ਸਿਆਸੀ ਬੇਅਸੂਲੇਪਣ ਦੀ ਸਿਖ਼ਰ

ਸਿਰਫ਼ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਪਾਰਟੀ ਤਾਂ ਸਿਆਸੀ ਆਗੂ ਲਈ ਮਾਂ ਹੁੰਦੀ ਹੈ, ਮਾਂ ਨਹੀਂ ਛੱਡਣੀ ਚਾਹੀਦੀ। ਇਸ ਤੋਂ ਅਗਲੇ ਦਿਨ ਹੀ ਕਾਂਗਰਸ ਪਾਰਟੀ ਦਾ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਆਪਣੀ ਮਾਂ-ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਤੇ ਉਸ ਦੇ ਗਲ਼ ਸਿਰੋਪਾ ਪਾਉਣ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਬਰਨਾਲੇ ਤੋਂ ਅਕਾਲੀ ਦਲ ਦਾ ਉਮੀਦਵਾਰ ਵੀ ਐਲਾਨ ਕਰ ਦਿੱਤਾ। ਰਾਜਨੀਤੀ ਦਾ ਬੇਅਸੂਲਾਪਣ ਸਿਰਫ਼ ਇਸ ਪਾਸੇ ਹੀ ਨਹੀਂ, ਹਰ ਪਾਸੇ ਹੋਈ ਜਾਂਦਾ ਸਾਫ਼ ਦਿਖਾਈ ਦੇਂਦਾ ਹੈ। ਪਾਰਟੀਆਂ ਬਦਲਣਾ ਹੁਣ ਰਾਜਸੀ ਆਗੂਆਂ ਲਈ ਕੱਪੜੇ ਬਦਲਣ ਜਿੰਨਾ ਸਧਾਰਨ ਹੋ ਗਿਆ ਹੈ। ਕੁਝ ਲੋਕ ਜਾਇਜ਼ ਰੋਸੇ ਕਾਰਨ ਪਾਰਟੀ ਨੂੰ ਛੱਡਣ ਨੂੰ ਮਜਬੂਰ ਹੁੰਦੇ ਹਨ ਤੇ ਕੁਝ ਲੋਕ ਮਜਬੂਰ ਕਰ ਦਿੱਤੇ ਜਾਂਦੇ ਹਨ, ਪਰ ਕਈ ਸਿਆਸੀ ਆਗੂ ਦਾਅ ਮਾਰਨ ਲਈ ਹਰ ਪਾਰਟੀ ਵੱਲੋਂ ਸੁੱਟੇ ਗਏ ਚੋਗੇ ਨੂੰ ਚੁਗਣ ਲਈ ਤਿਆਰ ਮਿਲਦੇ ਹਨ। ਇਹ ਸਾਰਾ ਕੁਝ ਚੋਣਾਂ ਵਿੱਚ ਹੁੰਦਾ ਹੈ। ਸਿਬੀਆ ਨੂੰ ਲੈ ਕੇ ਅਕਾਲੀ ਦਲ ਨੇ ਵੀ ਇੱਕ ਸਿਆਸੀ ਦਾਅ ਖੇਡਿਆ ਹੈ ਤੇ ਖ਼ੁਦ ਸਿਬੀਏ ਨੇ ਵੀ ਦਾਅ ਹੀ ਖੇਡਿਆ ਹੈ।
ਇਸ ਤੋਂ ਪਹਿਲਾਂ ਅਕਾਲੀ ਦਲ ਨੂੰ ਛੱਡ ਕੇ ਆਏ ਕੁਝ ਆਗੂਆਂ ਨੂੰ ਕਾਂਗਰਸ ਪਾਰਟੀ ਨੇ ਟਿਕਟਾਂ ਦੇਣ ਵਿੱਚ ਝਿਜਕ ਨਹੀਂ ਸੀ ਵਿਖਾਈ। ਦੂਸਰੀਆਂ ਪਾਰਟੀਆਂ ਵਿੱੱਚੋਂ ਆਏ ਕਈ ਲੋਕ ਏਸੇ ਤਰ੍ਹਾਂ ਅਕਾਲੀ ਦਲ ਵੱਲੋਂ ਟਿਕਟ ਨਾਲ ਨਵਾਜੇ ਗਏ ਸਨ। ਕੁਝ ਹੋਰ ਵੀ ਲਾਈਨ ਵਿੱਚ ਸੁਣੇ ਜਾਂਦੇ ਹਨ। ਆਮ ਲੋਕਾਂ ਨੂੰ ਇਸ ਵਿਹਾਰ ਤੋਂ ਕੌੜ ਬਹੁਤ ਚੜ੍ਹਦੀ ਹੈ, ਪਰ ਉਹ ਵੀ ਹੁਣ ਇਸ ਨੂੰ ਲੋਕਤੰਤਰੀ ਪ੍ਰਕਿਰਿਆ ਦਾ ਇੱਕ ਅੰਗ ਜਿਹਾ ਮੰਨੀ ਜਾਂਦੇ ਹਨ।
ਸਾਡੇ ਪੰਜਾਬ ਵਿੱਚ ਇਸ ਕਿਸਮ ਦੇ ਲੀਡਰਾਂ ਦੀ ਇੱਕ ਬਹੁਤ ਲੰਮੀ ਕਤਾਰ ਹੈ। ਅੰਮ੍ਰਿਤਸਰ ਵਿੱਚ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਹੁਣ ਪਾਰਟੀ ਛੱਡ ਕੇ ਕਾਂਗਰਸੀ ਹੋ ਗਿਆ ਹੈ। ਅਕਾਲੀ ਇਸ ਤੋਂ ਨਾਰਾਜ਼ ਹਨ, ਪਰ ਇੱਕ ਸਮੇਂ ਇਹੋ ਬੁਲਾਰੀਆ ਪਰਵਾਰ ਜਦੋਂ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਬਣਿਆ ਸੀ ਤਾਂ ਇਨ੍ਹਾਂ ਨੂੰ ਸਿਰੋਪੇ ਦਿੱਤੇ ਜਾ ਰਹੇ ਸਨ। ਬਹੁਜਨ ਸਮਾਜ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਆਏ ਤਿੰਨ ਪੁਰਾਣੇ ਆਗੂਆਂ ਨੂੰ ਪਿਛਲੀਆਂ ਚੋਣਾਂ ਵਿੱਚ ਅਕਾਲੀ ਦਲ ਨੇ ਟਿਕਟਾਂ ਨਾਲ ਨਵਾਜਿਆ ਸੀ। ਹੁਣੇ ਜਿਹੇ ਅਕਾਲੀ ਦਲ ਵੱਲੋਂ ਵਿਧਾਇਕ ਰਹਿ ਚੁੱਕਾ ਇੱਕ ਆਗੂ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ। ਉਸ ਦਾ ਬਾਪ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਹੈ। ਅਕਾਲੀ ਵਿਧਾਇਕ ਰਹਿ ਚੁੱਕਾ ਇਹ ਆਗੂ ਭਾਜਪਾ ਦੀ ਵਿਚਾਰਧਾਰਾ ਲਈ ਓਥੇ ਨਹੀਂ ਗਿਆ, ਇਸ ਕਰ ਕੇ ਗਿਆ ਹੈ ਕਿ ਉਹਦੇ ਵਾਲੀ ਸੀਟ ਅਕਾਲੀ ਦਲ ਨੇ ਕਿਸੇ ਹੋਰ ਨੂੰ ਦੇ ਕੇ ਉਸ ਨੂੰ ਆਪ ਇਸ਼ਾਰਾ ਕੀਤਾ ਹੈ ਕਿ ਤੂੰ ਭਾਜਪਾ ਵੱਲੋਂ ਟਿਕਟ ਦੀ ਅਰਜ਼ੀ ਦੇ ਛੱਡ, ਅਸੀਂ ਦਬਾਅ ਪਾ ਕੇ ਤੈਨੂੰ ਓਧਰੋਂ ਟਿਕਟ ਦਿਵਾ ਦੇਵਾਂਗੇ। ਇੱਕ ਸਾਬਕਾ ਅਕਾਲੀ ਐੱਮ ਪੀ ਦਾ ਇੱਕ ਪੁੱਤਰ ਅਕਾਲੀ ਉਮੀਦਵਾਰ ਹੈ ਤੇ ਦੂਸਰੇ ਨੂੰ ਭਾਜਪਾ ਵੱਲੋਂ ਟਿਕਟ ਮਿਲਣ ਲੱਗੀ ਹੈ।
ਕਾਂਗਰਸ ਪਾਰਟੀ ਨੇ ਵੀ ਇਸ ਕੰਮ ਵਿੱਚ ਕੋਈ ਮਿਣਤੀ ਦਾ ਗਜ਼ ਨਹੀਂ ਰੱਖਿਆ। ਨਸ਼ੀਲੇ ਪਦਾਰਥਾਂ ਦੇ ਬੜੇ ਚਰਚਿਤ ਕੇਸ ਵਿੱਚ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ ਦਾ ਨਾਂਅ ਆਏ ਤੋਂ ਕਾਂਗਰਸੀ ਮਿਹਣੇ ਦੇਂਦੇ ਸਨ, ਪਰ ਜਦੋਂ ਅਕਾਲੀ ਦਲ ਨੇ ਉਸ ਨੂੰ ਟਿਕਟ ਨਹੀਂ ਦਿੱਤੀ ਤਾਂ ਕਾਂਗਰਸ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਹੈ। ਨਵਜੋਤ ਸਿੱਧੂ ਤੇ ਉਸ ਦੀ ਪਤਨੀ ਪਿਛਲੇ ਪੌਣੇ ਦੋ ਦਹਾਕਿਆਂ ਤੋਂ ਕਾਂਗਰਸ ਦੀ ਲੀਡਰਸ਼ਿਪ ਨੂੰ ਭੰਡਦੇ ਰਹੇ ਸਨ ਤੇ ਅਕਾਲੀ ਦਲ ਨਾਲ ਨਾਰਾਜ਼ਗੀ ਕਾਰਨ ਜਦੋਂ ਭਾਜਪਾ ਨੇ ਉਨ੍ਹਾਂ ਦੀ ਬਾਂਹ ਨਹੀਂ ਸੀ ਫੜੀ ਤਾਂ ਪਾਰਟੀ ਛੱਡ ਕੇ ਉਹ ਕਾਂਗਰਸ ਵਿੱਚ ਸ਼ਾਮਲ ਹੋਣ ਤੁਰ ਪਏ ਹਨ। ਇਸ ਤੋਂ ਪਹਿਲਾਂ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਰਗੇ ਕਈ ਲੋਕ ਏਸੇ ਤਰ੍ਹਾਂ ਕਾਂਗਰਸ ਵਿੱਚ ਆਣ ਵੜੇ ਸਨ। ਹੁਣ ਕੁਝ ਹੋਰ ਹੋਣ ਲੱਗੇ ਸੁਣੀਂਦੇ ਹਨ। ਇੱਕ ਕੇਸ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਨੂੰ ਦਲ-ਬਦਲੀ ਦੇ ਸਵਾਲ ਉੱਤੇ ਕਟਹਿਰੇ ਵਿੱਚ ਖੜਾ ਕਰਦਾ ਹੈ। ਕਾਂਗਰਸ ਨੇ ਪਿਛਲੀ ਵਾਰੀ ਵਿਧਾਨ ਸਭਾ ਟਿਕਟ ਨਾ ਦਿੱਤੀ ਤਾਂ ਦੀਪ ਇੰਦਰ ਸਿੰਘ ਢਿੱਲੋਂ ਬਗ਼ਾਵਤ ਕਰ ਕੇ ਆਜ਼ਾਦ ਖੜਾ ਹੋ ਗਿਆ ਸੀ ਤੇ ਥੋੜ੍ਹੇ ਫ਼ਰਕ ਨਾਲ ਹਾਰਨ ਪਿੱਛੋਂ ਉਹ ਅਕਾਲੀ ਦਲ ਵਿੱਚ ਚਲਾ ਗਿਆ ਸੀ। ਪਾਰਲੀਮੈਂਟ ਚੋਣ ਦੌਰਾਨ ਪਟਿਆਲਾ ਹਲਕੇ ਤੋਂ ਉਹ ਅਕਾਲੀ ਦਲ ਦਾ ਉਮੀਦਵਾਰ ਬਣਿਆ ਤੇ ਧਰਮਵੀਰ ਗਾਂਧੀ ਅਤੇ ਪ੍ਰਨੀਤ ਕੌਰ ਦੇ ਮੁਕਾਬਲੇ ਤੀਸਰੇ ਨੰਬਰ ਉੱਤੇ ਰਿਹਾ ਸੀ। ਸਿਰਫ਼ ਢਾਈ ਸਾਲਾਂ ਬਾਅਦ ਉਹ ਫਿਰ ਕਾਂਗਰਸ ਵਿੱਚ ਮੁੜ ਆਇਆ ਹੈ।
ਚੋਣਾਂ ਵਿੱਚ ਗੱਠਜੋੜ ਬਣਦੇ ਹਨ ਤਾਂ ਉਹ ਵੀ ਹੁਣ ਬਿਨਾਂ ਅਸੂਲਾਂ ਤੋਂ ਬਣਾਏ ਜਾਣ ਲੱਗ ਪਏ ਹਨ ਤੇ ਜਦੋਂ ਉਮੀਦਵਾਰ ਬਣਾਏ ਜਾਂਦੇ ਹਨ ਤਾਂ ਉਹ ਵੀ ਕਿਰਦਾਰ ਦੀ ਪਰਖ ਤੋਂ ਬਿਨਾਂ ਲੀਡਰ ਦੀ ਜਿੱਤਣ ਦੀ ਤਾਕਤ ਵੇਖਣ ਦੇ ਬਾਅਦ ਮਿਥੇ ਜਾਣ ਲੱਗ ਪਏ ਹਨ। ਅਸੂਲ ਤਾਂ ਸਿਆਸੀ ਆਗੂਆਂ ਨੇ ਵੇਚ ਕੇ ਖਾ ਲਏ ਲੱਗਦੇ ਹਨ। ਰਾਜ ਕਰਨ ਨੂੰ ਤਾਂਘ ਰਹੀਆਂ ਸਾਰੀਆਂ ਮੁੱਖ ਸਿਆਸੀ ਪਾਰਟੀਆਂ ਦਾ ਇੱਕੋ ਹਾਲ ਹੈ। ਇਹ ਬੇਅਸੂਲੇਪਣ ਦੀ ਸਿਖ਼ਰ ਹੈ।