ਅਮਿਤ ਸ਼ਾਹ ਵਿਰੁੱਧ ਛਾਪੇਮਾਰੀ ਕਿਉਂ ਨਹੀਂ ਕਰਦਾ ਇਨਕਮ ਟੈਕਸ ਵਿਭਾਗ : ਮਮਤਾ ਬੈਨਰਜੀ

ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਾਮਿਲਨਾਡੂ ਦੇ ਪ੍ਰਿੰਸੀਪਲ ਸਕੱਤਰ ਪੀ ਰਾਮ ਮੋਹਨ ਰਾਓ ਦੀ ਰਿਹਾਇਸ਼ 'ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਅਜਿਹੀ ਕਾਰਵਾਈ ਨਾਲ ਸੀਨੀਅਰ ਸਰਕਾਰੀ ਅਧਿਕਾਰੀ ਦੀ ਸਾਖ ਖ਼ਰਾਬ ਹੁੰਦੀ ਹੈ। ਉਨ੍ਹਾ ਕਿਹਾ ਕਿ ਅਜਿਹਾ ਸਿਰਫ਼ ਸੰਘੀ ਢਾਂਚੇ 'ਚ ਗੜਬੜ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਸੁਆਲ ਕੀਤਾ ਕਿ ਅਮਿਤ ਸ਼ਾਹ ਤੇ ਹੋਰਨਾਂ 'ਤੇ ਇਨਕਮ ਟੈਕਸ ਵਿਭਾਗ ਛਾਪੇ ਕਿਉਂ ਨਹੀਂ ਮਾਰ ਰਿਹਾ।
ਮਮਤਾ ਨੇ ਕਿਹਾ ਕਿ ਛਾਪੇ ਤੋਂ ਪਹਿਲਾਂ ਸੂਬਾ ਲੀਡਰਸ਼ਿਪ ਨੂੰ ਭਰੋਸੇ 'ਚ ਲਿਆ ਜਾਣਾ ਚਾਹੀਦਾ ਸੀ ਅਤੇ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਉਨ੍ਹਾ ਨੂੰ ਅਹੁਣੇ ਤੋਂ ਹਟਾਇਆ ਜਾਣਾ ਚਾਹੀਦਾ ਸੀ। ਉਨ੍ਹਾ ਕਿਹਾ ਕਿ ਅਤੀਤ 'ਚ ਅਰਵਿੰਦ ਕੇਜਰੀਵਾਲ ਦੇ ਪ੍ਰਿੰਸੀਪਲ ਸਕੱਤਰ 'ਤੇ ਵੀ ਛਾਪਾ ਮਾਰਿਆ ਗਿਆ ਅਤੇ ਉਨ੍ਹਾ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾ ਕਿਹਾ ਕਿ ਬਦਲੇ ਦੀ ਭਾਵਨਾ ਨਾਲ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਕਾਰਵਾਈਆਂ ਨਾਲ ਸੀਨੀਅਰ ਸਰਕਾਰੀ ਅਧਿਕਾਰੀਆਂ ਦੀ ਸਾਖ ਪ੍ਰਭਾਵਤ ਹੁੰਦੀ ਹੈ।