4000 ਪੋਲਿੰਗ ਬੂਥਾਂ 'ਤੇ ਰਹੇਗੀ ਚੋਣ ਕਮਿਸ਼ਨ ਦੀ ਅੱਖ


ਲੁਧਿਆਣਾ (ਧਰਮਪਾਲ ਮੈਨਰਾ)- ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀ ਵਿੱਢ ਦਿੱਤੀ ਹੈ। ਚੋਣ ਕਮਿਸ਼ਨ ਦੀ 4000 ਚੋਣ ਬੂਥਾਂ 'ਤੇ ਖਾਸ ਨਜ਼ਰ ਰਹੇਗੀ।ਮੁੱਖ ਚੋਣ ਅਫ਼ਸਰ ਵੀ. ਕੇ. ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਹਿੰਸਾ ਦਾ ਕੋਈ ਵੀ ਖਦਸ਼ਾ ਨਹੀਂ।ਫਿਰ ਵੀ ਅਤਿ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਹੋਣ ਵਾਲੀ ਹਰੇਕ ਹਰਕਤ 'ਤੇ ਨਜ਼ਰ ਰੱਖਣ ਲਈ 4000 ਵੈੱਬ ਕੈਮਰੇ ਲਾਏ ਜਾਣਗੇ।
ਸਥਾਨਕ ਕੁੰਦਨ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਬਾਰੇ ਜਾਗਰੂਕ ਕਰਨ ਬਾਰੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ. ਕੇ. ਸਿੰਘ ਨੇ ਕਿਹਾ ਕਿ ਚੋਣਾਂ ਲਈ ਚੋਣ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ।ਹੁਣ ਤੱਕ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।
ਵੋਟਾਂ ਵਾਲੇ ਦਿਨ ਕੁਝ ਪੋਲਿੰਗ ਸਟੇਸ਼ਨਾਂ 'ਤੇ ਸਿਆਸੀ ਪਾਰਟੀਆਂ ਦੇ ਵਰਕਰਾਂ ਵੱਲੋਂ ਬੇਲੋੜੀ ਦਖ਼ਲ-ਅੰਦਾਜ਼ੀ, ਵੋਟਰਾਂ ਨੂੰ ਭਰਮਾਉਣ ਤੇ ਉਨ੍ਹਾਂ ਦੀ ਵੋਟ ਖੁਦ ਪੁਆਉਣ 'ਤੇ ਜ਼ੋਰ-ਜ਼ਬਰਦਸਤੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਕਿਸੇ ਵੀ ਪੋਲਿੰਗ ਸਟੇਸ਼ਨ 'ਤੇ ਹਿੰਸਾ ਬਗੈਰਾ ਦਾ ਕੋਈ ਖਦਸ਼ਾ ਨਹੀਂ, ਪਰ ਫਿਰ ਵੀ ਕਮਿਸ਼ਨ ਵੱਲੋਂ ਸੂਬੇ ਭਰ ਵਿੱਚ 4000 ਪੋਲਿੰਗ ਸਟੇਸ਼ਨਾਂ 'ਤੇ ਵੈੱਬ ਕੈਮਰੇ ਸਥਾਪਿਤ ਕੀਤੇ ਜਾਣਗੇ।
ਇਹ ਵੈੱਬ ਕੈਮਰੇ 3-ਜੀ ਅਤੇ 4-ਜੀ ਕੁਨੈਕਟੀਵਿਟੀ ਰਾਹੀਂ ਜ਼ਿਲ੍ਹਾ ਚੋਣ ਦਫ਼ਤਰ, ਚੋਣ ਦਫ਼ਤਰ ਚੰਡੀਗੜ੍ਹ ਤੇ ਭਾਰਤੀ ਚੋਣ ਕਮਿਸ਼ਨ ਦੇ ਨਵੀਂ ਦਿੱਲੀ ਸਥਿਤ ਦਫ਼ਤਰ ਨਾਲ ਜੁੜੇ ਹੋਣਗੇ। ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਵੈੱਬ ਕੈਮਰੇ ਸਥਾਪਿਤ ਕਰਨ ਦਾ ਤਜ਼ਰਬਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ, ਜਿਸ ਦੇ ਬਹੁਤ ਹੀ ਲਾਹੇਵੰਦ ਨਤੀਜੇ ਮਿਲਣ ਦੀ ਸੰਭਾਵਨਾ ਹੈ।