕਾਰ ਨੇ 8 ਨਵੰਬਰ ਨੂੰ ਨੋਟਬੰਦੀ ਤੋਂ ਬਾਅਦ 500 ਅਤੇ 2000 ਦੇ ਨਵੇਂ ਨੋਟ ਜਾਰੀ ਕੀਤੇ ਹਨ, ਪਰ ਆਰ ਐਸ ਐਸ ਨਾਲ ਜੁੜੇ ਇੱਕ ਅਰਥ ਸ਼ਾਸਤਰੀ ਐਸ ਗੁਰੂ ਮੂਰਤੀ ਨੇ ਕਿਹਾ ਹੈ ਕਿ 2000 ਦਾ ਨਵਾਂ ਨੋਟ ਅਗਲੇ ਪੰਜ ਸਾਲਾਂ ਵਿੱਚ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੋਟਬੰਦੀ ਕਾਰਨ ਕੈਸ਼ ਵਿੱਚ ਆਉਣ ਵਾਲੀ ਕਿੱਲਤ ਨਾਲ ਸਿੱਝਣ ਨਾਲ 2000 ਦਾ ਵੱਡਾ ਨੋਟ ਲਿਆਉਣ ਦਾ ਫ਼ੈਸਲਾ ਲਿਆ ਸੀ ਅਤੇ ਇਹ ਨੋਟ ਅਗਲੇ ਪੰਜ ਸਾਲਾਂ ਵਿੱਚ ਬੰਦ ਕਰ ਦਿੱਤਾ ਜਾਵੇਗਾ। ਇੱਕ ਇੰਟਰਵਿਊ ਵਿੱਚ ਗੁਰੂ ਮੂਰਤੀ ਨੇ ਕਿਹਾ ਹੈ ਕਿ ਭਵਿੱਖ ਵਿੱਚ 500 ਦਾ ਨੋਟ ਹੀ ਸਭ ਤੋਂ ਵੱਡੀ ਕਰੰਸੀ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਭਾਵੇਂ 2000 ਦਾ ਨੋਟ ਬੰਦ ਕਰ ਦੇਵੇ ਪਰ ਛੋਟੀ ਕਰੰਸੀ ਜਾਰੀ ਰਹੇਗੀ। ਮੋਦੀ ਸਰਕਾਰ ਨੇ 500 ਅਤੇ 1000 ਦੇ ਨੋਟ ਬੰਦ ਕੀਤੇ ਜਾਣ ਸਮੇਂ ਕਿਹਾ ਸੀ ਕਿ ਇਸ ਨਾਲ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਨਾਲ ਸਿੱਝਣ ਵਿੱਚ ਮਦਦ ਮਿਲੇਗੀ। ਇਸ ਬਾਰੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਨੇ ਸਵਾਲ ਉਠਾਉਂਦੇ ਕਿਹਾ ਸੀ ਕਿ 1000 ਦੇ ਨੋਟ ਨਾਲ ਜੇ ਭ੍ਰਿਸ਼ਟਾਚਾਰ ਵੱਧ ਰਿਹਾ ਹੈ ਤਾਂ 2000 ਦੇ ਵੱਡੇ ਨੋਟ ਨਾਲ ਭ੍ਰਿਸ਼ਟਾਚਾਰ ਵਿੱਚ ਹੋਰ ਵਾਧਾ ਹੋਵੇਗਾ। ਇਸ ਤੋਂ ਇਲਾਵਾ ਬਾਜ਼ਾਰ ਵਿੱਚ 2000 ਦੇ ਨੋਟ ਨਾਲ ਖ਼ਰੀਦਦਾਰੀ ਕਰਨ ਵਿੱਚ ਲੋਕਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।