ਸਾਰੇ ਹਾਈਵੇ ਤੋਂ ਸ਼ਰਾਬ ਦੇ ਠੇਕੇ ਹਟਾਉਣ ਦੇ ਹੁਕਮ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਹਾਈਵੇ 'ਤੇ ਵੱਧ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਕੌਮੀ ਅਤੇ ਸੂਬਾ ਹਾਈਵੇ ਦੇ ਕੰਢਿਆਂ 'ਤੇ ਸ਼ਰਾਬ ਦੇ ਸਾਰੇ ਠੇਕਿਆਂ ਨੂੰ ਅਗਲੇ ਸਾਲ ਇੱਕ ਅਪ੍ਰੈਲ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੌਮੀ ਅਤੇ ਸੂਬਾ ਸ਼ਾਹਰਾਹਾਂ 'ਤੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਹਨ। ਸਰਵ-ਉੱਚ ਅਦਾਲਤ ਨੇ ਕਿਹਾ ਹੈ ਕਿ ਸ਼ਰਾਬ ਦੇ ਠੇਕੇ ਹਾਈਵੇ ਤੋਂ 500 ਮੀਟਰ ਦੂਰੀ 'ਤੇ ਹੋਣੇ ਚਾਹੀਦੇ ਹਨ। ਇਹ ਫ਼ੈਸਲਾ ਚੀਫ਼ ਜਸਟਿਸ ਟੀ ਐਸ ਠਾਕੁਰ ਦੀ ਅਗਵਾਈ ਵਾਲੀ ਬੈਂਚ ਨੇ ਦਿੱਤਾ ਹੈ। ਕੋਰਟ ਨੇ ਸ਼ਰਾਬ ਦੀਆਂ ਦੁਕਾਨਾਂ ਨੂੰ ਹਾਈਵੇ ਤੋਂ 500 ਮੀਟਰ ਦੂਰ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੀ ਆਖ਼ਰੀ ਸਮਾਂ ਹੱਦਾ 1 ਅਪ੍ਰੈਲ ਰੱਖੀ ਹੈ। ਕੋਰਟ ਦੇ ਫ਼ੈਸਲੇ ਮੁਤਾਬਕ ਹੁਣ ਨੈਸ਼ਨਲ ਅਤੇ ਸਟੇਟ ਹਾਈਵੇ 'ਤੇ ਸ਼ਰਾਬ ਦੀਆਂ ਦੁਕਾਨਾਂ ਲਈ ਲਸੰਸ ਨਹੀਂ ਮਿਲੇਗਾ ਅਤੇ ਨਾ ਹੀ ਪੁਰਾਣੇ ਲਸੰਸ ਨੂੰ ਰਿਨਿਊ ਕੀਤਾ ਜਾਵੇਗਾ। 31 ਮਾਰਚ ਤੱਕ ਜਿਹੜੀਆਂ ਦੁਕਾਨਾਂ ਨੂੰ ਲਸੰਸ ਮਿਲਿਆ ਹੋਇਆ ਹੈ, ਉਹ ਚੱਲਦੀ ਰਹੇਗੀ। 1 ਅਪ੍ਰੈਲ 2017 ਤੋਂ ਕਿਸੇ ਵੀ ਹਾਈਵੇ 'ਤੇ ਸ਼ਰਾਬ ਦੀਆਂ ਦੁਕਾਨਾਂ ਨਜ਼ਰ ਨਹੀਂ ਆਉਣਗੀਆਂ।
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਕੋਈ ਨਵਾਂ ਲਸੰਸ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਪੁਰਾਣੇ ਲਸੰਸ ਨੂੰ ਰਿਨੀਊ ਕੀਤਾ ਜਾਵੇਗਾ। ਸੁਪਰੀਮ ਕੋਰਟ ਦੇ ਇਹ ਹੁਕਮ ਕੌਮੀ ਸ਼ਾਹਰਾਹ ਦੇ ਨਾਲ-ਨਾਲ ਸੂਬਾ ਹਾਈਵੇ 'ਤੇ ਵੀ ਲਾਗੂ ਹੋਣਗੇ। ਸਮਝਿਆ ਜਾ ਰਿਹਾ ਹੈ ਕਿ ਲੰਮੀ ਦੂਰੀ 'ਤੇ ਚੱਲਣ ਵਾਲੇ ਟਰੱਕ ਅਤੇ ਬੱਸ ਡਰਾਈਵਰਾਂ ਦੇ ਸ਼ਰਾਬ ਪੀਣ ਕਾਰਨ ਬਹੁਤੇ ਹਾਦਸੇ ਵਾਪਰਦੇ ਹਨ। ਇਨ੍ਹਾਂ ਭਿਆਨਕ ਹਾਦਸਿਆਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਵੱਲੋਂ ਇਹ ਹੁਕਮ ਦਿੱਤੇ ਗਏ ਹਨ। ਦੇਸ਼ ਭਰ ਦੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਨੇ ਅੰਕੜਿਆਂ ਸਮੇਤ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਹਾਈਵੇ 'ਤੇ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਕਾਰਨ ਹਾਦਸੇ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਮੰਗ ਕੀਤੀ ਸੀ ਕਿ ਹਾਈਵੇ ਤੋਂ ਸ਼ਰਾਬ ਦੇ ਠੇਕੇ ਹਟਾਏ ਜਾਣ।
ਕਈ ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਹਾਈਵੇ 'ਤੇ ਸ਼ਰਾਬ ਦੇ ਠੇਕਿਆਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਲੋਕਾਂ ਦੀਆਂ ਜਾਨਾਂ ਨੂੰ ਮਹੱੇਤਵ ਦਿੰਦਿਆਂ ਸਾਰੇ ਸੂਬਾ ਤੇ ਕੌਮੀ ਹਾਈਵੇ ਤੋਂ ਸ਼ਰਾਬ ਦੇ ਠੇਕੇ ਹਟਾਉਣ ਦੇ ਹੁਕਮ ਦੇ ਦਿੱਤੇ।