ਬੈਂਕ ਵਿੱਚ ਬੈਠਾ ਹਰ ਬੰਦਾ ਚੋਰ ਨਹੀਂ


ਅੱਜ ਕੱਲ੍ਹ ਸਾਡੇ ਦੇਸ਼ ਦੇ ਲੋਕ ਇੱਕ ਬਹੁਤ ਵੱਡੀ ਵਿਹਾਰਕ ਮੁਸ਼ਕਲ ਵਿੱਚ ਫਸੇ ਹੋਏ ਹਨ। ਨਰਿੰਦਰ ਮੋਦੀ ਸਰਕਾਰ ਨੇ ਕੇਂਦਰ ਵਿੱਚੋਂ ਮਾਅਰਕੇਬਾਜ਼ੀ ਕਰਦੇ ਹੋਏ ਐਲਾਨ ਕਰ ਦਿੱਤਾ ਕਿ ਪੰਜ ਸੌ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕੀਤੇ ਜਾਂਦੇ ਹਨ। ਏਦਾਂ ਦਾ ਐਲਾਨ ਕਰਨ ਤੋਂ ਪਹਿਲਾਂ ਇਹ ਤਿਆਰੀ ਕਰਨ ਦੀ ਲੋੜ ਸੀ ਕਿ ਲੋਕ ਜਦੋਂ ਅਗਲੇ ਦਿਨ ਬਾਜ਼ਾਰ ਵਿੱਚ ਜਾਣ ਤਾਂ ਕੋਈ ਕਾਰੋਬਾਰੀ ਅੜਚਣ ਨਾ ਪਵੇ। ਇਹੋ ਜਿਹੀ ਕਿਸੇ ਤਰ੍ਹਾਂ ਦੀ ਤਿਆਰੀ ਹੀ ਨਹੀਂ ਸੀ ਕੀਤੀ ਗਈ। ਨਤੀਜੇ ਵਜੋਂ ਅਗਲੇ ਦਿਨ ਤੋਂ ਬੈਂਕਾਂ ਮੂਹਰੇ ਲਾਈਨਾਂ ਲੱਗ ਗਈਆਂ। ਜਿਹੜੀਆਂ ਏ ਟੀ ਐੱਮ ਮਸ਼ੀਨਾਂ ਉੱਤੇ ਲੋਕਾਂ ਨੂੰ ਆਸ ਸੀ, ਉਹ ਵੀ ਕਿਸੇ ਕੰਮ ਦੇ ਲਈ ਸਹਾਇਕ ਸਾਬਤ ਨਹੀਂ ਹੋਈਆਂ। ਇਸ ਦਾ ਕਾਰਨ ਇਹ ਸੀ ਕਿ ਨਵੇਂ ਆਏ ਦੋ ਹਜ਼ਾਰ ਰੁਪਏ ਵਾਲੇ ਨੋਟਾਂ ਦਾ ਸਾਈਜ਼ ਪੁਰਾਣੇ ਬੰਦ ਕੀਤੇ ਗਏ ਪੰਜ ਸੌ ਤੇ ਇੱਕ ਹਜ਼ਾਰ ਵਾਲੇ ਨੋਟਾਂ ਨਾਲ ਮੇਲ ਨਹੀਂ ਸੀ ਖਾਂਦਾ ਤੇ ਇਨ੍ਹਾਂ ਦਾ ਡਿਜ਼ਾਈਨ ਵੀ ਵੱਖਰਾ ਸੀ, ਜਿਸ ਦੀ ਪ੍ਰੋਗਰਾਮਿੰਗ ਮਸ਼ੀਨਾਂ ਦੇ ਵਿੱਚ ਦੋਬਾਰਾ ਕਰਨੀ ਪੈਣੀ ਸੀ। ਇਸ ਕੰਮ ਨੂੰ ਕਈ ਦਿਨ ਲੱਗ ਗਏ। ਫਿਰ ਦੋ ਹਜ਼ਾਰ ਰੁਪਏ ਵਾਲੇ ਨੋਟ ਤਾਂ ਥੋੜ੍ਹੇ-ਬਹੁਤ ਆਉਣ ਲੱਗ ਪਏ, ਪਰ ਪੰਜ ਸੌ ਵਾਲੇ ਨੋਟ ਆਉਣ ਵਿੱਚ ਅੱਧੇ ਮਹੀਨੇ ਤੋਂ ਵੱਧ ਸਮਾਂ ਲੱਗ ਗਿਆ।
ਏਨੀ ਦੇਰ ਤੱਕ ਲੋਕ ਆਪਣੇ ਕੰਮ ਨਹੀਂ ਸਨ ਰੋਕ ਸਕਦੇ। ਉਹ ਬੈਂਕਾਂ ਅੱਗੇ ਖੜੇ ਪਰੇਸ਼ਾਨ ਹੁੰਦੇ ਸਨ। ਇਸ ਦੌਰ ਵਿੱਚ ਦੇਸ਼ ਦੀ ਸਰਕਾਰ ਚਲਾਉਣ ਵਾਲੇ ਆਪਣੇ ਹੱਥ-ਠੋਕਿਆਂ ਰਾਹੀਂ ਇਹ ਪ੍ਰਚਾਰ ਕਰਨ ਲਈ ਜ਼ੋਰ ਲਾ ਰਹੇ ਸਨ ਕਿ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਦੇਸ਼ ਦੇ ਲੋਕ ਨਰਿੰਦਰ ਮੋਦੀ ਸਰਕਾਰ ਦੇ ਪੱਖ ਵਿੱਚ ਖੜੇ ਹਨ। ਲਾਈਨਾਂ ਵਿੱਚ ਖੜੋਤੇ ਹੋਏ ਹੁਣ ਤੱਕ ਇੱਕ ਸੌ ਤੋਂ ਵੱਧ ਲੋਕ ਜਾਨ ਗਵਾ ਚੁੱਕੇ ਹਨ ਤੇ ਸਰਕਾਰ ਉਨ੍ਹਾਂ ਦੇ ਪਰਵਾਰਾਂ ਦੀ ਸਾਰ ਲੈਣ ਦੀ ਥਾਂ ਇਹੋ ਪ੍ਰਚਾਰ ਕਰੀ ਜਾਂਦੀ ਹੈ ਕਿ ਲੋਕ ਆਪਣੀ ਸਰਕਾਰ ਦੀ ਹਮਾਇਤ ਲਈ ਭੋਖੜੇ ਕੱਟ ਕੇ ਵੀ ਖੁਸ਼ ਹਨ। ਇਸ ਤਰ੍ਹਾਂ ਦਾ ਪ੍ਰਚਾਰ ਸੁਣ ਕੇ ਆਮ ਲੋਕ ਕਚੀਚੀਆਂ ਵੱਟਦੇ ਹਨ ਤੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ।
ਦੂਸਰੇ ਪਾਸੇ ਆਮ ਲੋਕਾਂ ਲਈ ਇਹ ਗੱਲ ਹੈਰਾਨੀ ਵਾਲੀ ਹੈ ਕਿ ਜਿਹੜੇ ਦੋ ਹਜ਼ਾਰ ਰੁਪਏ ਦੇ ਨਵੇਂ ਨੋਟ ਦੇ ਦਰਸ਼ਨ ਕਰਨ ਲਈ ਉਨ੍ਹਾਂ ਨੂੰ ਘੰਟਿਆਂ- ਬੱਧੀ ਲਾਈਨਾਂ ਵਿੱਚ ਖੜੇ ਹੋਣਾ ਪੈਂਦਾ ਹੈ, ਉਨ੍ਹਾਂ ਨੋਟਾਂ ਦੇ ਕਰੋੜਾਂ ਰੁਪਏ ਦੇ ਭੰਡਾਰ ਫੜੇ ਜਾ ਰਹੇ ਹਨ। ਇਸ ਕੰਮ ਵਿੱਚ ਕੁਝ ਬੈਂਕਾਂ ਦਾ ਨਾਂਅ ਵੀ ਸ਼ਾਮਲ ਹੈ। ਨਿੱਜੀ ਖੇਤਰ ਦਾ ਐਕਸਿਸ ਬੈਂਕ ਤਾਂ ਇਸ ਮਾਮਲੇ ਵਿੱਚ ਬਹੁਤ ਹੀ ਬਦਨਾਮੀ ਖੱਟ ਚੁੱਕਾ ਹੈ। ਉਸ ਦੀ ਮੁੱਖ ਅਧਿਕਾਰੀ ਨੇ ਆਮ ਲੋਕਾਂ ਦੇ ਨਾਂਅ ਇੱਕ ਚਿੱਠੀ ਲਿਖ ਕੇ ਇਸ ਬਦਨਾਮੀ ਦਾ ਕਾਰਨ ਬਣਨ ਵਾਲੇ ਆਪਣੇ ਅਫ਼ਸਰਾਂ ਤੇ ਕਰਮਚਾਰੀਆਂ ਦੇ ਕਾਰਨ ਮੁਆਫੀ ਵੀ ਮੰਗੀ ਹੈ। ਕੁਝ ਸਰਕਾਰੀ ਖੇਤਰ ਦੇ ਬੈਂਕਾਂ ਵਿੱਚ ਵੀ ਇਹ ਕੰਮ ਹੋਇਆ ਹੈ। ਹੋਰ ਤਾਂ ਕਿਤੇ ਰਿਹਾ, ਭਾਰਤ ਸਰਕਾਰ ਦੀ ਨੋਟ ਛਾਪਣ ਵਾਲੀ ਰਿਜ਼ਰਵ ਬੈਂਕ ਦੇ ਅਧਿਕਾਰੀ ਵੀ ਕਈ ਥਾਂਈਂ ਫੜੇ ਗਏ ਹਨ। ਇਸ ਨਾਲ ਆਮ ਲੋਕਾਂ ਵਿੱਚ ਇਹ ਪ੍ਰਭਾਵ ਗਿਆ ਹੈ ਕਿ ਦੂਸਰੇ ਵਿਭਾਗਾਂ ਦੀ ਚਰਚਾ ਆਮ ਹੁੰਦੀ ਸੀ, ਹੁਣ ਇਹ ਪਤਾ ਲੱਗਾ ਹੈ ਕਿ ਬੈਂਕਾਂ ਵਿੱਚ ਵੀ ਭ੍ਰਿਸ਼ਟਾਚਾਰ ਦੀ ਸਿਖ਼ਰ ਹੋਈ ਪਈ ਹੈ। ਲੋਕਾਂ ਦਾ ਇਹ ਪ੍ਰਭਾਵ ਵੀ ਆਪਣੀ ਥਾਂ ਠੀਕ ਹੈ। ਵਿਜੇ ਮਾਲਿਆ ਵਰਗੇ ਵੱਡੇ ਘਪਲੇਬਾਜ਼ਾਂ ਨੇ ਇਨ੍ਹਾਂ ਬੈਂਕਾਂ ਵਿਚਲੇ ਚੋਰਾਂ ਦੀ ਮਦਦ ਨਾਲ ਹੀ ਅਨ੍ਹੇਰ ਮਚਾਇਆ ਸੀ।
ਇਸ ਤੋਂ ਵੱਖਰਾ ਪੱਖ ਇਹ ਹੈ ਕਿ ਬੈਂਕਾਂ ਵਿੱਚ ਬੈਠਾ ਹਰ ਬੰਦਾ ਚੋਰ ਨਹੀਂ। ਸਰਕਾਰ ਨੇ ਜਦੋਂ ਇੱਕਦਮ ਹੀ ਨੋਟਬੰਦੀ ਕਰ ਦਿੱਤੀ, ਫਿਰ ਕਈ ਦਿਨ ਬੈਂਕਾਂ ਦੇ ਕਰਮਚਾਰੀਆਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਨਹੀਂ ਮਿਲ ਸਕੀ ਤੇ ਉਹ ਹਫਤਾਵਾਰੀ ਛੁੱਟੀ ਦੇ ਦਿਨ ਵੀ ਕੰਮ ਕਰਦੇ ਰਹੇ। ਆਮ ਲੋਕ ਕਿਸੇ ਤਰ੍ਹਾਂ ਦੀ ਔਕੜ ਨੂੰ ਸਮਝਣ ਦੀ ਥਾਂ ਕੇਂਦਰ ਦੀ ਸਰਕਾਰ ਦਾ ਗੁੱਸਾ ਵੀ ਉਨ੍ਹਾਂ ਉੱਤੇ ਕੱਢਣ ਲੱਗ ਪਏ। ਜਦੋਂ ਨੋਟਾਂ ਦੀ ਸਪਲਾਈ ਪਿੱਛੋਂ ਹੀ ਨਹੀਂ ਪਹੁੰਚਦੀ ਤਾਂ ਬੈਂਕ ਦਾ ਮੈਨੇਜਰ ਜਾਂ ਖ਼ਜ਼ਾਨਚੀ ਕਿਸੇ ਨੂੰ ਨਹੀਂ ਦੇ ਸਕਦਾ। ਉਹ ਏ ਟੀ ਐੱਮ ਵਿੱਚ ਵੀ ਨਹੀਂ ਪਾ ਸਕਦੇ। ਲੋਕ ਇਸ ਗੱਲ ਬਾਰੇ ਸੋਚਣ ਦੀ ਥਾਂ ਕਈ ਬਰਾਂਚਾਂ ਵਿੱਚ ਬੈਂਕ ਮੁਲਾਜ਼ਮਾਂ ਦੇ ਗਲ਼ ਪੈਣ ਲੱਗ ਪਏ। ਇੱਕ ਬੈਂਕ ਤੋਂ ਇਹ ਵੀ ਖ਼ਬਰ ਆਈ ਹੈ ਕਿ ਕੈਂਸਰ ਦਾ ਮਰੀਜ਼ ਮੈਨੇਜਰ ਸਿਰਫ਼ ਇਸ ਕਰ ਕੇ ਕੁੱਟਿਆ ਗਿਆ ਕਿ ਲੋਕਾਂ ਨੂੰ ਨੋਟ ਨਹੀਂ ਮਿਲ ਸਕੇ, ਪਰ ਕਿਸੇ ਨੇ ਸਟਾਫ ਦੇ ਕਹਿਣ ਉੱਤੇ ਵੀ ਇਸ ਗੱਲ ਦਾ ਖ਼ਿਆਲ ਨਹੀਂ ਕੀਤਾ ਕਿ ਉਹ ਮਰ ਸਕਦਾ ਹੈ।
ਲੋਕ ਤਾਂ ਦੁਖੀ ਹੋਏ ਇਹ ਕੁਝ ਕਰਦੇ ਹੀ ਹਨ, ਜਾਂਚ ਏਜੰਸੀਆਂ ਦੇ ਅਧਿਕਾਰੀ ਵੀ ਜਦੋਂ ਬੈਂਕਾਂ ਵਿੱਚ ਜਾਂਦੇ ਹਨ ਤਾਂ ਓਥੇ ਬੈਠੇ ਹੋਏ ਹਰ ਕਰਮਚਾਰੀ ਨੂੰ ਚੋਰ ਸਮਝੀ ਜਾਂਦੇ ਹਨ। ਅੱਜ ਕੱਲ੍ਹ ਤਕਨੀਕ ਦਾ ਯੁੱਗ ਹੈ ਤੇ ਜਦੋਂ ਹਰ ਬੈਂਕ ਵਿੱਚ ਸੀ ਸੀ ਟੀ ਵੀ ਕੈਮਰੇ ਹਨ ਤਾਂ ਉਨ੍ਹਾਂ ਦੇ ਰਾਹੀਂ ਬੈਂਕ ਵਿੱਚ ਬੈਠੀ ਹਰ ਕਾਲੀ ਭੇਡ ਪਛਾਣੀ ਜਾਣ ਦਾ ਰਾਹ ਲੱਭ ਸਕਦਾ ਹੈ। ਇਸ ਤਕਨੀਕ ਦੀ ਮਦਦ ਨਾਲ ਸਾਰਾ ਕੰਮ ਕਰ ਚੁੱਕਣ ਦੇ ਬਾਅਦ ਜਿਸ ਦਾ ਦੋਸ਼ ਹੋਵੇ, ਉਸ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਪਰ ਹਰ ਕਰਮਚਾਰੀ ਨੂੰ ਜ਼ਲੀਲ ਕਰਨਾ ਠੀਕ ਨਹੀਂ। ਇਹ ਗੱਲ ਆਮ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਤੇ ਜਾਂਚ ਕਰਤਿਆਂ ਨੂੰ ਵੀ। ਇਨ੍ਹਾਂ ਸਭਨਾਂ ਪੱਖਾਂ ਨੂੰ ਵੇਖਣ ਦੀ ਲੋੜ ਹੈ।