ਭਾਰਤੀ ਉਲੰਪਿਕ ਐਸੋਸੀਏਸ਼ਨ ਦਾ ਕੁਚੱਜਾ ਫ਼ੈਸਲਾ


ਆਮ ਭਾਰਤੀ ਨਾਗਰਿਕਾਂ ਲਈ ਇਹ ਖ਼ਬਰ ਚੰਗਾ ਪ੍ਰਭਾਵ ਦੇਣ ਵਾਲੀ ਨਹੀਂ ਕਹੀ ਜਾ ਸਕਦੀ ਕਿ ਭਾਰਤ ਦੀ ਉਲੰਪਿਕ ਐਸੋਸੀਏਸ਼ਨ ਨੇ ਦੋ ਜਣਿਆਂ ਨੂੰ ਸਾਰੀ ਉਮਰ ਲਈ ਆਪਣੇ ਅਹੁਦੇਦਾਰ ਮੰਨ ਲਿਆ ਹੈ। ਏਨੇ ਵੱਡੇ ਮਾਣ ਵਾਲੇ ਇਨ੍ਹਾਂ ਦੋ ਜਣਿਆਂ ਵਿੱਚੋਂ ਇੱਕ ਤਾਂ ਕਾਂਗਰਸ ਪਾਰਟੀ ਦਾ ਸਾਬਕਾ ਪਾਰਲੀਮੈਂਟ ਮੈਂਬਰ ਸੁਰੇਸ਼ ਕਲਮਾਡੀ ਹੈ ਤੇ ਦੂਸਰਾ ਹਰਿਆਣਾ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਅਭੈ ਚੌਟਾਲਾ ਹੈ। ਇਨ੍ਹਾਂ ਦੋਵਾਂ ਜਣਿਆਂ ਦੇ ਨਾਂਅ ਦੀ ਪ੍ਰਵਾਨਗੀ ਭਾਰਤੀ ਉਲੰਪਿਕ ਐਸੋਸੀਏਸ਼ਨ ਦੀ ਸਾਲਾਨਾ ਆਮ ਮੀਟਿੰਗ ਨੇ ਸਰਬ ਸੰਮਤੀ ਨਾਲ ਦਿੱਤੀ ਹੈ। ਦੇਸ਼ ਦੇ ਲੋਕ ਇਨ੍ਹਾਂ ਦੋਵਾਂ ਬਾਰੇ ਸੁਣ ਕੇ ਹੈਰਾਨ ਹਨ। ਇਹ ਦੋਵੇਂ ਨਾਂਅ ਲੋਕਾਂ ਲਈ ਨਵੇਂ ਨਹੀਂ। ਭ੍ਰਿਸ਼ਟਾਚਾਰ ਵਿਰੋਧ ਦੀ ਜਿਹੜੀ ਲਹਿਰ ਅੰਨਾ ਹਜ਼ਾਰੇ ਦੇ ਦਿੱਲੀ ਆਉਣ ਨਾਲ ਉੱਭਰੀ ਸੀ, ਇਹ ਦੋਵੇਂ ਜਣੇ ਉਸ ਦੇ ਉਭਾਰ ਤੋਂ ਵੀ ਪਹਿਲਾਂ ਚਰਚਾ ਵਿੱਚ ਆ ਚੁੱਕੇ ਸਨ। ਦੋਵਾਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਹਨ ਅਤੇ ਲੱਗ ਰਹੇ ਹਨ।
ਅਭੈ ਚੌਟਾਲਾ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਪੁੱਤਰ ਹੈ। ਓਮ ਪ੍ਰਕਾਸ਼ ਚੌਟਾਲਾ ਨੂੰ ਮੁੱਖ ਮੰਤਰੀ ਹੁੰਦਿਆਂ ਕਈ ਵਿਭਾਗਾਂ ਦੀ ਭਰਤੀ ਵਿੱਚ ਹੇਰਾ-ਫੇਰੀ ਅਤੇ ਲੈਣ-ਦੇਣ ਲਈ ਦੋਸ਼ੀ ਮੰਨ ਕੇ ਅਦਾਲਤ ਨੇ ਕੈਦ ਦੀ ਸਜ਼ਾ ਦਿੱਤੀ ਸੀ। ਉਹ ਜ਼ਿਲ੍ਹਾ ਅਦਾਲਤ ਦੇ ਹੁਕਮ ਦੇ ਖ਼ਿਲਾਫ਼ ਹਾਈ ਕੋਰਟ ਚਲਾ ਗਿਆ। ਜਦੋਂ ਉਸ ਦੀ ਕੈਦ ਦੀ ਸਜ਼ਾ ਹਾਈ ਕੋਰਟ ਵਿੱਚ ਵੀ ਕਾਇਮ ਰਹੀ ਤਾਂ ਉਹ ਸੁਪਰੀਮ ਕੋਰਟ ਜਾ ਪਹੁੰਚਿਆ। ਸੁਪਰੀਮ ਕੋਰਟ ਵਿੱਚ ਵੀ ਉਸ ਦੀ ਸਜ਼ਾ ਹਟਣ ਜਾਂ ਘਟਣ ਦੀ ਥਾਂ ਉਸ ਦੇ ਖ਼ਿਲਾਫ਼ ਹੁਕਮ ਹੋ ਗਿਆ। ਹੁਣ ਉਹ ਜੇਲ੍ਹ ਵਿੱਚ ਹੈ। ਖ਼ੁਦ ਅਭੈ ਚੌਟਾਲਾ ਦੇ ਖ਼ਿਲਾਫ਼ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਚੱਲਦਾ ਪਿਆ ਹੈ। ਹਾਲੇ ਕੁਝ ਮਹੀਨੇ ਪਹਿਲਾਂ ਉਸ ਦੀ ਗ੍ਰਿਫਤਾਰੀ ਹੁੰਦੀ ਪਈ ਸੀ। ਉਸ ਕੇਸ ਦੀ ਸੁਣਵਾਈ ਵੱਲ ਸਭ ਦਾ ਧਿਆਨ ਹੈ। ਭਾਰਤ ਦੇ ਲੋਕ ਜਾਣਦੇ ਹਨ ਕਿ ਇਹ ਪੂਰਾ ਕੁਨਬਾ ਹੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧੱਸਿਆ ਪਿਆ ਹੈ।
ਉਸ ਤੋਂ ਪਹਿਲੇ ਨੰਬਰ ਉੱਤੇ ਜਿਹੜੇ ਸੁਰੇਸ਼ ਕਲਮਾਡੀ ਨੂੰ ਸਾਰੀ ਉਮਰ ਦੀ ਖੇਡ ਖੇਤਰ ਦੀ ਚੌਧਰ ਦੇ ਲਈ ਮਾਣ ਬਖਸ਼ਿਆ ਗਿਆ ਹੈ, ਉਹ ਅਭੈ ਚੌਟਾਲਾ ਤੋਂ ਵੀ ਵੱਧ ਬਦਨਾਮ ਹੈ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਕਤ ਜਦੋਂ ਕਾਮਨਵੈੱਲਥ ਖੇਡਾਂ ਭਾਰਤ ਵਿੱਚ ਹੋਈਆਂ ਸਨ ਤਾਂ ਇਸ ਆਦਮੀ ਦੇ ਕਾਰਨ ਇਸ ਦੇਸ਼ ਦੀ ਬੇਇੱਜ਼ਤੀ ਹੁੰਦੀ ਸਭ ਨੇ ਵੇਖੀ ਸੀ। ਕਰੀਬ ਸੱਤਰ ਹਜ਼ਾਰ ਕਰੋੜ ਰੁਪਏ ਦਾ ਘਾਲਾ-ਮਾਲਾ ਸੁਰੇਸ਼ ਕਲਮਾਡੀ ਦੀ ਚੌਧਰ ਅਧੀਨ ਚੱਲ ਰਹੀ ਉਨ੍ਹਾਂ ਖੇਡਾਂ ਦੀ ਜਥੇਬੰਦਕ ਕਮੇਟੀ ਨੇ ਕੀਤਾ ਸੀ। ਕਿਉਂਕਿ ਉਸ ਕਮੇਟੀ ਵਿੱਚੋਂ ਘਪਲੇ ਕਰਨ ਵਾਲੇ ਲੋਕਾਂ ਵਿੱਚ ਓਦੋਂ ਦੇ ਖ਼ਜ਼ਾਨਾ ਮੰਤਰੀ ਦਾ ਪੁੱਤਰ ਵੀ ਸ਼ਾਮਲ ਸੀ ਤੇ ਦਿੱਲੀ ਦੀ ਓਦੋਂ ਦੀ ਮੁੱਖ ਮੰਤਰੀ ਦਾ ਨਾਂਅ ਵੀ ਆਉਣ ਲੱਗ ਪਿਆ ਸੀ, ਇਸ ਲਈ ਉਸ ਮੁੱਦੇ ਨੂੰ ਠੱਪਣ ਦਾ ਯਤਨ ਕੀਤਾ ਗਿਆ ਸੀ। ਖੇਡਾਂ ਦੇ ਆਰੰਭ ਤੋਂ ਸਿਰਫ਼ ਛੇ ਦਿਨ ਪਹਿਲਾਂ ਜਦੋਂ ਖੇਡ ਪਿੰਡ ਵਿੱਚ ਬਣਿਆ ਇੱਕ ਸੜਕੀ ਓਵਰ-ਬ੍ਰਿਜ ਡਿੱਗ ਪਿਆ ਅਤੇ ਖੇਡਾਂ ਦੀ ਜਥੇਬੰਦਕ ਕਮੇਟੀ ਉਸ ਨੂੰ ਬਣਾਉਣ ਜੋਗੀ ਨਹੀਂ ਸੀ, ਓਦੋਂ ਪ੍ਰਧਾਨ ਮੰਤਰੀ ਦਫ਼ਤਰ ਨੇ ਸਾਰੀ ਕਮਾਨ ਆਪਣੇ ਹੱਥ ਲੈ ਕੇ ਫ਼ੌਜੀ ਮਾਹਰ ਇਸ ਕੰਮ ਲਈ ਲਾਏ ਤੇ ਉਹ ਖੇਡ ਮੇਲਾ ਸਿਰੇ ਲਾਇਆ ਸੀ। ਫਿਰ ਵੀ ਚੋਖੀ ਭੰਡੀ ਹੁੰਦੀ ਰਹੀ ਸੀ। ਕਾਮਨਵੈੱਲਥ ਖੇਡਾਂ ਵਿੱਚ ਹੋਏ ਇਸ ਘਪਲੇ ਦੀ ਜਾਂਚ ਕਾਰਨ ਬਾਅਦ ਵਿੱਚ ਕਲਮਾਡੀ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਤੇ ਕੁਝ ਸਮਾਂ ਪਹਿਲਾਂ ਤੱਕ ਉਸ ਨੂੰ ਸੀ ਬੀ ਆਈ ਵਾਲੇ ਘੇਰਦੇ ਫਿਰਦੇ ਸਨ ਤੇ ਹੁਣ ਉਸ ਨੂੰ ਏਡਾ ਮਾਣ ਮਿਲ ਗਿਆ ਹੈ।
ਭਾਰਤ ਦਾ ਖੇਡ ਮੰਤਰੀ ਵਿਜੇ ਗੋਇਲ ਆਖਦਾ ਹੈ ਕਿ ਉਹ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹੈ ਅਤੇ ਉਸ ਦਾ ਖੇਡ ਮੰਤਰਾਲਾ ਇਸ ਬਾਰੇ ਨੋਟਿਸ ਜਾਰੀ ਕਰ ਕੇ ਜਵਾਬ ਮੰਗੇਗਾ। ਉਹ ਇਸ ਗੱਲ ਬਾਰੇ ਚੁੱਪ ਵੱਟ ਜਾਂਦਾ ਹੈ ਕਿ ਜਿਸ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਸੁਰੇਸ਼ ਕਲਮਾਡੀ ਤੇ ਅਭੈ ਚੌਟਾਲਾ ਵਰਗੇ ਬਦਨਾਮ ਬੰਦਿਆਂ ਵਾਸਤੇ ਏਡੇ ਵੱਡੇ ਮਾਣ ਵਾਲਾ ਫ਼ੈਸਲਾ ਲਿਆ ਹੈ, ਉਸ ਵਿੱਚ ਇਸ ਖੇਡ ਮੰਤਰੀ ਦੀ ਪਾਰਟੀ ਦੇ ਆਗੂ ਵੀ ਸ਼ਾਮਲ ਸਨ। ਸਿਰਫ਼ ਉਸ ਦੀ ਪਾਰਟੀ ਦੇ ਨਹੀਂ, ਕਾਂਗਰਸ ਤੇ ਹੋਰਨਾਂ ਪਾਰਟੀਆਂ ਦੇ ਆਗੂ ਵੀ ਉਸ ਮੀਟਿੰਗ ਦਾ ਹਿੱਸਾ ਸਨ ਤੇ ਅਕਾਲੀ ਦਲ ਦੇ ਇੱਕ ਆਗੂ ਦਾ ਨਾਂਅ ਵੀ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿੱਚ ਲਿਖਿਆ ਹੈ। ਹੁਣ ਇਸ ਬਾਰੇ ਇੱਕ ਦੂਸਰੇ ਵੱਲ ਗੇਂਦ ਰੇੜ੍ਹਨ ਦਾ ਯਤਨ ਸਾਰੇ ਕਰਨਗੇ, ਪਰ ਸੱਚਾਈ ਇਹ ਹੈ ਕਿ ਸਾਰੀਆਂ ਪਾਰਟੀਆਂ ਦੇ ਅੰਦਰੋਂ ਘਪਲੇਬਾਜ਼ਾਂ ਦੀ ਇੱਕ ਦੂਸਰੇ ਨਾਲ ਅੱਖ ਮਿਲੀ ਹੁੰਦੀ ਹੈ। ਇਹ ਗੱਲ ਇੱਕ ਵਾਰ ਫਿਰ ਸਾਬਤ ਹੋ ਗਈ ਹੈ।
ਬਦਕਿਸਮਤੀ ਨਾਲ ਇਸ ਵਕਤ ਦਾ ਖੇਡ ਮੰਤਰੀ ਵੀ ਕੋਈ ਸਾਊ ਬੰਦਾ ਨਹੀਂ। ਇਸ ਸਾਲ ਬਰਾਜ਼ੀਲ ਵਿੱਚ ਜਦੋਂ ਉਲੰਪਿਕ ਖੇਡਾਂ ਹੋਈਆਂ ਸਨ ਤਾਂ ਉਹ ਆਪਣੇ ਨਾਲ ਇਹੋ ਜਿਹੇ ਲੋਕ ਲੈ ਗਿਆ ਸੀ, ਜਿਨ੍ਹਾਂ ਦਾ ਓਥੇ ਜਾਣ ਦਾ ਕੋਈ ਮਤਲਬ ਨਹੀਂ ਸੀ। ਉਸ ਨੂੰ ਆਪ ਵੀ ਓਥੇ ਡਿਸਿਪਲਿਨ ਦੇ ਮਾਮਲੇ ਵਿੱਚ ਝਾੜਾਂ ਪਈਆਂ ਸਨ। ਕਾਰਨ ਇਹ ਸੀ ਕਿ ਜਿੱਥੇ ਉਸ ਨੂੰ ਹੋਣਾ ਚਾਹੀਦਾ ਸੀ, ਓਥੇ ਲੱਭਦਾ ਨਹੀਂ ਸੀ ਤੇ ਜਿੱਥੇ ਉਸ ਦਾ ਜਾਣ ਦਾ ਕੋਈ ਕਾਰਨ ਹੀ ਨਹੀਂ ਸੀ, ਓਥੇ ਪਰੋਟੋਕੋਲ ਦੀ ਉਲੰਘਣਾ ਕਰਦਾ ਹੋਇਆ ਜਾ ਪਹੁੰਚਦਾ ਸੀ। ਜਦੋਂ ਖੇਡ ਮੰਤਰੀ ਨੂੰ ਇਹ ਪਤਾ ਲੱਗ ਗਿਆ ਕਿ ਇੰਟਰਨੈਸ਼ਨਲ ਉਲੰਪਿਕ ਕਮੇਟੀ ਉਸ ਦੇ ਖ਼ਿਲਾਫ਼ ਕੋਈ ਹੁਕਮ ਜਾਰੀ ਕਰਨ ਵਾਲੀ ਹੈ ਤਾਂ ਚੁੱਪ ਕਰ ਕੇ ਭਾਰਤ ਨੂੰ ਭੱਜ ਆਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਸੀ ਕਿ ਇਹੋ ਜਿਹੇ ਲੀਡਰ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦੇਂਦੇ, ਪਰ ਉਹ ਵੀ ਪਾਰਟੀ ਅੰਦਰ ਦੀਆਂ ਗਿਣਤੀਆਂ-ਮਿਣਤੀਆਂ ਵਿੱਚ ਪਏ ਰਹੇ ਸਨ।
ਹੁਣ ਜਿਹੜੀ ਬੇਹੂਦਗੀ ਭਾਰਤ ਦੀ ਉਲੰਪਿਕ ਐਸੋਸੀਏਸ਼ਨ ਨੇ ਖਿਲਾਰੀ ਹੈ, ਇਸ ਨੂੰ ਸਮੇਟਣ ਲਈ ਇੱਕੋ ਰਾਹ ਇਹ ਹੈ ਕਿ ਇਹ ਫ਼ੈਸਲੇ ਰੱਦ ਕਰ ਦਿੱਤੇ ਜਾਣ। ਸਰਕਾਰ ਨੂੰ ਇਹ ਕੰਮ ਜ਼ਰੂਰ ਕਰ ਦੇਣਾ ਚਾਹੀਦਾ ਹੈ।