ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਭਾਜਪਾ ਜੇਤੂ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ 'ਚ ਹੋਈਆਂ ਨਿਗਮ ਚੋਣਾਂ ਦੇ ਨਤੀਜੇ ਭਾਜਪਾ ਲਈ ਵਧੀਆ ਖਬਰ ਲੈ ਕੇ ਆਏ ਹਨ। ਕੁੱਲ 26 ਸੀਟਾਂ 'ਚੋਂ 21 'ਤੇ ਭਾਜਪਾ ਤੇ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਹੈ, ਜਿਨ੍ਹਾਂ 'ਚ 20 ਭਾਜਪਾ ਤੇ 1 ਅਕਾਲੀਆਂ ਦੇ ਹਿੱਸੇ ਆਈ ਹੈ। ਉਧਰ ਕਾਂਗਰਸ ਦੇ ਹਿੱਸੇ ਸਿਰਫ 4 ਸੀਟਾਂ ਆਈਆਂ ਹਨ, ਜਦ ਕਿ 1 ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ।
ਹੁਣ ਤੱਕ ਚੰਡੀਗੜ੍ਹ ਨਗਰ ਨਿਗਮ 'ਤੇ ਭਾਰਤੀ ਜਨਤਾ ਪਾਰਟੀ ਦਾ ਹੀ ਕਬਜ਼ਾ ਸੀ, ਮੇਅਰ ਵੀ ਭਾਜਪਾ ਦਾ ਹੀ ਸੀ। ਪਾਰਟੀ ਨੂੰ ਸ਼ੰਕਾ ਸੀ ਕਿ ਕਿਤੇ ਨੋਟਬੰਦੀ ਕਾਰਨ ਹੋ ਰਹੀ ਤਕਲੀਫ ਕਾਰਨ ਲੋਕ ਨਰਾਜ਼ ਨਾ ਹੋਣ। ਕਾਂਗਰਸ ਇਹਨਾਂ ਹਾਲਤਾਂ 'ਚ ਆਪਣੇ ਲਈ ਵਧੀਆ ਮੌਕਾ ਵੇਖ ਰਹੀ ਸੀ। ਇਹੀ ਗੱਲ ਸੀ ਕਿ ਚੋਣ ਪ੍ਰਚਾਰ 'ਚ ਦੋਵੇਂ ਮੁੱਖ ਧਿਰਾਂ ਨੇ ਪੂਰੀ ਤਾਕਤ ਨਾਲ ਪ੍ਰਚਾਰ ਕੀਤਾ ਸੀ। ਕਾਂਗਰਸ ਨੇ ਜਿੱਥੇ ਨੋਟਬੰਦੀ ਕਾਰਨ ਲੋਕਾਂ ਨੂੰ ਹੋ ਰਹੀ ਤਕਲੀਫ ਨੂੰ ਮੁੱਦਾ ਬਣਾਇਆ, ਉੱਥੇ ਹੀ ਭਾਜਪਾ ਨੇਤਾਵਾਂ ਨੇ ਇਸ ਦੇ ਫਾਇਦੇ ਗਿਣਾਏ ਸੀ। ਭਾਜਪਾ ਨੇ ਕਿਰਨ ਖੇਰ ਅਤੇ ਅਨੁਰਾਗ ਠਾਕਰ ਵਰਗੇ ਵੱਡੇ ਚੇਹਰਿਆਂ ਨੂੰ ਪ੍ਰਚਾਰ ਕਰਨ ਲਈ ਮੈਦਾਨ 'ਚ ਉਤਾਰਿਆ। ਉਧਰ ਕਾਂਗਰਸ ਨੇ ਮੁੱਖ ਨੇਤਾ ਪਵਨ ਬਾਂਸਲ ਨੂੰ ਪਾਰਟੀ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ।
ਕਿਰਨ ਖੇਰ ਨੇ ਇਸ ਜਿੱਤ ਦਾ ਸਿਹਰਾ ਪੀ ਐੱਮ ਮੋਦੀ ਦੀਆਂ ਨੀਤੀਆਂ ਨੂੰ ਦਿੱਤਾ ਹੈ। ਚੰਡੀਗੜ੍ਹ 'ਚ ਪੜ੍ਹੇ-ਲਿਖੇ ਵੋਟਰਾਂ ਨੂੰ ਸੰਖਿਆ ਕਾਫੀ ਜ਼ਿਆਦਾ ਹੈ। ਐਸੇ 'ਚ ਇਹਨਾਂ ਨਤੀਜਿਆਂ ਤੋਂ ਭਾਜਪਾ ਇਹ ਸਿੱਟਾ ਕੱਢ ਸਕਦੀ ਹੈ ਕਿ ਸ਼ਹਿਰ ਦੇ ਲੋਕਾਂ ਤੱਕ ਸਰਕਾਰ ਨੋਟਬੰਦੀ ਨੂੰ ਲੈ ਕੇ ਆਪਣੀ ਗੱਲ ਸਫਲਤਾਪੂਰਵਕ ਪਹੁੰਚਾਉਣ 'ਚ ਕਾਮਯਾਬ ਰਹੀ ਹੈ। ਜ਼ਿਕਰਯੋਗ ਹੈ ਕਿ 18 ਦਸੰਬਰ ਨੂੰ ਇੱਥੋਂ ਦੇ 5 ਲੱਖ ਵੋਟਰਾਂ 'ਚੋਂ 3 ਲੱਖ ਨੇ 26 ਵਾਰਡਾਂ 'ਚ 122 ਉਮੀਦਵਾਰਾਂ 'ਚੋਂ 26 ਕੌਂਸਲਰਾਂ ਦੀ ਚੋਣ ਲਈ ਵੋਟਾਂ ਪਾਈਆਂ।