ਹਰ ਥਾਂ ਛਾਪੇਮਾਰੀ, ਇੱਥੋਂ-ਉਥੋਂ ਮਿਲੇ ਕਰੋੜਾਂ ਦੇ ਨੋਟ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ ਦੇ ਫੈਸਲੇ ਤੋਂ ਬਾਅਦ ਦੇਸ਼ ਭਰ ਵਿੱਚ ਕਾਲੇ ਧਨ ਨੂੰ ਚਿੱਟੇ 'ਚ ਬਦਲਣ 'ਚ ਲੱਗੇ ਲੋਕਾਂ ਦੀ ਫੜੋ-ਫੜੀ ਜਾਰੀ ਹੈ। ਹਰ ਰੋਜ਼ ਛਾਪੇਮਾਰੀ ਹੋ ਰਹੀ ਹੈ ਤੇ ਕਰੋੜਾਂ ਦੀ ਨਵੀਂ ਕਰੰਸੀ ਫੜੀ ਜਾ ਰਹੀ ਹੈ। ਵੀਰਵਾਰ ਨੂੰ ਰਾਜਧਾਨੀ ਦਿੱਲੀ ਤੋਂ ਲੈ ਕੇ ਅਸਾਮ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਤੱਕ 'ਚ ਪੁਲਸ ਅਤੇ ਆਮਦਨ ਕਰ ਵਿਭਾਗ ਦੇ ਅਫਸਰਾਂ ਨੇ ਛਾਪੇਮਾਰੀ ਕੀਤੀ ਅਤੇ ਨਵੇਂ ਤੇ ਪੁਰਾਣੇ ਨੋਟ ਬਰਾਮਦ ਕੀਤੇ।
ਰਾਜਧਾਨੀ ਦਿੱਲੀ 'ਚ ਆਮਦਨ ਕਰ ਵਿਭਾਗ ਦੇ ਅਫਸਰਾਂ ਨੇ ਕਰੋਲ ਬਾਗ ਸਥਿਤ ਸੁਨਾਰ ਜਿਊਲਰਜ਼ 'ਤੇ ਛਾਪੇ ਮਾਰੇ ਅਤੇ 30 ਲੱਖ ਬਰਾਮਦ ਕੀਤੇ। ਇਨ੍ਹਾਂ ਵਿੱਚ ਕਾਫੀ ਜ਼ਿਆਦਾ ਨਵੀਂ ਕਰੰਸੀ ਵੀ ਸ਼ਾਮਲ ਸੀ। ਬੁੱਧਵਾਰ ਨੂੰ ਹੀ ਦਿੱਲੀ ਨਾਲ ਲਗਦੇ ਗੁਰੂਗ੍ਰਾਮ (ਗੁੜਗਾਓਂ) ਤੋਂ ਖਬਰ ਆਈ ਕਿ ਉਥੋਂ ਇੱਕ ਟੋਲ ਨਾਕੇ 'ਤੇ 2 ਵੈਨਾਂ ਵਿੱਚ ਪੁਲਸ ਨੂੰ 40 ਲੱਖ ਰੁਪਏ ਮਿਲੇ ਹਨ। ਇਨ੍ਹਾਂ 'ਚੋਂ 26 ਲੱਖ ਰੁਪਏ ਤੋਂ ਜ਼ਿਆਦਾ ਨਵੇਂ ਨੋਟਾਂ ਦੀ ਕਰੰਸੀ ਸੀ।
ਪੱਛਮੀ ਬੰਗਾਲ ਦੀ ਸਿਲੀਗੁੜੀ ਪੁਲਸ ਨੇ 2000 ਰੁਪਏ ਦੇ ਨਵੇਂ ਨੋਟਾਂ ਵਿੱਚ ਢਾਈ ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਜ਼ਬਤ ਕੀਤੀ। ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਅਸਾਮ ਦੇ ਗੁਹਾਟੀ 'ਚ ਪੁਲਸ ਨੇ ਇੱਕ ਬਾਪ-ਬੇਟੇ ਕੋਲੋਂ 5 ਲੱਖ 58 ਹਜ਼ਾਰ ਰੁਪਏ ਦੀ ਨਵੀਂ ਕਰੰਸੀ ਬਰਾਮਦ ਕੀਤੀ। ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਪੁਲਸ ਨੇ ਕਲਿਆਣ ਇਲਾਕੇ ਤੋਂ 21 ਲੱਖ ਰੁਪਏ ਜ਼ਬਤ ਕੀਤੇ ਹਨ।
ਰਾਜਸਥਾਨ ਦੇ ਜੈਪੁਰ ਵਿੱਚ ਵੀ ਪੁਲਸ ਨੇ 2 ਕਾਰੋਬਾਰੀ ਭਰਾਵਾਂ ਕੋਲੋਂ 35 ਲੱਖ ਤੋਂ ਜ਼ਿਆਦਾ ਜ਼ਬਤ ਕੀਤੇ ਹਨ। ਇਹ ਰਕਮ ਨਵੇਂ ਨੋਟਾਂ ਦੇ ਰੂਪ ਵਿੱਚ ਸੀ। ਓਧਰ ਇੱਕ ਹੋਰ ਮਾਮਲੇ ਵਿੱਚ ਨਗੌਰ ਜ਼ਿਲ੍ਹੇ ਵਿੱਚ ਪੁਲਸ ਨੇ 6.72 ਲੱਖ ਰੁਪਏ ਦੀ ਅਣਐਲਾਨੀ ਰਕਮ ਜ਼ਬਤ ਕੀਤੀ ਹੈ। ਇਨ੍ਹਾਂ ਵਿੱਚੋਂ 5 ਲੱਖ 68 ਹਜ਼ਾਰ ਰੁਪਏ 2000 ਰੁਪਏ ਦੇ ਨਵੇਂ ਨੋਟਾਂ 'ਚ ਸਨ।
ਓਧਰ ਆਮਦਨ ਕਰ ਵਿਭਾਗ ਨੇ ਨੋਇਡਾ ਵਿੱਚ ਐਕਸਿਸ ਬੈਂਕ ਦੀ ਇੱਕ ਬਰਾਂਚ 'ਤੇ ਛਾਪਾ ਮਾਰਿਆ, ਜਿੱਥੋਂ ਕਥਿਤ ਤੌਰ 'ਤੇ 20 ਫਰਜ਼ੀ ਕੰਪਨੀਆਂ ਦੇ ਖਾਤੇ ਖੋਲ੍ਹ ਕੇ ਉਨ੍ਹਾਂ ਵਿੱਚ 7 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਸਨ। ਆਮਦਨ ਕਰ ਵਿਭਾਗ ਨੇ ਪੁਣੇ 'ਚ ਬੈਂਕ ਆਫ ਮਹਾਰਾਸ਼ਟਰ ਦੀ ਇੱਕ ਬਰਾਂਚ 'ਤੇ ਛਾਪੇ ਮਾਰ ਕੇ 5 ਲਾਕਰ ਖੁੱਲ੍ਹਵਾ ਕੇ 10 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ। ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਅਗਸਤ 2016 ਵਿੱਚ ਇੱਕੋ ਨਾਂਅ 'ਤੇ 15 ਲਾਕਰ ਬੁੱਕ ਕੀਤੇ ਗਏ ਸਨ। ਬੈਂਕ ਦੇ ਰਿਕਾਰਡ ਤੋਂ ਖੁਲਾਸਾ ਹੋਇਆ ਕਿ ਇੱਕ ਹੀ ਆਦਮੀ ਦੇ ਨਾਂਅ 'ਤੇ ਨੋਟਬੰਦੀ ਤੋਂ ਬਾਅਦ ਨਵੰਬਰ ਅਤੇ ਦਸੰਬਰ ਵਿੱਚ ਵੱਖੋ-ਵੱਖ ਤਰੀਕਾਂ 'ਤੇ 2 ਲਾਕਰਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਇਨ੍ਹਾਂ ਲਾਕਰਾਂ ਵਿੱਚ ਕੁੱਲ 12 ਵਾਰ ਪੈਸੇ ਜਮ੍ਹਾਂ ਹੋਏ ਅਤੇ ਉਨ੍ਹਾਂ ਦੀ ਨਿਕਾਸੀ ਹੋਈ।