ਤਾਮਿਲਨਾਡੂ ਦੇ ਪ੍ਰਿੰਸੀਪਲ ਸਕੱਤਰ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ


ਚਨੇਈ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ ਦੌਰਾਨ ਇਨਕਮ ਟੈਕਸ ਵਿਭਾਗ ਅਤੇ ਈ ਡੀ ਦਾ ਕਾਲੇ ਧਨ ਨੂੰ ਲੈ ਕੇ ਸ਼ੱਕੀ ਲੋਕਾਂ 'ਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ। ਇਨਕਮ ਟੈਕਸ ਵਿਭਾਗ ਨੇ ਤਾਮਿਲਨਾਡੂ ਦੇ ਪ੍ਰਿੰਸੀਪਲ ਸਕੱਤਰ ਪੀ ਰਾਮ ਮੋਹਨ ਰਾਓ ਦੇ ਬੇਟੇ ਅਤੇ ਬਾਕੀ ਸੰਬੰਧੀਆਂ ਦੇ ਖ਼ਿਲਾਫ਼ ਟੈਕਸ ਚੋਰੀ ਦੇ ਮਾਮਲੇ 'ਚ ਜਾਂਚ ਲਈ ਇੱਕ ਦਰਜਨ ਤੋਂ ਜ਼ਿਆਦਾ ਸਥਾਨਾਂ 'ਤੇ ਛਾਪੇਮਾਰੀ ਕੀਤੀ ਹੈ। ਤਾਮਿਲਨਾਡੂ ਅਤੇ ਗਵਾਂਢੀ ਰਾਜ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਕੀਤੀ ਗਈ ਇਹ ਛਾਪੇਮਾਰੀ ਬੁੱਧਵਾਰ ਸਵੇਰੇ 6 ਵਜੇ ਸ਼ੁਰੂ ਹੋਈ।
ਇੱਕ ਉੱਚ ਅਧਿਕਾਰੀ ਅਨੁਸਾਰ 13 ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਟਿਕਾਣੇ ਰਾਓ ਦੇ ਬੇਟੇ ਅਤੇ ਉਸ ਦੇ ਹੋਰ ਸੰਬੰਧੀਆਂ ਨਾਲ ਸੰਬੰਧਤ ਹਨ। ਇਹ ਛਾਪੇਮਾਰੀ ਨੋਟਬੰਦੀ ਬਾਅਦ ਨਗਦੀ ਅਤੇ ਸੋਨੇ ਦੀ ਭਾਰੀ ਘਾਟ ਦੌਰਾਨ ਵਿਭਾਗ ਵੱਲੋਂ ਜਾਰੀ ਜਾਂਚ ਨਾਲ ਜੁੜੀ ਹੈ।
ਸੂਬੇ ਦੀ ਰਾਜਧਾਨੀ 'ਚ ਪ੍ਰਿੰਸੀਪਲ ਸਕੱਤਰ ਦੀ ਸਰਕਾਰੀ ਰਿਹਾਇਸ਼ ਨੂੰ ਵੀ ਇਸ ਕਾਰਵਾਈ ਦੇ ਦਾਇਰੇ 'ਚ ਲਿਆਂਦਾ ਗਿਆ ਹੈ। ਰਾਓ ਨੂੰ ਰਾਜ ਸਰਕਾਰ ਨੇ ਇਸ ਸਾਲ ਜੂਨ 'ਚ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਸੀ। ਇਨਕਮ ਟੈਕਸ ਵਿਭਾਗ ਵੱਲੋਂ ਏਜੰਸੀ ਨਾਲ ਸਰਕਾਰੀ ਦਸਤਾਵੇਜ਼ ਸਾਂਝੇ ਕੀਤੇ ਜਾਣ 'ਤੇ ਈ ਡੀ ਨੇ ਇਸ ਮਾਮਲੇ 'ਚ ਕਾਲੇ ਧਨ ਨੂੰ ਚਿੱਟਾ ਕਰਨ ਨਾਲ ਜੁੜੀ ਇੱਕ ਸ਼ਿਕਾਇਤ ਵੀ ਦਰਜ ਕੀਤੀ ਹੈ। ਕਰੀਬ 2 ਹਫ਼ਤੇ ਪਹਿਲਾਂ ਤਾਮਿਲਨਾਡੂ 'ਚ ਵੱਡੇ ਪੈਮਾਨੇ 'ਤੇ ਇਨਕਮ ਟੈਕਸ ਵਿਭਾਗ ਅਤੇ ਈ ਡੀ ਦੀ ਛਾਪੇਮਾਰੀ ਹੋਈ ਸੀ। ਇਸ ਛਾਪੇਮਾਰੀ 'ਚ 34 ਕਰੋੜ ਦੀ ਨਵੀਂ ਕਰੰਸੀ, 106 ਕਰੋੜ ਦੀ ਪੁਰਾਣੀ ਕਰੰਸੀ ਅਤੇ 127 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ। ਜਾਂਚ 'ਚ ਸ਼ੇਖਰ ਰੈਡੀ ਨਾਂਅ ਦੇ ਵਿਅਕਤੀ ਦਾ ਨਾਂਅ ਆਇਆ ਸੀ, ਜਿਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਗਈ ਸੀ।
ਇਸ ਛਾਪੇਮਾਰੀ ਨਾਲ ਹੀ ਰਾਜ 'ਚ ਸਿਆਸੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ। ਡੀ ਐਮ ਕੇ ਨੇਤਾ ਐਮ ਕੇ ਸਟਾਲਿਨ ਨੇ ਕਿਹਾ ਕਿ ਤਾਮਿਲਨਾਡੂ ਦੇ ਮੁੱਖ ਸਕੱਤਰ ਦੇ ਘਰ ਛਾਪੇ ਨਾਲ ਰਾਜ ਦਾ ਅਕਸ ਧੁੰਦਲਾ ਹੋਇਆ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਸਕੱਤਰ ਦੇ ਘਰ ਛਾਪੇਮਾਰੀ ਕੀਤੀ ਗਈ ਹੋਵੇ।