ਨਜੀਬ ਜੰਗ ਵੱਲੋਂ ਅਸਤੀਫ਼ਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਅੱਜ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾ ਨੂੰ ਮਨਮੋਹਨ ਸਿੰਘ ਸਰਕਾਰ ਵੱਲੋਂ ਜੁਲਾਈ 2013 'ਚ ਸ੍ਰੀ ਤੇਜਿੰਦਰ ਖੰਨਾ ਦੀ ਥਾਂ ਦਿੱਲੀ ਦਾ ਉਪ ਰਾਜਪਾਲ ਨਿਯੁਕਤ ਕੀਤਾ ਸੀ ਅਤੇ ਉਨ੍ਹਾ ਦੇ ਕਾਰਜਕਾਲ ਦਾ ਅਜੇ ਤਕਰੀਬਨ ਡੇਢ ਸਾਲ ਦਾ ਸਮਾਂ ਬਾਕੀ ਸੀ, ਪਰ ਅੱਜ ਉਨ੍ਹਾ ਅਚਾਨਕ ਅਸਤੀਫ਼ਾ ਦੇ ਦਿੱਤਾ।
ਨਜੀਬ ਜੰਗ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਕਾਰ ਲਗਾਤਾਰ ਟਕਰਾਅ ਵਾਲੀ ਸਥਿਤੀ ਬਣੀ ਰਹੀ ਅਤੇ ਦੋਹਾਂ ਵਿਚਕਾਰ ਪ੍ਰਸ਼ਾਸਨ ਦੇ ਅਧਿਕਾਰਾਂ ਨੂੰ ਲੈ ਕੇ ਵਿਵਾਦ ਵਾਲੀ ਸਥਿਤੀ ਬਣੀ ਰਹੀ ਅਤੇ ਇਹ ਅਦਾਲਤ ਤੱਕ ਵੀ ਗਿਆ।
ਜੰਗ ਵੱਲੋਂ ਅੱਜ ਕੀਤੇ ਗਏ ਫ਼ੈਸਲੇ ਦਾ ਕੋਈ ਕਾਰਨ ਨਹੀਂ ਦਸਿਆ ਗਿਆ, ਪਰ ਉਨ੍ਹਾ ਨੇ ਅੱਜ ਇੱਕ ਪੱਤਰ ਰਾਹੀਂ ਦਿੱਲੀ ਦੇ ਲੋਕਾਂ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਅਤੇ ਆਪਣੇ ਪਹਿਲੇ ਪਿਆਰ, ਸਿੱਖਿਆ ਦੇ ਖੇਤਰ 'ਚ ਪਰਤ ਜਾਣ ਦੀ ਗੱਲ ਆਖੀ। ਜ਼ਿਕਰਯੋਗ ਹੈ ਕਿ ਦਿੱਲੀ ਦਾ ਉਪ ਰਾਜਪਾਲ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਨਜੀਬ ਜੰਗ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਜੰਗ ਦੇ ਅਸਤੀਫ਼ੇ ਦੀ ਖ਼ਬਰ ਆਉਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾ ਨਾਲ ਗੱਲ ਕੀਤੀ। ਕੇਜਰੀਵਾਲ ਦੇ ਨੇੜਲੇ ਸੂਤਰਾਂ ਅਨੁਸਾਰ ਕੇਜਰੀਵਾਲ ਸ਼ੁੱਕਰਵਾਰ ਨੂੰ ਨਜੀਬ ਜੰਗ ਨਾਲ ਮੁਲਾਕਾਤ ਕਰਨਗੇ।
ਮਗਰੋਂ ਜੰਗ ਦੇ ਦਫ਼ਤਰੋਂ ਜਾਰੀ ਇੱਕ ਬਿਆਨ ਰਾਹੀਂ ਦਿੱਲੀ ਦੇ ਉਪ ਰਾਜਪਾਲ ਰਹਿੰਦਿਆਂ ਦਿੱਤੇ ਗਏ ਸਹਿਯੋਗ ਲਈ ਜੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇਂਦਰ ਸਰਕਾਰ 'ਤੇ ਦੋਸ਼ ਲਾਉਂਦੇ ਰਹੇ ਹਨ ਕਿ ਉਨ੍ਹਾ ਨੇ ਜੰਗ ਰਾਹੀਂ ਦਿੱਲੀ ਨੂੰ ਬਰਬਾਦ ਕੀਤਾ।
ਜੰਗ ਦੇ ਅਸਤੀਫ਼ੇ 'ਤੇ ਟਿਪਣੀ ਕਰਦਿਆਂ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਖੱਟੇ-ਮਿੱਠੇ ਤਜਰਬਿਆਂ ਦੇ ਬਾਵਜੂਦ ਅਸੀਂ ਨਜੀਬ ਜੰਗ ਸਾਹਿਬ ਨਾਲ ਮਿਲ ਕੇ ਦਿੱਲੀ ਲਈ ਬਹੁਤ ਚੰਗਾ ਕੰਮ ਕੀਤਾ। ਉਨ੍ਹਾ ਜੰਗ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਨਜੀਬ ਜੰਗ ਦੇ ਸ਼ਾਨਦਾਰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਨਜੀਬ ਜੰਗ ਮੱਧ ਪ੍ਰਦੇਸ਼ ਕੇਡਰ ਦੇ ਸਾਬਕਾ ਆਈ ਏ ਐਸ ਅਧਿਕਾਰੀ ਹਨ ਅਤੇ ਮਨਮੋਹਨ ਸਰਕਾਰ ਵੱਲੋਂ ਉਨ੍ਹਾ ਨੂੰ ਕੌਮੀ ਰਾਜਧਾਨੀ ਖੇਤਰ ਦਾ 20ਵਾਂ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਨ੍ਹਾ ਨੇ ਜੁਲਾਈ 2013 'ਚ ਦਿੱਲੀ ਦੇ ਉਪ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਸੀ।
ਐਲ ਜੀ ਦੇ ਅਸਤੀਫ਼ੇ 'ਤੇ ਆਪਣੀ ਪ੍ਰਤੀਕ੍ਰਿਆ 'ਚ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਉਪਾਧਿਆਏ ਨੇ ਕਿਹਾ ਕਿ ਉਨ੍ਹਾ ਨੂੰ ਨਜੀਬ ਜੰਗ ਦੇ ਅਸਤੀਫ਼ੇ ਨਾਲ ਹੈਰਾਨੀ ਨਹੀਂ ਹੋਈ। ਉਨ੍ਹਾ ਕਿਹਾ ਕਿ ਅਸਤੀਫ਼ੇ ਦਾ ਫ਼ੈਸਲਾ ਜੰਗ ਦਾ ਨਿੱਜੀ ਫ਼ੈਸਲਾ ਸੀ ਅਤੇ ਜੇ ਉਹ ਦੁਬਾਰਾ ਪੜ੍ਹਾਈ ਦੇ ਖੇਤਰ 'ਚ ਜਾਣਾ ਚਾਹੁੰਦੇ ਹਨ ਤਾਂ ਸਾਨੂੰ ਸਾਰਿਆਂ ਨੂੰ ਉਨ੍ਹਾ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।