ਹੈਦਰਾਬਾਦ ਧਮਾਕੇ; ਭਟਕਲ ਸਮੇਤ 5 ਨੂੰ ਫਾਂਸੀ ਦੀ ਸਜ਼ਾ


ਹੈਦਰਾਬਾਦ
(ਨਵਾਂ ਜ਼ਮਾਨਾ ਸਰਵਿਸ)
ਹੈਦਰਾਬਾਦ ਅਦਾਲਤ ਨੇ ਦਿਲਸੁਖਨਗਰ ਵਿੱਚ ਹੋਏ ਧਮਾਕਿਆਂ ਦੇ ਮਾਮਲੇ ਵਿੱਚ ਇੰਡੀਅਨ ਮੁਜਾਹਦੀਨ ਦੇ ਅੱਤਵਾਦੀ ਯਾਸੀਨ ਭਟਕਲ ਅਤੇ ਪਾਕਿਸਤਾਨੀ ਨਾਗਰਿਕ ਜਿਆ-ਉਰ-ਰਹਿਮਾਨ ਅਤੇ ਤਿੰਨ ਹੋਰਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ 21 ਫਰਵਰੀ 2013 ਨੂੰ ਹੈਦਰਾਬਾਦ ਦੇ ਦਿਲਸੁਖ ਨਗਰ ਵਿੱਚ ਹੋਏ ਦੋ ਧਮਾਕਿਆਂ ਵਿੱਚ 18 ਵਿਅਕਤੀ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ। ਦੋਵੇਂ ਧਮਾਕੇ ਆਈ ਈ ਡੀ ਰਾਹੀਂ ਕੀਤੇ ਗਏ ਸਨ।
ਧਮਾਕਿਆਂ ਮਗਰੋਂ ਪੁਲਸ ਅਤੇ ਸੁਰੱਖਿਆ ਏਜੰਸੀਆਂ ਭਟਕਲ ਦੀ ਗ੍ਰਿਫਤਾਰੀ ਲਈ ਸਰਗਰਮ ਹੋ ਗਈਆਂ ਸਨ ਅਤੇ ਉਸ ਨੂੰ ਅਗਸਤ 2013 ਵਿੱਚ ਬਿਹਾਰ ਵਿੱਚ ਨੇਪਾਲ ਨਾਲ ਲੱਗਦੀ ਸਰਹੱਦ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ 13 ਨਵੰਬਰ ਨੂੰ ਭਟਕਲ ਸਮੇਤ ਸਾਰਿਆਂ ਨੂੰ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ। ਐੱਨ ਆਈ ਏ ਨੇ ਆਪਣੀ ਚਾਰਜਸ਼ੀਟ ਵਿੱਚ ਇਨ੍ਹਾਂ ਧਮਾਕਿਆਂ ਲਈ 6 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਦੂਜੇ ਦੋਸ਼ੀਆਂ ਨੂੰ ਯੂ ਪੀ ਅਸਦੁੱਲਾ ਅਖਤਰ, ਪਾਕਿਸਤਾਨ ਦਾ ਜਿਆ-ਉਰ-ਰਹਿਮਾਨ, ਬਿਹਾਰ ਦਾ ਤਹਿਸੀਲ ਅਖਤਰ ਅਤੇ ਮਹਾਂਰਾਸ਼ਟਰ ਦਾ ਐਜਾਜ਼ ਸ਼ੇਖ ਸ਼ਾਮਲ ਸਨ। ਗ੍ਰਿਫਤਾਰੀ ਮਗਰੋਂ ਸਾਰਿਆਂ ਨੂੰ ਹੈਦਰਾਬਾਦ ਦੀ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਫੈਸਲੇ 'ਤੇ ਪ੍ਰਤੀਕਰਿਆ ਪ੍ਰਗਟ ਕਰਦਿਆਂ ਸਰਕਾਰੀ ਵਕੀਲ ਉਜਵਲ ਨਿਕਮ ਨੇ ਕਿਹਾ ਕਿ ਇੱਕ ਇਤਿਹਾਸਕ ਫੈਸਲਾ ਹੈ, ਕਿਉਂਕਿ ਪਹਿਲੀ ਵਾਰ ਯਾਸੀਨ ਭਟਕਲ ਨੂੰ ਸਜ਼ਾ ਸੁਣਾਈ ਗਈ ਹੈ।
ਉਨ੍ਹਾ ਕਿਹਾ ਕਿ ਦੇਸ਼ ਵਿੱਚ ਵੱਖ-ਵੱਖ ਥਾਵਾਂ 'ਤੇ ਹੋਏ ਬੰਬ ਧਮਾਕਿਆਂ ਵਿੱਚ ਭਟਕਲ ਦਾ ਹੱਥ ਸੀ। ਇਸ ਮਾਮਲੇ ਵਿੱਚ ਅਦਾਲਤ 'ਚ 24 ਅਗਸਤ 2015 ਨੂੰ ਮੁਕੱਦਮਾ ਸ਼ੁਰੂ ਹੋਇਆ ਅਤੇ ਸੁਣਵਾਈ ਦੌਰਾਨ ਕੁੱਲ 157 ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਗਏ। ਜ਼ਿਕਰਯੋਗ ਹੈ ਕਿ ਯਾਸੀਨ ਭਟਕਲ ਕਰਨਾਟਕ ਦੇ ਭਟਕਲ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਅਸਲੀ ਨਾਂਅ ਅਹਿਮਦ ਸਿੱਧੀ ਬੱਪਾ ਹੈ। ਪੁਲਸ ਨੂੰ ਭਟਕਲ ਦੇ ਕਈ ਮਾਮਲਿਆਂ ਵਿੱਚ ਭਾਲ ਸੀ, ਜਿਨ੍ਹਾਂ ਵਿੱਚ ਸਾਲ 2011 'ਚ ਦਿੱਲੀ ਹਾਈ ਕੋਰਟ ਦੇ ਬਾਹਰ ਹੋਇਆ ਧਮਾਕਾ ਵੀ ਸ਼ਾਮਲ ਸੀ। ਉਸ ਧਮਾਕੇ ਵਿੱਚ 12 ਵਿਅਕਤੀ ਮਾਰੇ ਗਏ ਸਨ।
ਸਰਕਾਰ ਵੱਲੋਂ ਯਾਸੀਨ ਭਟਕਲ ਦੀ ਗ੍ਰਿਫਤਾਰੀ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਇਸ ਤੋਂ ਪਹਿਲਾਂ ਸਾਲ 2008 ਵਿੱਚ ਕੋਲਕਾਤਾ ਪੁਲਸ ਨੇ ਭਟਕਲ ਨੂੰ ਜਾਲ੍ਹੀ ਨੋਟ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ, ਪਰ ਮਗਰੋਂ ਭਟਕਲ ਨੂੰ ਛੱਡ ਦਿੱਤਾ ਗਿਆ ਸੀ। ਕੌਮੀ ਜਾਂਚ ਏਜੰਸੀ ਦਾ ਦੋਸ਼ ਹੈ ਕਿ ਭਟਕਲ ਨੇ ਪੁਣੇ ਦੀ ਜਰਮਨ ਬੇਕਰੀ 'ਚ ਸਾਲ 2010 ਵਿੱਚ ਬੰਬ ਰੱਖਿਆ ਸੀ, ਜਿਸ ਵਿੱਚ ਹੋਏ ਧਮਾਕੇ ਨਾਲ 17 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਉਹ ਬੰਗਲੌਰ ਵਿੱਚ 2010 'ਚ ਇੱਕ ਕ੍ਰਿਕਟ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ ਵਿੱਚ ਵੀ ਮੁੱਖ ਦੋਸ਼ੀ ਹੈ।