ਖੱਬਾ ਮੋਰਚਾ 62 ਸੀਟਾਂ 'ਤੇ ਉਤਾਰੇਗਾ ਉਮੀਦਵਾਰ


ਜਲੰਧਰ (ਰਾਜੇਸ਼ ਥਾਪਾ)
ਆਉਂਦੀਆਂ ਅਸੰਬਲੀ ਚੋਣਾਂ ਵਿਚ ਪੰਜਾਬ ਅੰਦਰ ਚਾਰ ਖੱਬੀਆਂ ਪਾਰਟੀਆਂ-ਸੀ.ਪੀ.ਆਈ., ਸੀ.ਪੀ.ਆਈ. (ਐਮ), ਆਰ.ਐਮ.ਪੀ.ਆਈ. ਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ 'ਤੇ ਅਧਾਰਤ ਖੱਬਾ ਮੋਰਚਾ ਘੱਟੋ-ਘੱਟ 62 ਸੀਟਾਂ ਉਪਰ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇਗਾ। ਇਹ ਫੈਸਲਾ ਅੱਜ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ।
ਇਸ ਮੀਟਿੰਗ ਵਿਚ ਸੀ.ਪੀ.ਆਈ. ਵਲੋਂ ਪਾਰਟੀ ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ, ਜਗਰੂਪ ਸਿੰਘ ਅਤੇ ਬੰਤ ਸਿੰਘ ਬਰਾੜ , ਸੀ.ਪੀ.ਆਈ.(ਐਮ) ਵਲੋਂ ਪਾਰਟੀ ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ, ਕੇਂਦਰੀ ਕਮੇਟੀ ਮੈਂਬਰ ਵਿਜੈ ਮਿਸ਼ਰਾ ਅਤੇ ਰਣਬੀਰ ਵਿਰਕ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਪਾਰਟੀ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਸੁਖਦਰਸ਼ਨ ਨੱਤ, ਭਗਵੰਤ ਸਮਾਓਂ, ਰੁਲਦੂ ਸਿੰਘ ਮਾਨਸਾ, ਗੁਰਪ੍ਰੀਤ ਰੁੜੇਕੇ, ਬਲਕਰਨ ਸਿੰਘ ਬੱਲੀ ਅਤੇ ਆਰ.ਐਮ.ਪੀ.ਆਈ. ਵਲੋਂ ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਹਰਕੰਵਲ ਸਿੰਘ, ਰਘਬੀਰ ਸਿੰਘ, ਕੁਲਵੰਤ ਸਿੰਘ ਸੰਧੂ ਅਤੇ ਗੁਰਨਾਮ ਸਿੰਘ ਦਾਊਦ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੇ ਚੋਹਾਂ ਪਾਰਟੀਆਂ ਵਲੋਂ ਮਿਲ ਕੇ ਲੜੀਆਂ ਜਾਣ ਵਾਲੀਆਂ 62 ਸੀਟਾਂ ਦੀ ਨਿਸ਼ਾਨਦੇਹੀ ਕਰਨ ਉਪਰੰਤ 46 ਸੀਟਾਂ ਲਈ ਉਮੀਦਵਾਰਾਂ ਬਾਰੇ ਵੀ ਫੈਸਲਾ ਕਰ ਲਿਆ ਹੈ। ਰਹਿੰਦੇ ਉਮੀਦਵਾਰਾਂ ਦੀ ਚੋਣ ਬਾਰੇ ਵੀ ਇਕ ਦੋ ਦਿਨਾਂ ਵਿਚ ਫੈਸਲਾ ਹੋ ਜਾਵੇਗਾ।
ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਇਹਨਾਂ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ ਵਰਗੀਆਂ ਸਰਮਾਏਦਾਰ ਪੱਖੀ ਪਾਰਟੀਆਂ ਨੂੰ ਭਾਂਜ ਦੇਣ ਲਈ ਲੋਕਾਂ ਨੂੰ ਦਰਪੇਸ਼ ਮਹਿੰਗਾਈ, ਬੇਰੁਜ਼ਗਾਰੀ, ਭਰਿਸ਼ਟਾਚਾਰ, ਨਸ਼ਾ ਖੋਰੀ ਤੇ ਮਾਫੀਆ ਲੁੱਟ ਵਰਗੀਆਂ ਸਮੱਸਿਆਵਾਂ, ਜਿਹਨਾਂ ਵਿਰੁੱਧ ਚਾਰੇ ਪਾਰਟੀਆਂ ਲੰਬੇ ਸਮੇਂ ਤੋਂ ਮਿਲ ਕੇ ਸੰਘਰਸ਼ ਕਰਦੀਆਂ ਆ ਰਹੀਆਂ ਹਨ, ਦੇ ਹੱਲ ਨੂੰ ਦਰਸਾਉਂਦਾ ਇਕ ਚੋਣ ਮਨੋਰਥ ਪੱਤਰ ਪ੍ਰਾਂਤ ਵਾਸੀਆਂ ਦੇ ਸਨਮੁਖ ਪੇਸ਼ ਕੀਤਾ ਜਾਵੇਗਾ। ਲੋਕ ਪੱਖੀ ਬਦਲਵੀਆਂ ਨੀਤੀਆਂ ਨੂੰ ਦਰਸਾਉਂਦੇ ਇਸ ਚੋਣ ਮਨੋਰਥ ਪੱਤਰ ਦੀ ਤਿਆਰੀ ਲਈ ਸਰਵਸਾਥੀ ਭੂਪਿੰਦਰ ਸਾਂਬਰ, ਚਰਨ ਸਿੰਘ ਵਿਰਦੀ, ਸੁਖਦਰਸ਼ਨ ਨੱਤ ਅਤੇ ਹਰਕੰਵਲ ਸਿੰਘ 'ਤੇ ਅਧਾਰਤ ਇਕ ਸਬ ਕਮੇਟੀ ਦਾ ਗਠਨ ਕੀਤਾ ਗਿਆ। ਮੀਟਿੰਗ ਵਿਚ ਪਾਸ ਕੀਤੇ ਗਏ ਇਕ ਮਤੇ ਰਾਹੀਂ ਨੋਟਬੰਦੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਦੇ ਨਿਰੰਤਰ ਵਧਦੇ ਜਾਣ ਲਈ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਚੌਹਾਂ ਪਾਰਟੀਆਂ ਦੀਆਂ ਸਫ਼ਾਂ ਨੂੰ ਸੱਦਾ ਦਿੱਤਾ ਗਿਆ ਕਿ ਗਰੀਬ ਕਿਰਤੀ ਲੋਕਾਂ ਦੀ ਆਰਥਕਤਾ ਉਪਰ ਸਰਕਾਰ ਵਲੋਂ ਕੀਤੇ ਗਏ ਇਸ ਹਮਲੇ ਦਾ ਹਰ ਪੱਧਰ 'ਤੇ ਡਟਵਾਂ ਵਿਰੋਧ ਕੀਤਾ ਜਾਵੇ।
ਮੀਟਿੰਗ ਦੇ ਆਰੰਭ ਵਿਚ ਮਹਾਨ ਕਰਾਂਤੀਕਾਰੀ ਕਾਮਰੇਡ ਫੀਦਲ ਕਾਸਟਰੋ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਇਨਕਲਾਬੀ ਸ਼ਰਧਾਂਜਲੀ ਭੇਟ ਕੀਤੀ ਗਈ।