ਕਾਮਰੇਡ ਗੁਰਪਾਲ ਫਤਿਹਪੁਰ ਨਹੀਂ ਰਹੇ

ਸ਼ਾਹਕੋਟ (ਗਿਆਨ ਸੈਦਪੁਰੀ)
ਕਮਿਊਨਿਸਟ ਸਫ਼ਾਂ ਵਿੱਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਕਾਰਜਕਾਰਨੀ ਮੈਂਬਰ ਅਤੇ ਕਿਸਾਨ ਆਗੂ ਕਾਮਰੇਡ ਗੁਰਪਾਲ ਸਿੰਘ ਫ਼ਤਿਹਪੁਰ ਨਹੀਂ ਰਹੇ। ਉਹ ਕੁਝ ਸਮੇਂ ਤੋਂ ਬਿਮਾਰ ਸਨ ਤੇ ਡੀ ਐੱਮ ਸੀ ਲੁਧਿਆਣਾ ਵਿੱਚ ਇਲਾਜ ਅਧੀਨ ਸਨ। ਉੱਥੇ ਹੀ ਅੱਜ ਉਨ੍ਹਾ ਬਾਅਦ ਦੁਪਹਿਰ ਆਖ਼ਰੀ ਸਾਹ ਲਿਆ। ਉਹ 80 ਵਰ੍ਹਿਆਂ ਦੇ ਸਨ।
ਕਾਮਰੇਡ ਗੁਰਪਾਲ ਸਿੰਘ 'ਨਵਾਂ ਜ਼ਮਾਨਾ' ਦੇ ਟਰੱਸਟੀ ਅਤੇ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਾਬਕਾ ਸਕੱਤਰ ਚੰਦ ਫ਼ਤਿਹਪੁਰੀ ਦੇ ਵੱਡੇ ਭਰਾ ਸਨ। ਉਹ ਲੰਮਾ ਸਮਾਂ ਸੀ ਪੀ ਆਈ ਨਕੋਦਰ-ਸ਼ਾਹਕੋਟ ਸਾਂਝੀ ਤਹਿਸੀਲ ਕਮੇਟੀ ਦੇ ਸਕੱਤਰ ਰਹੇ। ਸੀ ਪੀ ਆਈ ਨਾਲ ਸੰਬੰਧਤ ਕਿਸਾਨ ਸਭਾ ਵਿੱਚ ਵੀ ਉਨ੍ਹਾ ਸਰਗਰਮੀ ਨਾਲ ਕੰਮ ਕੀਤਾ। ਉਹ 'ਨਵਾਂ ਜ਼ਮਾਨਾ' ਦੇ ਵੀ ਪਰਮ ਸਨੇਹੀ ਸਨ। ਉਨ੍ਹਾ ਦੇ ਤੁਰ ਜਾਣ ਨਾਲ ਜ਼ਿਲ੍ਹਾ ਜਲੰਧਰ ਦੀ ਕਮਿਊਨਿਸਟ ਪਾਰਟੀ ਨੂੰ ਬਹੁਤ ਘਾਟਾ ਪਿਆ ਹੈ।
ਕਾਮਰੇਡ ਗੁਰਪਾਲ ਸਿੰਘ ਦਾ ਅੰਤਮ ਸੰਸਕਾਰ 27 ਦਸੰਬਰ (ਮੰਗਲਵਾਰ) ਨੂੰ ਦੁਪਹਿਰ 12 ਵਜੇ ਉਨ੍ਹਾ ਦੇ ਪਿੰਡ ਫਤਿਹਪੁਰ ਭੰਗਵਾਂ ਵਿਖੇ ਕੀਤਾ ਜਾਵੇਗਾ।
ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ, ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਡਾ. ਜੋਗਿੰਦਰ ਦਿਆਲ, ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਜਗਰੂਪ ਅਤੇ ਬੰਤ ਬਰਾੜ ਨੇ ਕਾਮਰੇਡ ਗੁਰਪਾਲ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਪਾਰਟੀ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
'ਨਵਾਂ ਜ਼ਮਾਨਾ' ਦੇ ਸਮੂਹ ਸਟਾਫ਼ ਵੱਲੋਂ ਕਾਮਰੇਡ ਗੁਰਪਾਲ ਸਿੰਘ ਫਤਿਹਪੁਰ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਾਮਰੇਡ ਚੰਦ ਫਤਿਹਪੁਰੀ ਨਾਲ ਹਮਦਰਦੀ ਪ੍ਰਗਟ ਕੀਤੀ ਗਈ। 'ਨਵਾਂ ਜ਼ਮਾਨਾ' ਦੇ ਸੰਪਾਦਕ ਜਤਿੰਦਰ ਪਨੂੰ, ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, 'ਨਵਾਂ ਜ਼ਮਾਨਾ' ਦੇ ਜਨਰਲ ਮੈਨੇਜਰ ਗੁਰਮੀਤ, ਟਰੱਸਟੀ ਸੁਕੀਰਤ ਆਨੰਦ, ਜਸ ਮੰਡ, ਕਾਮਰੇਡ ਮਨੋਹਰ ਲਾਲ, ਕਾਮਰੇਡ ਅੰਮ੍ਰਿਤ ਲਾਲ, ਰਜਨੀਸ਼ ਬਹਾਦਰ ਸਿੰਘ, ਬਲਬੀਰ ਪਰਵਾਨਾ, ਕਾਮਰੇਡ ਸਵਰਨ ਅਕਲਪੁਰੀ ਤੇ ਕਾਮਰੇਡ ਰਛਪਾਲ ਸਿੰਘ ਬੜਾ ਪਿੰਡ ਨੇ ਸਟਾਫ਼ ਮੀਟਿੰਗ 'ਚ ਕਾਮਰੇਡ ਗੁਰਪਾਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਾਮਰੇਡ ਚੰਦ ਫਤਿਹਪੁਰੀ ਨਾਲ ਹਮਦਰਦੀ ਪ੍ਰਗਟਾਈ।
ਸੀ ਪੀ ਆਈ ਜਲੰਧਰ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਦਿਲਬਾਗ ਸਿੰਘ ਅਟਵਾਲ, ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰ ਐਡਵੋਕੇਟ ਰਜਿੰਦਰ ਮੰਡ ਨੇ ਵੀ ਕਾਮਰੇਡ ਗੁਰਪਾਲ ਸਿੰਘ ਫਤਿਹਪੁਰ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਸੀ ਪੀ ਆਈ ਤਹਿਸੀਲ ਨਕੋਦਰ-ਸ਼ਾਹਕੋਟ ਦੇ ਸਕੱਤਰ ਚਰਨਜੀਤ ਥੰਮੂਵਾਲ, ਸਹਾਇਕ ਸਕੱਤਰ ਸੁਨੀਲ ਕੁਮਾਰ ਅਤੇ ਨਰੇਗਾ ਆਗੂ ਸਿਕੰਦਰ ਸਿੰਘ ਸੰਧੂ ਨੇ ਕਾਮਰੇਡ ਗੁਰਪਾਲ ਸਿੰਘ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾ ਦੀ ਮੌਤ ਨੂੰ ਸੀ ਪੀ ਆਈ ਲਈ ਵੱਡਾ ਘਾਟਾ ਦੱਸਿਆ ਹੈ।