ਐੱਸ ਪੀ-ਕਾਂਗਰਸ ਗੱਠਜੋੜ ਭਾਜਪਾ ਦੇ ਇਸ਼ਾਰੇ 'ਤੇ ਮਾਇਆਵਤੀ

ਲਖਨਊ (ਨਵਾਂ ਜ਼ਮਾਨਾ ਸਰਵਿਸ)
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਦੀ ਚਰਚਾ ਜ਼ੋਰਾਂ 'ਤੇ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਗੱਠਜੋੜ ਦਾ ਸਭ ਤੋਂ ਜ਼ਿਆਦਾ ਨੁਕਸਾਨ ਬੀ ਐਸ ਪੀ ਨੂੰ ਉਠਾਉਣਾ ਪੈ ਸਕਦਾ ਹੈ। ਬੀ ਐਸ ਪੀ ਸੁਪਰੀਮੋ ਮਾਇਆਵਤੀ ਨੇ ਦੋਸ਼ ਲਗਾਇਆ ਕਿ ਦੋਵਾਂ ਪਾਰਟੀਆਂ ਦਾ ਗੱਠਜੋੜ ਬੀ ਜੇ ਪੀ ਦੇ ਇਸ਼ਾਰੇ 'ਤੇ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਇਸ ਗੱਠਜੋੜ ਦਾ ਮਕਸਦ ਕੁਝ ਹੋਰ ਨਹੀਂ, ਬਲਕਿ ਭਾਜਪਾ ਨੂੰ ਫਾਇਦਾ ਪਹੁੰਚਾਉਣਾ ਹੈ। ਬੀ ਐਸ ਪੀ ਪ੍ਰਧਾਨ ਨੇ ਕਿਹਾ ਕਿ ਇਨ੍ਹਾ ਚੋਣਾਂ 'ਚ ਬੀ ਐਸ ਪੀ ਹੀ ਬੀ ਜੇ ਪੀ ਨੂੰ ਰੋਕ ਸਕਦੀ ਹੈ।
ਪ੍ਰੈਸ ਕਾਨਫ਼ਰੰਸ 'ਚ ਮਾਇਅਵਤੀ ਨੇ ਕਿਹਾ, ''ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਅਤੇ ਐਸ ਪੀ ਗੱਠਜੋੜ ਕਰਨਗੇ, ਇਸ ਦਾ ਆਖ਼ਰੀ ਫ਼ੈਸਲਾ ਉਦੋਂ ਹੋਵੇਗਾ, ਜਦੋਂ ਇਹ ਤੈਅ ਹੋ ਜਾਵਗਾ ਕਿ ਇਸ ਗੱਠਜੋੜ ਦਾ ਫਾਇਦਾ ਬੀ ਜੇ ਪੀ ਨੂੰ ਮਿਲੇਗਾ, ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਭਾਜਪਾ ਕਮਜ਼ੋਰ ਹੁੰਦੀ ਹੈ, ਪਰ ਸਪਾ ਦੌਰਾਨ ਬੀ ਜੇ ਪੀ ਮਜ਼ਬੂਤ ਹੁੰਦੀ ਹੈ, ਜਿਸ ਦੀ ਉਦਾਹਰਣ 2009 ਦੀਆਂ ਲੋਕ ਸਭਾ ਚੋਣਾਂ ਹਨ, ਜਿਸ 'ਚ ਬੀ ਜੇ ਪੀ ਨੇ 9 ਸੀਟਾਂ ਜਿੱਤੀਆ ਸਨ, ਪਰ ਸਪਾ ਦੀ ਸਰਕਾਰ 'ਚ 73 ਸੀਟਾਂ।''
ਮਾਇਆਵਤੀ ਨੇ ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ, ''ਭਾਜਪਾ ਨੇ ਆਪਣੇ ਪੱਖ 'ਚ ਹਵਾ ਬਣਾਉਣ ਲਈ ਕੁਝ ਸਵਾਰਥੀ ਲੋਕਾਂ ਨੂੰ ਤੋੜ ਕੇ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਅਤੇ ਇਸ ਦਾ ਬਹੁਤ ਪ੍ਰਚਾਰ ਵੀ ਕੀਤਾ। ਭਾਜਪਾ 'ਤੇ ਚੋਰ ਦਰਵਾਜ਼ੇ ਰਾਹੀਂ ਪੂੰਜੀਪਤੀਆਂ ਅਤੇ ਧਨੀ ਸੇਠਾਂ ਨੇ ਬਹੁਤ ਪੈਸਾ ਵਹਾਇਆ ਹੈ।'' ਇਸ ਤੋਂ ਇਲਾਵਾ ਮਾਇਆਵਤੀ ਨੇ ਨੋਟਬੰਦੀ 'ਤੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਜਲਦਬਾਜ਼ੀ 'ਚ ਲਿਆ ਗਿਆ ਨੋਟਬੰਦੀ ਦਾ ਫ਼ੈਸਲਾ ਹੁਣ ਭਾਜਪਾ ਦੇ ਗਲੇ ਦੀ ਹੱਡੀ ਬਣ ਚੁੱਕਾ ਹੈ।
ਉਨ੍ਹਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਉਸ ਬਿਆਨ 'ਤੇ ਵੀ ਪਲਟਵਾਰ ਕੀਤਾ, ਜਿਸ 'ਚ ਸ਼ਾਹ ਨੇ ਕਿਹਾ ਸੀ ਕਿ ਨੋਟਬੰਦੀ ਨਾਲ ਮਾਇਅਵਤੀ ਦੇ ਚਿਹਰੇ ਦਾ ਨੂਰ ਚਲਾ ਗਿਆ ਹੈ। ਮਾਇਆਵਤੀ ਨੇ ਕਿਹਾ, ''ਕੀ ਤੁਹਾਨੂੰ ਲੱਗਦਾ ਹੈ ਕਿ ਮੇਰਾ ਨੂਰ ਉਤਰਿਆ ਹੈ?
ਨੂਰ ਤਾਂ ਅਮਿਤ ਸ਼ਾਹ, ਪੀ ਐਮ ਮੋਦੀ ਅਤੇ ਬੀ ਜੇ ਪੀ ਦੇ ਨੇਤਾਵਾਂ ਦਾ ਉਤਰਿਆ ਹੈ।'' ਕਾਨੂੰਨ ਵਿਵਸਥਾ ਦਾ ਮਸਲਾ ਉਠਾਉਂਦੇ ਹੋਏ ਬੀ ਐਸ ਪੀ ਸੁਪਰੀਮੋ ਨੇ ਕਿਹਾ, ''ਅਸੀਂ ਭਾਜਪਾ ਨਾਲ ਸਰਕਾਰ ਜ਼ਰੂਰ ਬਣਾਈ ਸੀ, ਪਰ ਅਸੀਂ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਅਸੀਂ ਕਾਨੂੰਨ ਦਾ ਰਾਜ ਕਾਇਮ ਕਰਦੇ ਹਾਂ, ਪਰ ਸਪਾ ਸਰਕਾਰ 'ਚ ਜੰਗਲ ਰਾਜ ਰਹਿੰਦਾ ਹੈ ਅਤੇ ਇੱਕ ਵਿਸ਼ੇਸ਼ ਜਾਤੀ ਦਾ ਧਿਆਨ ਰੱਖਿਆ ਜਾਂਦਾ ਹੈ।''