ਮੂਰਖਾਂ ਦੇ ਕਾਰਨ ਤਬਾਹੀ ਦੀ ਦੰਦੀ ਉੱਤੇ ਦੁਨੀਆ

ਅੱਜ ਦੇ ਅਖ਼ਬਾਰਾਂ ਵਿੱਚ ਛਪੀ ਹੋਈ ਇਹ ਖ਼ਬਰ ਸਧਾਰਨ ਸੂਚਨਾ ਨਹੀਂ, ਇੱਕ ਬਹੁਤ ਵੱਡੀ ਚੇਤਾਵਨੀ ਹੈ ਤੇ ਇਹ ਚਿਤਾਵਨੀ ਕਿਸੇ ਇੱਕ ਦੇਸ਼ ਲਈ ਨਹੀਂ, ਸਮੁੱਚੇ ਸੰਸਾਰ ਦੇ ਲੋਕਾਂ ਲਈ ਹੈ।
ਖ਼ਬਰ ਆਖਦੀ ਹੈ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਮੁਹੰਮਦ ਆਸਿਫ਼ ਨੇ ਇੱਕ ਦਿਨ ਕਿਸੇ ਘੱਟ ਪਛਾਣ ਵਾਲੇ ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਦਾ ਪਤਾ ਲੱਗਣ ਉੱਤੇ ਹੀ ਇਸਰਾਈਲ ਨੂੰ ਐਟਮੀ ਹਮਲੇ ਦੀ ਧਮਕੀ ਛੱਡ ਦਿੱਤੀ ਸੀ। ਉਸ ਨੂੰ ਇਹ ਗੱਲ ਦੱਸੀ ਗਈ ਸੀ ਕਿ ਇਸਰਾਈਲ ਦੇ ਰੱਖਿਆ ਮੰਤਰੀ 'ਮੋਸ਼ੇ ਯਾਲਾਨ'’ਨੇ ਇਹ ਕਿਹਾ ਹੈ ਕਿ ਜੇ ਕਿਸੇ ਲਾਲਚ ਵਿੱਚ ਪਾਕਿਸਤਾਨ ਨੇ ਸੀਰੀਆ ਵਿੱਚ ਆਪਣੀ ਫ਼ੌਜ ਭੇਜੀ ਤਾਂ ਫਿਰ ਉਹ ਪਾਕਿਸਤਾਨ ਉੱਤੇ ਐਟਮੀ ਹਮਲਾ ਕਰ ਦੇਣਗੇ। ਪਾਕਿਸਤਾਨ ਦੇ ਰੱਖਿਆ ਮੰਤਰੀ ਮੁਹੰਮਦ ਆਸਿਫ਼ ਨੇ ਖ਼ਬਰ ਦੀ ਪੜਤਾਲ ਕਰਨ ਦੀ ਲੋੜ ਨਹੀਂ ਸਮਝੀ ਤੇ ਖੜੇ ਪੈਰ ਆਪਣੇ ਟਵਿੱਟਰ ਦੇ ਰਾਹੀਂ ਇਹ ਜਵਾਬੀ ਧਮਕੀ ਦੇ ਦਿੱਤੀ ਕਿ ਇਸਰਾਈਲ ਇਹ ਚੇਤਾ ਭੁਲਾ ਰਿਹਾ ਹੈ ਕਿ ਪਾਕਿਸਤਾਨ ਵੀ ਐਟਮੀ ਤਾਕਤ ਹੈ। ਥੋੜ੍ਹੀ ਜਿਹੀ ਵੀ ਅਕਲ ਹੁੰਦੀ ਤਾਂ ਇਸ ਪਾਕਿਸਤਾਨੀ ਮੰਤਰੀ ਨੂੰ ਇਸਰਾਈਲ ਦੇ ਰੱਖਿਆ ਮੰਤਰੀ ਨਾਲ ਸੰਬੰਧਤ ਇਸ ਖ਼ਬਰ ਦੀ ਪਰਖ ਕਰਾਉਣੀ ਚਾਹੀਦੀ ਸੀ ਤੇ ਜਦੋਂ ਉਨ੍ਹਾ ਨੇ ਪਰਖ ਕਰਵਾਉਣੀ ਸੀ ਤਾਂ ਅਕਲ ਦੇ ਖਾਨੇ ਖੁੱਲ੍ਹ ਜਾਣੇ ਸਨ। ਇਸ ਵਿੱਚ ਪਹਿਲੀ ਗੱਲ ਇਹ ਹੀ ਗ਼ਲਤ ਸੀ ਕਿ ਜਿਹੜਾ ਨਾਂਅ ਲਿਖਿਆ ਗਿਆ, ਉਸ ਨਾਂਅ ਦਾ ਇਸਰਾਈਲ ਵਿੱਚ ਰੱਖਿਆ ਮੰਤਰੀ ਹੀ ਨਹੀਂ ਹੈ।
ਇਸਰਾਈਲ ਵੱਲੋਂ ਕੋਈ ਧਮਕੀ ਆਏ ਬਗ਼ੈਰ ਇੱਕ ਗ਼ਲਤ ਖ਼ਬਰ ਦੇ ਆਧਾਰ ਉੱਤੇ ਪਾਕਿਸਤਾਨੀ ਰੱਖਿਆ ਮੰਤਰੀ ਵੱਲੋਂ ਦਿੱਤੇ ਗਏ ਇਸ ਧਮਕੀ ਭਰੇ ਬਿਆਨ ਦੀ ਹੁਣ ਜਦੋਂ ਹਰ ਪਾਸੇ ਚਰਚਾ ਹੋ ਰਹੀ ਹੈ ਤਾਂ ਇਸ ਦੌਰਾਨ ਉਸ ਦਾ ਭਾਰਤ ਬਾਰੇ ਦਿੱਤਾ ਗਿਆ ਇੱਕ ਬਿਆਨ ਵੀ ਚਰਚਾ ਵਿੱਚ ਆਇਆ ਹੈ। ਭਾਰਤ ਦੀ ਫ਼ੌਜ ਦੇ ਉੜੀ ਵਾਲੇ ਫ਼ੌਜੀ ਕੈਂਪ ਉੱਤੇ ਦਹਿਸ਼ਤਗਰਦ ਹਮਲੇ ਅਤੇ ਇਸ ਦੇ ਬਾਅਦ ਭਾਰਤੀ ਫ਼ੌਜ ਵੱਲੋਂ ਸਰਜੀਕਲ ਸਟਰਾਈਕ ਦੇ ਬਾਰੇ ਜਦੋਂ ਹਰ ਪਾਸੇ ਚਰਚਾ ਹੋ ਰਹੀ ਸੀ, ਓਦੋਂ ਵੀ ਇਹੋ ਰੱਖਿਆ ਮੰਤਰੀ ਮੂੰਹ ਪਾੜ ਕੇ ਬੋਲਿਆ ਸੀ। ਉਸ ਨੇ ਓਦੋਂ ਦੋ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ। ਪਹਿਲੀ ਗੱਲ ਤਾਂ ਉਸ ਨੇ ਇਹ ਕਹੀ ਸੀ ਕਿ ਭਾਰਤ ਨੇ ਕੀ ਸਰਜੀਕਲ ਸਟਰਾਈਕ ਕਰਨੀ ਹੈ, ਇਹ ਤਾਂ ਪਾਕਿਸਤਾਨ ਕਰੇਗਾ ਤੇ ਜਦੋਂ ਕਰੇਗਾ ਤਾਂ ਉਸ ਦੀ ਕੀਤੀ ਨੂੰ ਦੁਨੀਆ ਭਰ ਦੇ ਲੋਕ ਦੇਖਣਗੇ। ਦੂਸਰਾ ਬਿਆਨ ਉਸ ਨੇ ਭਾਰਤ ਨੂੰ ਸਿੱਧੀ ਐਟਮੀ ਧਮਕੀ ਦਾ ਦਿੱਤਾ ਸੀ।
ਬਾਅਦ ਵਿੱਚ ਇਨ੍ਹਾਂ ਦੋਵੇਂ ਤਰ੍ਹਾਂ ਦੇ ਬਿਆਨਾਂ ਲਈ ਉਸ ਦੀ ਚੋਖੀ ਨਿੰਦਾ ਹੁੰਦੀ ਰਹੀ ਸੀ। ਇਸ ਦੇ ਬਾਵਜੂਦ ਉਹ ਉਸ ਦੇਸ਼ ਵਿੱਚ ਰੱਖਿਆ ਮੰਤਰੀ ਹੈ ਤਾਂ ਇਸ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ।
ਜਦੋਂ ਪਾਕਿਸਤਾਨ ਵਿੱਚ ਸੰਸਾਰ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਓਸਾਮਾ ਬਿਨ ਲਾਦੇਨ ਨੂੰ ਅਮਰੀਕੀ ਸੀਲ ਕਮਾਂਡੋਜ਼ ਨੇ ਅੱਧੀ ਰਾਤ ਮਾਰ ਦਿੱਤਾ ਅਤੇ ਲਾਸ਼ ਵੀ ਚੁੱਕ ਕੇ ਲੈ ਗਏ ਸਨ ਤਾਂ ਪਾਕਿਸਤਾਨ ਸਰਕਾਰ ਨੇ ਇੱਕ ਜਾਂਚ ਕਮਿਸ਼ਨ ਬਣਾਇਆ ਸੀ। ਉਸ ਦੀ ਜਾਂਚ ਰਿਪੋਰਟ ਪਾਕਿਸਤਾਨੀ ਮਾਨਸਿਕਤਾ ਨੂੰ ਜ਼ਾਹਰ ਕਰਦੀ ਹੈ। ਜਾਂਚ ਦੇ ਲਈ ਇਹ ਮੁੱਦਾ ਮੁੱਖ ਸੀ ਕਿ ਅਮਰੀਕੀ ਹੈਲੀਕਾਪਟਰ ਅੱਧੀ ਰਾਤ ਕਾਰਵਾਈ ਕਰ ਗਏ ਤਾਂ ਪਾਕਿਸਤਾਨੀ ਫ਼ੌਜ ਨੂੰ ਪਤਾ ਕਿਉਂ ਨਾ ਲੱਗਾ, ਇਸ ਦੀ ਕਮਜ਼ੋਰੀ ਲੱਭਣੀ ਹੈ। ਰਿਪੋਰਟ ਇਹ ਆਈ ਕਿ ਪਾਕਿਸਤਾਨ ਦੀ ਫ਼ੌਜ ਦੇ ਕੋਲ ਦੁਨੀਆ ਦੀ ਲੇਟੈਸਟ ਤਕਨੀਕ ਮੌਜੂਦ ਹੈ, ਪਰ ਸਾਰੀ ਦੀ ਸਾਰੀ ਭਾਰਤੀ ਸਰਹੱਦਾਂ ਵੱਲ ਸੇਧਤ ਕੀਤੀ ਹੋਈ ਹੈ, ਅਮਰੀਕਾ ਦੇ ਸੀਲ ਕਮਾਂਡੋ ਦੇ ਹੈਲੀਕਾਪਟਰ ਦੂਸਰੇ ਪਾਸੇ ਤੋਂ ਆਏ ਹੋਣ ਕਾਰਨ ਪਤਾ ਨਹੀਂ ਸੀ ਲੱਗਾ। ਇਸ ਰਿਪੋਰਟ ਨਾਲ ਸਾਫ਼ ਹੋ ਗਿਆ ਸੀ ਕਿ ਪਾਕਿਸਤਾਨ ਦੀ ਫ਼ੌਜ ਅਤੇ ਉਸ ਫ਼ੌਜ ਨੂੰ ਸੇਧ ਦੇਣ ਵਾਲਿਆਂ ਦਾ ਸਾਰਾ ਧਿਆਨ ਭਾਰਤ ਦੇ ਵਿਰੁੱਧ ਹੀ ਲੱਗਾ ਰਹਿੰਦਾ ਹੈ। ਚਾਰ ਜੰਗਾਂ ਵੀ ਉਨ੍ਹਾਂ ਨੇ ਹੁਣ ਤੱਕ ਭਾਰਤ ਦੇ ਖ਼ਿਲਾਫ਼ ਵੀ ਆਪ ਛੇੜ ਕੇ ਲੜੀਆਂ ਹਨ। ਇਹੋ ਕਾਰਨ ਹੈ ਕਿ ਐਟਮੀ ਧਮਕੀ ਵੀ ਉਨ੍ਹਾਂ ਦੇ ਰੱਖਿਆ ਮੰਤਰੀ ਨੇ ਸਭ ਤੋਂ ਪਹਿਲਾਂ ਭਾਰਤ ਨੂੰ ਦਿੱਤੀ ਸੀ। ਸਿਰਫ਼ ਉਹ ਹੀ ਕਿਉਂ, ਉਨ੍ਹਾਂ ਦੇ ਦੇਸ਼ ਦੇ ਸਾਬਕਾ ਫ਼ੌਜੀ ਰਾਸ਼ਟਰਪਤੀ ਅਤੇ ਫ਼ੌਜ ਦੇ ਦੋ ਸਾਬਕਾ ਮੁਖੀਆਂ ਨੇ ਵੀ ਭਾਰਤ ਨੂੰ ਇਹੋ ਜਿਹੀ ਧਮਕੀ ਦਿੱਤੀ ਹੋਈ ਹੈ, ਜਦ ਕਿ ਭਾਰਤ ਨੇ ਕਦੀ ਇਸ ਦਾ ਜਵਾਬ ਵੀ ਨਹੀਂ ਦਿੱਤਾ।
ਹੁਣ ਜਦੋਂ ਸੁਣੀ ਗਈ ਗ਼ਲਤ ਖ਼ਬਰ ਦੇ ਆਧਾਰ ਉੱਤੇ ਜਾਂਚ ਦੀ ਲੋੜ ਸਮਝੇ ਬਿਨਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਸਰਾਈਲ ਦੇ ਖ਼ਿਲਾਫ਼ ਏਡੀ ਵੱਡੀ ਧਮਕੀ ਦੇ ਦਿੱਤੀ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸਿਰਫ਼ ਉਹ ਹੀ ਨਹੀਂ, ਕੁਝ ਹੋਰ ਦੇਸ਼ਾਂ ਵਿੱਚ ਵੀ ਇਹੋ ਜਿਹੇ ਸਿਰ-ਫਿਰੇ ਮੌਜੂਦ ਹਨ। ਇਨ੍ਹਾਂ ਮੂਰਖਾਂ ਦੇ ਕਾਰਨ ਇਸ ਵਕਤ ਭੁਲੇਖੇ ਨਾਲ ਜੰਗ ਛਿੜ ਜਾਣ ਦਾ ਖ਼ਤਰਾ ਵੀ ਬਣਿਆ ਪਿਆ ਹੈ। ਸੰਸਾਰ ਦੀ ਤਬਾਹੀ ਦਾ ਕਾਰਨ ਬਣਨ ਵਾਲੇ ਐਟਮੀ ਬੰਬ ਇਸ ਵਕਤ ਖਿਡੌਣਿਆਂ ਵਾਂਗ ਖਿੱਲਰੇ ਹੋਏ ਹਨ ਅਤੇ ਕਈ ਦੇਸ਼ਾਂ ਦੇ ਗ਼ੈਰ-ਜ਼ਿੰਮੇਵਾਰ ਕਹੇ ਜਾ ਸਕਦੇ ਹਾਕਮਾਂ ਦੇ ਹੱਥਾਂ ਵਿੱਚ ਵੀ ਪਹੁੰਚ ਗਏ ਹਨ। ਸੰਸਾਰ ਦੀ ਸੁੱਖ ਮੰਗਣ ਦਾ ਵਕਤ ਹੈ।