ਸਿੰਧ ਦਾ ਪਾਣੀ ਵਰਤਣ ਲਈ ਭਾਰਤ ਵੱਲੋਂ ਕਵਾਇਦ ਸ਼ੁਰੂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਸਿੰਧ ਜਲ ਸਮਝੌਤੇ ਤਹਿਤ ਪਾਕਿਸਤਾਨ ਨੂੰ ਧਿਆਨ 'ਚ ਰੱਖਦੇ ਹੋਏ ਭਾਰਤ ਨੇ ਸਿੰਧ ਘਾਟੀ ਦੇ ਦਰਿਆਵਾਂ ਦੇ ਪਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਰਿਪੋਰਟ ਮੁਤਾਬਕ ਇਸ ਸੰਬੰਧ 'ਚ ਇੱਕ ਉੱਚ-ਪੱਧਰੀ ਅੰਤਰ-ਮੰਤਰਾਲੇ ਦੀ ਟਾਸਕ ਫੋਰਸ ਦੀ ਪਹਿਲੀ ਬੈਠਕ ਹੋਈ, ਜਿਸ 'ਚ ਜ਼ਮੀਨੀ ਪੱਧਰ 'ਤੇ ਕੰਮ ਤੇਜ਼ ਕਰਨ ਲਈ ਬਿਹਤਰ ਆਪਸੀ ਤਾਲਮੇਲ ਖਾਤਰ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੋਈ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਿਰਪਿੰਦਰ ਮਿਸ਼ਰਾ ਨੇ ਕੀਤੀ। ਬੈਠਕ ਦੌਰਾਨ ਜੰਮੂ-ਕਸ਼ਮੀਰ 'ਚ ਪ੍ਰਸਤਾਵਿਤ ਪਣ ਬਿਜਲੀ ਪ੍ਰਾਜੈਕਟ ਦੇ ਕੰਮ ਨੂੰ ਤੇਜ਼ ਕਰਨ ਅਤੇ ਭੰਡਾਰ ਦੀ ਸਮਰੱਥਾ ਸਮੇਤ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ 'ਤੇ ਵਿਚਾਰ-ਚਰਚਾ ਕੀਤੀ ਗਈ, ਤਾਂ ਕਿ ਸਿੰਧ, ਜੇਹਲਮ ਅਤੇ ਚਨਾਬ ਦਰਿਆਵਾਂ ਦੇ ਪਾਣੀ ਦਾ ਇਸਤੇਮਾਲ ਕੀਤਾ ਜਾ ਸਕੇ। ਇਸ ਮੀਟਿੰਗ 'ਚ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨੇ ਵੀ ਹਿੱਸਾ ਲਿਆ, ਕਿਉਂਕਿ ਰਾਵੀ, ਬਿਆਸ ਅਤੇ ਸਤਲੁਜ ਵਰਗੇ ਦਰਿਆਵਾਂ ਕਾਰਨ ਇਸ ਪ੍ਰਕਿਰਿਆ 'ਚ ਪੰਜਾਬ ਦੀ ਭਾਈਵਾਲੀ ਕਾਫ਼ੀ ਅਹਿਮ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਪਹਿਲੀ ਮੀਟਿੰਗ ਦਾ ਮਕਸਦ ਸਿੰਧ ਜਲ ਸਮਝੌਤੇ ਤਹਿਤ ਭਾਰਤ ਦੇ ਹਿੱਸੇ ਵਾਲੇ ਪਾਣੀਆਂ ਦੀ ਪੂਰੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣਾ ਸੀ। ਦੋਵਾਂ ਸੂਬਿਆ ਨੂੰ ਕਿਹਾ ਗਿਆ ਹੈ ਕਿ ਜਿੰਨਾ ਛੇਤੀ ਸੰਭਵ ਹੋ ਸਕੇ, ਰਿਪੋਰਟ ਪੇਸ਼ ਕੀਤੀ ਜਾਵੇ।
ਟਾਸਕ ਫੋਰਸ ਦੀ ਅਗਲੀ ਮੀਟਿੰਗ ਜਨਵਰੀ 'ਚ ਹੋਵੇਗੀ। 1960 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸਿੰਧ ਜਲ ਸਮਝੌਤੇ ਤਹਿਤ ਤਿੰਨ ਪੂਰਬੀ ਦਰਿਆਵਾਂ ਬਿਆਸ, ਰਾਵੀ ਅਤੇ ਸਤਲਜ ਦਾ ਕੰਟਰੋਲ ਭਾਰਤ ਨੂੰ ਅਤੇ ਤਿੰਨ ਪੱਛਮੀ ਦਰਿਆਵਾਂ ਸਿੰਧ, ਚਨਾਬ, ਜੇਹਲਮ ਦਾ ਕੰਟਰੋਲ ਪਾਕਿਸਤਾਨ ਨੂੰ ਦਿੱਤਾ ਗਿਆ ਹੈ। ਸੰਧੀ ਮੁਤਾਬਕ ਭਾਰਤ ਆਪਣੇ ਹਿੱਸੇ 'ਚ ਆਏ ਦਰਿਆਵਾਂ ਦੇ ਪਾਣੀ ਦੀ ਵਰਤੋਂ ਸਿੰਚਾਈ, ਟਰਾਂਸਪੋਰਟ ਅਤੇ ਬਿਜਲੀ ਉਤਪਾਦਨ ਲਈ ਕਰ ਸਕਦਾ ਹੈ। ਇਸੇ ਦੌਰਾਨ ਇਹਨਾਂ ਦਰਿਆਵਾਂ 'ਤੇ ਭਾਰਤ ਵੱਲੋਂ ਪ੍ਰਾਜੈਕਟਾਂ ਦਾ ਨਿਰਮਾਣ ਕਰਨ ਦੀ ਸੋਚੀ ਜਾ ਰਹੀ ਹੈ।