ਰੋਜ਼ਾਨਾ ਛਪ ਰਹੇ ਹਨ 1 ਕਰੋੜ ਨੋਟ ਨਾਸਿਕ ਪ੍ਰੈੱਸ 'ਚ ਨੋਟਾਂ ਦੀ ਛਪਾਈ 'ਚ ਤਿੰਨ ਗੁਣਾ ਵਾਧਾ


ਨਾਸਿਕ (ਨਵਾਂ ਜ਼ਮਾਨਾ ਸਰਵਿਸ)-ਨਾਸਿਕ ਦੀ ਕਰੰਸੀ ਨੋਟ ਪ੍ਰੈੱਸ ਨੇ 500 ਰੁਪਏ ਦੇ ਨਵੇਂ ਨੋਟਾਂ ਦੀ ਛਪਾਈ 'ਚ ਤਿੰਨ ਗੁਣਾ ਵਾਧਾ ਕਰ ਦਿੱਤਾ ਹੈ। ਇੱਕ ਰਿਪੋਰਟ ਅਨੁਸਾਰ ਹੁਣ ਰੋਜ਼ਾਨਾ 500 ਰੁਪਏ ਦੇ ਇੱਕ ਕਰੋੜ ਨੋਟ ਛਾਪੇ ਜਾ ਰਹੇ ਹਨ, ਜਦਕਿ ਨਵੰਬਰ ਦੇ ਅੱਧ 'ਚ ਰੋਜ਼ਾਨਾ 35 ਲੱਖ ਨੋਟ ਹੀ ਛਪ ਰਹੇ ਸਨ। ਸੀ ਐੱਨ ਪੀ ਦਾ ਕਹਿਣਾ ਹੈ ਕਿ ਰੋਜ਼ਾਨਾ 1 ਕਰੋੜ 90 ਲੱਖ ਨੋਟ ਛਾਪੇ ਜਾ ਰਹੇ ਹਨ। ਇਹਨਾਂ 'ਚੋਂ ਇੱਕ ਕਰੋੜ ਸਿਰਫ਼ 500 ਰੁਪਏ ਦੇ ਨੋਟ ਸ਼ਾਮਲ ਹਨ। ਇਸ ਤੋਂ ਇਲਾਵਾ 100, 50 ਅਤੇ 20 ਰੁਪਏ ਦੇ ਨੋਟਾਂ ਦੀ ਛਪਾਈ 'ਚ ਵਾਧਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਾਸਿਕ ਦੀ ਇਸ ਪ੍ਰੈੱਸ 'ਚ 2000 ਰੁਪਏ ਦੇ ਨੋਟ ਦੀ ਛਪਾਈ ਨਹੀਂ ਕੀਤੀ ਜਾਂਦੀ।
ਰਿਪੋਰਟ ਅਨੁਸਾਰ ਸੀ ਐੱਨ ਪੀ ਵੱਲੋਂ ਸ਼ੁਕਰਵਾਰ ਨੂੰ ਨੋਟਬੰਦੀ ਮਗਰੋਂ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ 4 ਕਰੋੜ 30 ਲੱਖ ਮਿਲੀਅਨ ਨੋਟ ਭੇਜੇ ਗਏ ਅਤੇ ਇਹਨਾਂ 'ਚੋਂ ਇੱਕ ਕਰੋੜ 10 ਲੱਖ ਨੋਟ ਸਿਰਫ਼ 500 ਰੁਪਏ ਦੇ ਹਨ ਅਤੇ 50 ਤੇ 20 ਰੁਪਏ ਦੇ ਇੱਕ-ਇੱਕ ਕਰੋੜ ਨੋਟ ਸ਼ਾਮਲ ਹਨ। ਇਸ ਰਿਪੋਰਟ 'ਚ ਅੱਗੇ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਮਗਰੋਂ 11 ਨਵੰਬਰ ਨੂੰ ਸੀ ਐੱਨ ਪੀ ਨੇ ਆਰ ਬੀ ਆਈ ਨੂੰ 500 ਰੁਪਏ ਦੇ 50 ਲੱਖ ਨੋਟ ਭੇਜੇ ਸਨ।