ਰਾਜਨਾਥ ਦੇ ਬਿਆਨ 'ਪਾਕਿਸਤਾਨ ਦੇ ਹੋਣਗੇ 10 ਟੁਕੜੇ' 'ਤੇ ਭੜਕਿਆ ਹਾਫਿਜ਼

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਅੱਤਵਾਦੀ ਸੰਗਠਨ ਲਸ਼ਕਰ ਏ ਤਾਇਬਾ ਦੇ ਸੰਸਥਾਪਕ ਅਤੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਕਿਹਾ ਕਿ ਉਹ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਟਿੱਪਣੀ ਨੂੰ 'ਯੁੱਧ ਦਾ ਐਲਾਨ' ਮੰਨਦਾ ਹੈ, ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਜੇ ਪਾਕਿਸਤਾਨ ਅੱਤਵਾਦ 'ਤੇ ਕਾਬੂ ਨਹੀਂ ਪਾਉਂਦਾ ਤਾਂ ਉਹ ਦਸ ਟੁਕੜਿਆਂ ਵਿੱਚ ਵੰਡਿਆ ਜਾਵੇਗਾ। ਹਾਫਿਜ਼ ਨੇ ਇਹ ਗੱਲ ਪਾਕਿਸਤਾਨ ਦੇ ਨਸੀਰ ਬਾਗ ਲਾਹੌਰ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਆਖੀ।
ਰੈਲੀ ਨੂੰ ਸੰਬੋਧਨ ਕਰਦਿਆਂ ਹਾਫਿਜ਼ ਨੇ ਕਿਹਾ ਕਿ ਅਸੀਂ ਰਾਜਨਾਥ ਦੇ ਬਿਆਨ ਨੂੰ ਯੁੱਧ ਦਾ ਐਲਾਨ ਮੰਨਦੇ ਹਾਂ ਅਤੇ ਚੁਣੌਤੀ ਨੂੰ ਸਵੀਕਾਰ ਵੀ ਕਰਦੇ ਹਾਂ। ਅਸੀਂ ਕੰਟਰੋਲ ਰੇਖਾ 'ਤੇ ਜੰਗਬੰਦੀ ਨੂੰ ਸਵੀਕਾਰ ਨਹੀਂ ਕਰਦੇ। ਪਾਕਿਸਤਾਨੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਉਸ ਨੇ ਆਖਿਆ ਕਿ ਉਹ ਭਾਰਤ ਦੇ ਕਥਿਤ ਜਾਸੂਸ ਕਲਭੂਸ਼ਣ ਨੂੰ ਕਲੀਨ ਚਿੱਟ ਦੇਣ ਦੀ ਗ਼ਲਤੀ ਨਾ ਕਰੇ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਸ਼ਹੀਦੀ ਦਿਵਸ ਮੌਕੇ ਇੱਕ ਪ੍ਰੋਗਰਾਮ ਦੌਰਾਨ ਕਠੂਆ 'ਚ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਸ ਦੇ ਦਸ ਟੁਕੜੇ ਹੋਣਗੇ।
ਪਿਛਲੀਆਂ ਚਾਰ ਲੜਾਈਆਂ ਵਿੱਚ ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਸ਼ਾਇਦ ਉਹ ਭੁੱਲ ਗਿਆ ਹੈ ਕਿ 1971 ਦੀ ਜੰਗ ਵਿੱਚ ਉਸ ਦੇ ਦੋ ਟੋਟੇ ਹੋ ਗਏ ਸਨ। ਜੇ ਉਸ ਨੂੰ ਲੱਗਦਾ ਹੈ ਕਿ ਉਹ ਜੰਮੂ-ਕਸ਼ਮੀਰ ਨੂੰ ਭਾਰਤ ਨਾਲੋਂ ਵੱਖਰਾ ਕਰ ਦੇਵੇਗਾ, ਤਾਂ ਭੁੱਲ ਜਾਵੇ।