ਜਨ ਹਿੱਤ ਪਟੀਸ਼ਨਾਂ ਪਾਉਣ ਵਾਲੇ ਭਾਜਪਾ ਆਗੂ ਦੀ ਸੁਪਰੀਮ ਕੋਰਟ ਵੱਲੋਂ ਖੁੰਬ-ਠੱਪ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ 'ਚ ਸਾਰੀਆਂ ਜਨ ਹਿੱਤ ਪਟੀਸ਼ਨਾਂ ਦਾਇਰ ਕਰਨ ਲਈ ਭਾਜਪਾ ਦੀ ਦਿੱਲੀ ਯੂਨਿਟ ਦੇ ਇਕ ਤਰਜਮਾਨ ਦੀ ਸਰਵ-ਉੱਚ ਅਦਾਲਤ ਨੇ ਚੰਗੀ ਖੁੰਬ ਠੱਪੀ। ਭਾਜਪਾ ਨੇਤਾ ਵੱਲੋਂ ਸਾਰੀਆਂ ਪਟੀਸ਼ਨਾਂ ਦਾਇਰ ਕਰਨ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਕੀ ਕੋਰਟ 'ਚ ਇਸ ਸਰਗਰਮੀ ਲਈ ਭਾਜਪਾ ਪੈਸੇ ਦੇ ਰਹੀ ਹੈ। ਅਦਾਲਤ 'ਚ ਬੈਂਚ ਨੇ ਪੁੱਛਿਆ ਕਿ ਕੀ ਭਾਜਪਾ ਵੱਲੋਂ ਤੁਹਾਨੂੰ ਇਹੋ ਕੰਮ ਦਿੱਤਾ ਗਿਆ ਹੈ? ਪਾਰਟੀ ਦੇ ਪ੍ਰਚਾਰ ਲਈ ਕੀ ਭਾਜਪਾ ਵੱਲੋਂ ਤੁਹਾਨੂੰ ਪੈਸੇ ਦਿੱਤੇ ਜਾ ਰਹੇ ਹਨ। ਕੇਂਦਰ ਦੀ ਸੱਤਾ ਵਾਲੀ ਪਾਰਟੀ ਦੇ ਤਰਜਮਾਨ ਨੇ ਅਦਾਲਤ 'ਚ 4 ਲੋਕਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਸਨ, ਜਿਨ੍ਹਾਂ 'ਚੋਂ ਇਕ ਦੀ ਸੁਣਵਾਈ ਕਰਦੇ ਹੋਏ ਕੋਰਟ ਨੇ ਇਹ ਟਿਪਣੀ ਕੀਤੀ। ਇਸ ਦੇ ਨਾਲ ਹੀ ਕੋਰਟ ਨੇ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਭਾਜਪਾ ਦੇ ਬੁਲਾਰੇ ਤੋਂ ਪੁੱਛਿਆ ਕਿ ਕੀ ਉਹ ਲੋਕਹਿੱਤ ਪਟੀਸ਼ਨ ਕਾਰਕੁਨ ਬਣ ਗਏ ਹਨ। ਅਸੀਂ ਹਰ ਦਿਨ ਤੁਹਾਨੂੰ ਕੋਰਟ 'ਚ ਪੀ ਆਈ ਐੱਲ ਕਰਦੇ ਦੇਖਦੇ ਹਾਂ। ਤੁਹਾਡੀ ਪਾਰਟੀ ਕੇਂਦਰ ਦੀ ਸੱਤਾ 'ਚ ਹੈ, ਫਿਰ ਉਹ ਆਪਣੀ ਸਮੱਸਿਆ ਲਈ ਸਰਕਾਰ ਨਾਲ ਸੰਪਰਕ ਕਿਉਂ ਨਹੀਂ ਕਰਦੇ।
ਕੋਰਟ ਨੇ ਸਾਫ ਕੀਤਾ ਕਿ ਅਦਾਲਤ 'ਚ ਸਿਆਸੀ ਸਰਗਰਮੀ ਨੂੰ ਬੜ੍ਹਾਵਾ ਨਹੀਂ ਦਿੱਤਾ ਜਾ ਸਕਦਾ। ਕੋਰਟ ਨੇ ਕਿਹਾ ਕਿ ਸਿਆਸੀ ਲਾਭ ਲਈ ਕਾਨੂੰਨੀ ਫੋਰਮ ਦੀ ਵਰਤੋਂ ਦੀ ਕੋਸ਼ਿਸ਼ ਕਰਨ ਵਾਲੀ ਸਿਆਸੀ ਸਰਗਰਮੀ ਨੂੰ ਕੋਰਟ ਅੰਦਰ ਸਰਗਰਮ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਿਛਲੇ ਮਹੀਨੇ ਹੀ ਬੰਬੇ ਹਾਈ ਕੋਰਟ ਨੇ ਕਿਹਾ ਸੀ ਕਿ ਜ਼ਿਆਦਾਤਰ ਪੀ ਆਈ ਐੱਲ ਸਹੀ ਮਕਸਦ ਨਾਲ ਦਾਖਲ ਨਹੀਂ ਕੀਤੀ ਜਾਂਦੀ। ਹਾਈ ਕੋਰਟ ਦੀ ਡਵੀਜ਼ਨ ਬੈਂਚ ਨੇ ਕਿਹਾ ਕਿ 80 ਫੀਸਦੀ ਤੋਂ ਜ਼ਿਆਦਾ ਪੀ ਆਈ ਐੱਲ ਇਸ ਤਰ੍ਹਾਂ ਦੇ ਲੋਕਾਂ ਵੱਲੋਂ ਦਾਖਲ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਮਕਸਦ ਸਿਰਫ ਧਮਕੀ ਦੇਣਾ ਹੁੰਦਾ ਹੈ।