ਸਾਥੀ ਸੰਗਤ ਸਿੰਘ ਅਬੋਹਰ ਨਹੀਂ ਰਹੇ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਲੰਮਾ ਸਮਾਂ ਸੀ ਪੀ ਆਈ ਅਬੋਹਰ ਦੇ ਬਲਾਕ ਸਕੱਤਰ, ਜ਼ਿਲ੍ਹਾ ਫਿਰੋਜ਼ਪੁਰ ਦੀ ਪਾਰਟੀ ਦੇ ਕਾਰਜਕਾਰਨੀ ਮੈਂਬਰ ਅਤੇ ਪਾਰਟੀ ਦੀ ਸੂਬਾ ਕੌਂਸਲ ਦੇ ਮੈਂਬਰ ਰਹੇ ਸਾਥੀ ਸੰਗਤ ਸਿੰਘ ਅਬੋਹਰ ਦਾ ਲੰਮੀ ਬਿਮਾਰੀ ਬਾਅਦ ਦਿਹਾਂਤ ਹੋ ਗਿਆ।
ਉਹਨਾਂ ਦਾ ਸਸਕਾਰ ਸਾਥੀ ਸੰਗਤ ਸਿੰਘ ਨੂੰ ਲਾਲ ਸਲਾਮ ਅਤੇ ਸਾਥੀ ਸੰਗਤ ਸਿੰਘ ਅਮਰ ਰਹੇ ਦੇ ਨਾਅਰਿਆਂ ਦੌਰਾਨ ਅਬੋਹਰ ਵਿਚ ਕਰ ਦਿੱਤਾ ਗਿਆ। ਉਹਨਾਂ ਦੀ ਦੇਹ ਉਤੇ ਸਰਵ ਸਾਥੀ ਵਜ਼ੀਰ ਚੰਦ, ਕਿਸਾਨ ਆਗੂ ਰਿਸ਼ੀਪਾਲ, ਖੇਤ ਮਜ਼ਦੂਰ ਆਗੂ ਅਤੇ ਹਰਦੀਪ ਸਿੰਘ ਬਲਾਕ ਸਕੱਤਰ ਸੀ ਪੀ ਆਈ ਨੇ ਲਾਲ ਝੰਡਾ ਪਾਇਆ। ਕੁਝ ਸਾਲ ਪਹਿਲਾਂ ਉਹਨਾਂ ਦਾ ਚੂੱਲ੍ਹਾ ਟੁੱਟ ਗਿਆ ਸੀ ਅਤੇ ਉਹ ਏਨਾ ਚਿਰ ਬਿਮਾਰੀ ਨਾਲ ਜੂਝਦੇ ਹੋਏ ਵੀ ਪਾਰਟੀ ਦਾ ਕੰਮ ਕਰ ਰਹੇ ਸਨ। ਉਹਨਾਂ ਦੀ ਉਮਰ 77 ਸਾਲ ਦੇ ਕਰੀਬ ਸੀ। ਉਹ ਆਪਣੇ ਪਿੱਛੇ ਦੋ ਕੁੜੀਆਂ ਅਤੇ ਉਹਨਾਂ ਦੇ ਪਰਵਾਰ ਛੱਡ ਗਏ ਹਨ।
ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਸਾਥੀ ਸੰਗਤ ਸਿੰਘ ਦੀ ਮੌਤ ਉਤੇ ਸੂਬਾ ਪਾਰਟੀ ਵੱਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਾਬਕ ਕੌਮੀ ਕੌਂਸਲ ਮੈਂਬਰ ਸਾਥੀ ਹਰਭਜਨ ਸਿੰਘ ਅਤੇ ਸੂਬਾ ਸਕੱਤਰੇਤ ਮੈਂਬਰ ਸਾਥੀ ਗੁਰਨਾਮ ਕੰਵਰ ਜਿਹਨਾਂ ਸਾਥੀ ਸੰਗਤ ਸਿੰਘ ਦੀ ਅਗਵਾਈ ਵਿਚ ਅਬੋਹਰ ਵਿਚ 60ਵਿਆਂ ਅਤੇ 70ਵਿਆਂ ਦੌਰਾਨ ਕੰਮ ਕੀਤਾ ਸੀ, ਨੇ ਸਾਥੀ ਸੰਗਤ ਸਿੰਘ ਦੀ ਲੰਮੀ ਸੰਘਰਸ਼ਾਂ ਭਰੀ ਜ਼ਿੰਦਗੀ ਅਤੇ 50 ਸਾਲ ਤੋਂ ਵੱਧ ਸਮਾਂ ਪਾਰਟੀ ਦੀ ਤਨਦੇਹੀ ਨਾਲ ਕੀਤੀ ਸੇਵਾ ਨੂੰ ਚੇਤੇ ਕਰਦਿਆਂ ਉਹਨਾਂ ਦੇ ਦਿਹਾਂਤ ਨੂੰ ਪਾਰਟੀ ਖਾਸ ਕਰਕੇ ਅਬੋਹਰ ਇਲਾਕੇ ਦੀ ਪਾਰਟੀ ਲਈ ਵੱਡਾ ਘਾਟਾ ਆਖਿਆ।