ਨੋਟਬੰਦੀ ਦੇ ਮਾਮਲੇ 'ਚ ਵਿਰੋਧੀ ਧਿਰ ਵੱਲੋਂ ਸਰਕਾਰ 'ਤੇ ਹਮਲਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੋਟਬੰਦੀ 'ਤੇ ਸਰਕਾਰ ਦੀ ਇਕਸੁਰ 'ਚ ਨਿਖੇਧੀ ਕਰਦਿਆਂ ਵਿਰੋਧੀ ਧਿਰ ਨੇ ਕਿਹਾ ਹੈ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ 20 ਸਾਲ ਪਿੱਛੇ ਚਲਾ ਗਿਆ ਹੈ ਅਤੇ ਉਨ੍ਹਾ ਨੇ ਨੋਟਬੰਦੀ ਨੂੰ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਸਕੈਂਡਲ ਦੱਸਿਆ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨੋਟਬੰਦੀ ਦਾ ਮੋਦੀ ਦਾ ਫ਼ੈਸਲਾ ਦੇਸ਼ ਲਈ ਮਾਰੂ ਸਾਬਤ ਹੋਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਫੇਲ੍ਹ ਹੋ ਗਈ ਹੈ ਅਤੇ 100 ਰੁਪਏ 'ਚ ਸਿਰਫ਼ 2 ਪੈਸੇ ਨਕਲੀ ਹਨ। ਉਨ੍ਹਾ ਕਿਹਾ ਕਿ ਮੋਦੀ ਦੇ ਫ਼ੈਸਲੇ ਦੀ ਬਦੌਲਤ ਦੇਸ਼ 'ਚ ਅੱਜ 60 ਸਾਲਾਂ ਦੀ ਸਭ ਤੋਂ ਵੱਧ ਬੇਰੁਜ਼ਗਾਰੀ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਕਾਲੇ ਧਨ 'ਤੇ ਕੋਈ ਅਸਰ ਨਹੀਂ ਪਿਆ ਸਗੋਂ ਇਹ ਆਰਥਿਕ ਆਜ਼ਾਦੀ ਅਤੇ ਗਰੀਬ ਲੋਕਾਂ 'ਤੇ ਇੱਕ ਹਮਲਾ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਨੋਟਬੰਦੀ ਦਾ ਅਸਲੀ ਕਾਰਨ ਦੱਸਣਾ ਚਾਹੀਦਾ ਹੈ, ਕਿਉਂਕਿ ਗਰੀਬ ਲੋਕ ਇਸ ਤੋਂ ਸਭ ਤੋਂ ਵੱਧ ਪੀੜਤ ਹਨ ਅਤੇ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਪੀੜਾ ਲਈ ਕੌਣ ਜ਼ਿੰਮੇਵਾਰ ਹਨ। ਉਨ੍ਹਾ ਕਿਹਾ ਕਿ ਦੇਸ਼ ਦੀ ਦੁਨੀਆ ਭਰ ਦੇ ਅਰਥ ਸ਼ਾਸਤਰੀਆਂ ਨੇ ਕਿਹਾ ਕਿ ਹਾਲਾਤ ਸੁਧਰਨ 'ਚ 6-7 ਮਹੀਨੇ ਦਾ ਸਮਾਂ ਲੱਗੇਗਾ।
ਇਸ ਮੌਕੇ ਬੋਲਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੇ 50 ਦਿਨਾਂ 'ਚ ਸਥਿਤੀ ਸੁਧਾਰਨ ਦਾ ਵਾਅਦਾ ਕੀਤਾ ਸੀ, ਪਰ ਇਸ 'ਚ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਜੇ ਮੋਦੀ ਨੇ ਅੱਛੇ ਦਿਨਾਂ ਦਾ ਵਾਅਦਾ ਪੂਰਾ ਨਾ ਕੀਤਾ ਤਾਂ ਲੋਕ ਮੋਦੀ ਨੂੰ ਸੱਤਾ ਤੋਂ ਬੇਦਖ਼ਲ ਕਰ ਦੇਣਗੇ।
ਮਮਤਾ ਨੇ ਕਿਹਾ ਕਿ ਨੋਟਬੰਦੀ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ ਅਤੇ ਅੱਛੇ ਦਿਨਾਂ ਦੇ ਨਾਂਅ 'ਤੇ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਗਰੀਬ ਲੋਕਾਂ ਨੂੰ ਲੁਟਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਫ਼ੈਸਲੇ ਮਗਰੋਂ ਦੇਸ਼ ਬੇਹਾਲ ਹੈ ਅਤੇ ਕਿਸਾਨ ਮਜ਼ਦੂਰ ਸਮੇਤ ਸਾਰੇ ਰੋ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਦੇਸ਼ ਨਾਲ ਅੱਛੇ ਦਿਨਾਂ ਦਾ ਵਾਅਦਾ ਕੀਤਾ ਸੀ ਅਤੇ ਨਾਲ ਹੀ ਸੁਆਲ ਕੀਤਾ ਕਿ ਕੀ ਇਹ ਅੱਛੇ ਦਿਨਾਂ ਦਾ ਨਮੂਨਾ ਹੈ। ਉਨ੍ਹਾ ਕਿਹਾ ਕਿ ਮੋਦੀ ਨੇ ਅੱਛੇ ਦਿਨਾਂ ਦੇ ਨਾਂਅ 'ਤੇ ਦੇਸ਼ ਨੂੰ ਲੁੱਟ ਲਿਆ, ਜਿਥੇ ਬੈਂਕਿੰਗ ਸੈਕਟਰ ਪ੍ਰਭਾਵਤ ਹੋ ਰਿਹਾ ਹੈ, ਉਥੇ ਲੋਕਾਂ ਦੇ ਨਿੱਜੀ ਅਧਿਕਾਰ ਵੀ ਖੋਹ ਲਏ ਗਏ ਹਨ ਅਤੇ ਇਹ ਐਮਰਜੈਂਸੀ ਹੀ ਨਹੀਂ ਸਗੋਂ ਸੁਪਰ ਐਮਰਜੈਂਸੀ ਹੈ। ਤ੍ਰਿਣਮੂਲ ਕਾਂਗਰਸ ਮੁਖੀ ਨੇ ਅੱਗੇ ਕਿਹਾ ਕਿ ਕੈਸ਼ਲੈਸ ਦੇ ਨਾਂਅ 'ਤੇ ਸਰਕਾਰ ਬੈਸਲੈਸ ਹੋ ਗਈ ਹੈ ਅਤੇ ਅਮਰੀਕਾ ਵਰਗੇ ਵਿਕਸਿਤ ਦੇਸ਼ 'ਚ ਵੀ 40 ਫ਼ੀਸਦੀ ਕੈਸ਼ ਹੈ ਅਤੇ ਅਸੀਂ ਇਹ ਮੁੱਦਾ ਅੱਗੇ ਤੱਕ ਲਿਜਾਵਾਂਗੇ। ਉਨ੍ਹਾ ਕਿਹਾ ਕਿ ਮਣੀਪੁਰ 'ਚ ਅੱਗ ਲੱਗੀ ਹੋਈ ਹੈ, ਪਰ ਇਸ ਪਾਸੇ ਕੋਈ ਨਹੀਂ ਦੇਖਦਾ। ਉਨ੍ਹਾਂ ਕਿਹਾ ਕਿ ਬੈਂਕ ਅਤੇ ਏ ਟੀ ਐਮ ਫਕੀਰ ਹੋ ਗਏ ਹਨ, ਲੋਕ ਬੇਹੱਦ ਪ੍ਰੇਸ਼ਾਨ ਹਨ, ਪਰ ਸਰਕਾਰ ਅੱਛੇ ਦਿਨਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਬੇਵਕੂਫ਼ ਬਣਾ ਰਹੀ ਹੈ। ਇਸ ਤੋਂ ਪਹਿਲਾਂ ਇਸ ਮੁੱਦੇ 'ਤੇ ਆਪੋਜ਼ੀਸ਼ਨ ਨੂੰ ਇੱਕ ਮੰਚ 'ਤੇ ਲਿਆਉਣ ਦੇ ਕਾਂਗਰਸ ਦੇ ਯਤਨ ਉਸ ਵੇਲੇ ਨਾਕਾਮ ਹੋ ਗਏ ਜਦੋਂ ਖੱਬੀਆਂ ਪਾਰਟੀਆਂ ਅਤੇ ਜਨਤਾ ਦਲ (ਯੂ) ਨੇ ਮੀਟਿੰਗ 'ਚ ਹਿੱਸਾ ਨਾ ਲਿਆ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮਮਤਾ ਬੈਨਰਜੀ ਹੀ ਪ੍ਰੈਸ ਕਾਨਫ਼ਰੰਸ 'ਚ ਮੌਜੂਦ ਸੀ।