ਪੁੱਟਿਆ ਪਹਾੜ ਨਿਕਲਿਆ ਚੂਹਾ : ਚਿਦੰਬਰਮ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪੀ. ਚਿਦੰਬਰਮ ਨੇ ਨੋਟਬੰਦੀ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਫ਼ੈਸਲਾ ਲਾਗੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਦੀ ਸਲਾਹ ਨਹੀਂ ਲਈ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਸਿਰਫ਼ ਗ਼ਰੀਬਾਂ ਦੀ ਜ਼ਿੰਦਗੀ ਹੀ ਮੁਸ਼ਕਲ ਬਣੀ ਹੈ, ਜਦਕਿ ਅਮੀਰਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਿਆ ਹੈ। ਚਿਦੰਬਰਮ ਨੇ ਨੋਟਬੰਦੀ ਨੂੰ ਸਭ ਤੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਮਾਮਲੇ ਦੀ ਡੂੰਘਿਆਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਵੱਡਾ ਅਪਰਾਧ ਹੈ ਅਤੇ ਇਸ ਦੀ ਅਪਰਾਧਿਕ ਜਾਂਚ ਹੋਣੀ ਚਾਹੀਦੀ ਹੈ। ਚਿਦੰਬਰਮ ਨੇ ਕਿਹਾ ਕਿ ਹਰ ਬੈਂਕ ਕਹਿ ਰਿਹਾ ਹੈ ਕਿ ਉਸ ਕੋਲ ਕੈਸ਼ ਨਹੀਂ ਹੈ ਅਤੇ ਅਜਿਹੀ ਸੂਰਤ ਵਿੱਚ ਲੋਕ 24000 ਰੁਪਿਆ ਕਿੱਥੋਂ ਕਢਵਾਉਣ। ਚਿਦੰਬਰਮ ਨੇ ਕਿਹਾ ਕਿ ਪੈਸੇ ਦੀ ਕਿੱਲਤ ਨਾਲ ਕਿਸਾਨ ਅਤੇ ਮਜ਼ਦੂਰ ਸਭ ਤੋਂ ਵੱਧ ਪ੍ਰੇਸ਼ਾਨ ਹਨ, ਪਰ ਅਮੀਰਾਂ 'ਤੇ ਇਸ ਦਾ ਕੋਈ ਅਸਰ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ 50 ਦਿਨਾਂ ਦੇ ਅੰਦਰ ਹਾਲਾਤ ਆਮ ਵਰਗੇ ਹੋ ਜਾਣਗੇ। ਪਰ ਮੌਜੂਦਾ ਹਾਲਾਤ ਤੋਂ ਲੱਗਦਾ ਹੈ ਕਿ ਆਮ ਵਰਗੀ ਹਾਲਤ ਹੋਣ ਲਈ ਘੱਟੋ-ਘੱਟ 7 ਮਹੀਨੇ ਦਾ ਸਮਾਂ ਲੱਗੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 50 ਦਿਨਾਂ ਦੇ ਅੰਦਰ ਹਾਲਾਤ ਆਮ ਵਰਗੇ ਹੋਣ ਦੇ ਕੀਤੇ ਜਾ ਰਹੇ ਦਾਅਵੇ ਵਿੱਚ ਕੋਈ ਦਮ ਨਹੀਂ ਹੈ। ਚਿਦੰਬਰਮ ਨੇ 500 ਦਾ ਨੋਟ ਬੰਦ ਕੀਤੇ ਜਾਣ ਵਾਰੇ ਵੀ ਸਵਾਲ ਉਠਾਇਆ ਹੈ। ਉਨ੍ਹਾ ਸਰਕਾਰ ਨੂੰ ਪੁੱਛਿਆ ਹੈ ਕਿ 500, ਜੋ ਆਮ ਕਰੰਸੀ ਸੀ, ਇਸ ਨੂੰ ਕਿਉਂ ਬੰਦ ਕੀਤਾ ਗਿਆ।
ਉਨ੍ਹਾਂ ਸਵਾਲ ਕੀਤਾ ਕਿ ਦਿੱਲੀ ਅਤੇ ਮੁੰਬਈ ਸ਼ਹਿਰਾਂ ਵਿੱਚ ਕੀ ਕੋਈ 500 ਰੁਪਏ ਤੋਂ ਘੱਟ ਪੈਸਿਆਂ ਨਾਲ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕੋਈ 2 ਲੱਖ ਤੋਂ ਵੱਧ ਏ ਟੀ ਐਮ ਹਨ, ਜਿਨ੍ਹਾਂ ਵਿੱਚੋਂ ਕੇਵਲ 35 ਫ਼ੀਸਦੀ ਹੀ ਚੱਲ ਰਹੇ ਹਨ ਅਤੇ 65 ਫ਼ੀਸਦੀ ਏ ਟੀ ਐਮ ਵਿੱਚ ਪੈਸਾ ਹੀ ਨਹੀਂ ਹੈ। ਉਨ੍ਹਾ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਬਾਜ਼ਾਰਾਂ ਵਿੱਚ ਸੁੰਨਸਾਨ ਪਈ ਹੋਈ ਹੈ ਅਤੇ ਦੁਕਾਨਦਾਰ ਵਿਹਲੇ ਬੈਠੇ ਹਨ।