ਅਣਖੀ ਦੀ ਬਰਸੀ ਦੀਆਂ ਤਿਆਰੀਆਂ ਮੁਕੰਮਲ

ਪਟਿਆਲਾ (ਨ ਜ਼ ਸ)
ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਵੱਲੋਂ ਸੂਬਾ ਪੱਧਰ 'ਤੇ 16 ਦਸੰਬਰ ਨੂੰ ਕਾਮਰੇਡ ਭਗਵਾਨ ਸਿੰਘ ਅਣਖੀ ਦੀ 25ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਟਿਆਲਾ ਸ਼ਹਿਰ ਅੰਦਰ ਝੰਡੀਆਂ, ਮਾਟੋ ਅਤੇ ਇਸ਼ਤਿਹਾਰ ਲਗਾਏ ਜਾ ਰਹੇ ਹਨ। ਬਰਸੀ ਸਮੇਂ 'ਨਵਾਂ ਜ਼ਮਾਨਾ' ਅਖਬਾਰ ਵੱਲੋਂ ਵਿਸ਼ੇਸ਼ ਸਪਲੀਮੈਂਟ ਕੱਢਿਆ ਜਾ ਰਿਹਾ ਹੈ। ਜਥੇਬੰਦੀ ਦੇ ਸੂਬਾਈ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਬ੍ਰਿਜਲਾਲ, ਅਮਰੀਕ ਸਿੰਘ ਨੂਰਪੁਰ, ਮਹਿੰਦਰ ਨਾਥ, ਗੋਬਿੰਦ ਕਾਂਤ ਝਾਅ, ਸੁਰਿੰਦਰ ਸਿੰਘ, ਕਰਮ ਚੰਦ ਖੰਨਾ ਅਤੇ ਰਛਪਾਲ ਸਿੰਘ ਸੰਧੂ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਵਿੱਚ ਆਪਣੇ ਆਗੂਆਂ ਪ੍ਰਤੀ ਭਾਰੀ ਉਤਸ਼ਾਹ ਹੈ, ਜੋ ਹਜ਼ਾਰਾਂ ਦੀ ਗਿਣਤੀ ਵਿੱਚ ਪਟਿਆਲਾ ਪਹੁੰਚ ਕੇ ਵਿਛੜੇ ਆਗੂਆਂ ਤੇ ਵਰਕਰਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਨ ਲਈ ਸੂਬਾ ਪੱਧਰ 'ਤੇ ਆਗੂ ਪਹੁੰਚ ਰਹੇ ਹਨ। ਜਥੇਬੰਦੀ ਵੱਲੋਂ ਵਿੱਛੜੇ ਆਗੂਆਂ ਦੇ ਪਰਵਾਰਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ। ਸਮਾਗਮ ਵਿੱਚ ਪਹੁੰਚ ਰਹੇ ਸਾਥੀਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਆਗੂਆਂ ਨੇ ਸਮੂਹ ਬਿਜਲੀ ਮੁਲਾਜ਼ਮਾਂ, ਵਰਕਰਾਂ ਅਤੇ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।