ਭਾਰਤ ਪਾਕਿਸਤਾਨ ਨਾਲ ਦੁਸ਼ਮਣੀ ਛੱਡ ਕੇ ਸੀ ਪੀ ਈ ਸੀ 'ਚ ਸ਼ਾਮਲ ਹੋਵੇ : ਰਿਆਜ਼


ਇਸਲਾਮਾਬਾਦ
(ਨਵਾਂ ਜ਼ਮਾਨਾ ਸਰਵਿਸ)
ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ ਪੀ ਈ ਸੀ) 'ਚ ਰੂਸ ਦੇ ਸ਼ਾਮਲ ਹੋਣ ਨਾਲ ਜਿੱਥੇ ਭਾਰਤ ਦੀ ਚਿੰਤਾ ਹੋਰ ਵਧ ਗਈ ਹੈ, ਉਥੇ ਪਾਕਿਸਤਾਨ ਦੇ ਇੱਕ ਸੀਨੀਅਰ ਫ਼ੌਜੀ ਅਧਿਕਾਰੀ ਨੇ ਭਾਰਤ ਨੂੰ ਸੀ ਪੀ ਈ ਸੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪਾਕਿਸਤਾਨ ਫ਼ੌਜ ਦੇ ਇੱਕ ਸੀਨੀਅਰ ਜਰਨੈਲ ਨੇ ਭਾਰਤ ਨੂੰ ਪ੍ਰਾਜੈਕਟ 'ਚ ਸ਼ਾਮਲ ਹੋਣ ਲਈ ਸੱਦਾ ਦਿੰਦਿਆਂ ਕਿਹਾ ਕਿ ਉਸ ਨੂੰ ਪਾਕਿਸਤਾਨ ਨਾਲ ਦੁਸ਼ਮਣੀ ਛੱਡ ਕੇ ਅਰਬਾਂ ਡਾਲਰ ਦੇ ਇਸ ਪ੍ਰਾਜੈਕਟ ਦਾ ਸਾਂਝੇ ਤੌਰ 'ਤੇ ਲਾਭ ਉਠਾਉਣਾ ਚਾਹੀਦਾ ਹੈ।
ਕਵੇਟਾ ਸਥਿਤ ਦੱਖਣੀ ਕਮਾਂਡ ਦੇ ਲੈਫ਼ਟੀਨੈਂਟ ਜਨਰਲ ਆਮਿਰ ਰਿਆਜ਼ ਨੇ ਇਹ ਗੱਲ ਬਲੋਚਿਸਤਾਨ ਫਰੰਟੀਅਰ ਕੋਰ (ਐਫ਼ ਸੀ) ਹੈਡਕੁਆਟਰ 'ਚ ਇੱਕ ਇਨਾਮ ਵੰਡ ਸਮਾਰੋਹ ਦੌਰਾਨ ਆਖੀ। ਐਕਸਪ੍ਰੈਸ ਟ੍ਰਿਬਿਊਨ ਦੇ ਰਿਆਜ਼ ਦੇ ਹਵਾਲੇ ਨਾਲ ਪ੍ਰਕਾਸ਼ਤ ਖ਼ਬਰ 'ਚ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਦੁਸ਼ਮਣੀ ਛੱਡ ਕੇ ਇਰਾਕ, ਅਫ਼ਗਾਨਿਸਤਾਨ ਅਤੇ ਹੋਰ ਮੱਧ ਏਸ਼ਿਆਈ ਦੇਸ਼ਾਂ ਨਾਲ 46 ਅਰਬ ਡਾਲਰ ਵਾਲੇ ਸੀ ਪੀ ਈ ਸੀ 'ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਉਸ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਵਿਰੋਧੀ ਸਰਗਰਮੀਆਂ ਅਤੇ ਭੰਨਤੋੜ ਛੱਡ ਕੇ ਭਵਿੱਖ ਦੇ ਵਿਕਾਸ ਦਾ ਫਲ ਸਾਂਝਾ ਕਰਨਾ ਚਾਹੀਦਾ ਹੈ। 46 ਅਰਬ ਡਾਲਰ ਦੀ ਲਾਗਤ ਵਾਲੇ ਸੀ ਪੀ ਈ ਸੀ ਦਾ ਮਕਸਦ ਚੀਨ ਦੇ ਪੱਛਮੀ ਹਿੱਸਿਆਂ ਨੂੰ ਬਲੋਚਿਸਤਾਨ ਦੇ ਗਵਾਟਰ ਬੰਦਰਗਾਹ ਰਾਹੀਂ ਅਰਬ ਸਾਗਰ ਨਾਲ ਜੋੜਣਾ ਹੈ।
ਇਸ ਦੇ ਨਾਲ ਹੀ ਗਿਆਜ਼ ਨੇ ਬਲੋਚਿਸਤਾਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੈ ਜਲਾਵਤਨ ਆਗੂਆਂ ਤੋਂ ਗੁੰਮਰਾਹ ਨਾ ਹੋਣ, ਜਿਹੜੇ ਪਾਕਿਸਤਾਨ ਨੂੰ ਵੰਡਣ ਲਈ ਦੁਸ਼ਮਣ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀ ਬੰਦੂਕ ਦੇ ਜ਼ੋਰ ਨਾਲ ਆਪਣੀ ਵਿਚਾਰਧਾਰਾ ਠੋਸਣ ਦਾ ਯਤਨ ਕਰ ਰਹੇ ਸਨ, ਪਰ ਉਨ੍ਹਾ ਨੂੰ ਹਰਾ ਦਿੱਤਾ ਗਿਆ ਹੈ।