ਵੱਡੇ ਆਗੂਆਂ ਨੂੰ ਹਰਾਉਣ ਲਈ ਤਕੜੇ ਉਮੀਦਵਾਰ ਖੜੇ ਕੀਤੇ : ਕੇਜਰੀਵਾਲ

ਸੁਨਾਮ ਊਧਮ ਸਿੰਘ ਵਾਲਾ (ਜੰਗੀਰ ਸਿੰਘ ਸੁਤੰਤਰ)
ਪੰਜਾਬ ਵਿਧਾਨ ਸਭਾ ਚੋਣਾਂ ਅਹਿਮ ਅਤੇ ਇਮਪੋਰਟੈਂਟ ਹੈ, ਕਿਉਂਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਇੱਥੋਂ ਦੇ ਲੋਕਾਂ ਨੂੰ ਬਾਰੀ-ਬਾਰੀ ਨਾਲ ਲੁੱਟਿਆ ਹੀ ਨਹੀਂ ਸਗੋਂ ਇੱਥੋਂ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਧਕੇਲ ਕੇ ਉਹਨਾਂ ਦੇ ਜੀਵਨ ਨੂੰ ਬਰਬਾਦ ਕਰ ਦਿੱਤਾ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਪਾਰਟੀ ਉਮੀਦਵਾਰ ਅਮਨ ਅਰੋੜਾ ਦੇ ਨਿਵਾਸ 'ਤੇ ਇੱਥੋਂ ਦੇ ਇੱਕ ਵਪਾਰੀ ਵਰਗ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਉਪਰੰਤ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ। ਉਨ੍ਹਾ ਕਿਹਾ ਕਿ ਪਾਰਟੀ ਅਕਾਲੀ ਦਲ ਤੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਹਰਾਉਣ ਲਈ ਤਕੜੇ ਉਮੀਦਵਾਰ ਹੀ ਖੜੇ ਕਰ ਰਹੇ ਹਨ। ਉਨ੍ਹਾ ਕਿਹਾ ਕਿ ਜਲਾਲਾਬਾਦ ਤੋਂ ਭਗਵੰਤ ਮਾਨ ਅਤੇ ਮਜੀਠੀਆ ਖਿਲਾਫ ਹਿੰਮਤ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਬਣਾਇਆ ਹੈ ਅਤੇ ਹੁਣ ਉਹ ਲੰਬੀ ਵਿਖੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਸੁਬੇ ਦੇ ਲੋਕਾਂ ਵਿੱਚ ਇਹਨਾਂ ਦੋਵਾਂ ਪਾਰਟੀਆਂ ਨੂੰ ਹਰਾਉਣ ਲਈ ਜੋਸ਼ ਭਰ ਚੁੱਕਿਆ ਹੈ ਅਤੇ ਸੂਬੇ ਅੰਦਰ ਇਨਕਲਾਬ ਆਉਣ ਵਾਲਾ ਹੈ ਅਤੇ ਇਸ ਵਾਰ ਲੋਕਾਂ ਦੀ ਜਿੱਤ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਅਮਨ ਅਰੋੜਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੈ ਸੰਜੇ ਸਿੰਘ, ਭਗਵੰਤ ਮਾਨ, ਅਮਨ ਅਰੋੜਾ, ਜਸਕੀਰਤ ਸਿੰਘ, ਅਬਜਿੰਦਰ ਸੰਘਾ, ਜੱਸੀ ਸੇਖੋਂ, ਦਿਨੇਸ਼ ਬਾਂਸਲ, ਰਾਜੇਸ਼ ਅੱਗਰਵਾਲ ਆਦਿ ਆਗੂ ਅਤੇ ਪਾਰਟੀ ਵਰਕਰ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਇਸੇ ਦੌਰਾਨ ਪਾਰਟੀ ਉਮੀਦਵਾਰ ਅਮਨ ਅਰੋੜਾ ਦੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਅਤੇ ਸੂਬੇ ਅੰਦਰ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਉਪਰਾਲਾ ਕਰੇਗੀ। ਉਨ੍ਹਾ ਕਿਹਾ ਕਿ ਸੂਬੇ ਅੰਦਰ ਵਪਾਰ ਨੂੰ ਉੱਚਾ ਚੁੱਕਣ ਲਈ ਇੰਸਪੈਕਟਰੀ ਰਾਜ ਖਤਮ ਕਰਕੇ ਸਾਰੇ ਕੰਮ ਆਨਲਾਇਨ ਕੀਤੇ ਜਾਣਗੇ, ਤਾਂ ਜੋ ਕਿ ਵਪਾਰੀਆਂ ਨੂੰ ਲੁੱਟ ਤੋਂ ਬਚਾਇਆ ਜਾ ਸਕੇ। ਉਨ੍ਹਾ ਇਹ ਵੀ ਕਿਹਾ ਕਿ ਵਪਾਰੀ ਅਤੇ ਇੰਡਸਟਰੀ ਬੋਰਡ ਦਾ ਗਠਨ ਕਰਕੇ ਉਹਨਾ ਦੇ ਚੇਅਰਮੈਨ ਵੀ ਵਪਾਰੀ ਹੀ ਬਣਾਏ ਜਾਣਗੇ। ਉਹਨਾ ਕਿਹਾ ਕਿ ਗੁਆਂਢੀ ਸੂਬਿਆਂ ਦੀ ਤਰਜ਼ 'ਤੇ ਹੀ ਇੰਡਸਟਰੀ ਨੂੰ ਟੈਕਸ ਤੋਂ ਰਾਹਤ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਆਪਸ ਵਿੱਚ ਮਿਲੇ ਹੋਏ ਹਨ। ਉਨ੍ਹਾ ਕਿਹਾ ਕਿ ਕੈਪਟਨ ਝੂਠ ਦੀ ਰਾਜਨੀਤੀ ਕਰ ਰਿਹਾ ਹੈ, ਕਿਉਂਕਿ ਉਹਨਾਂ ਪਹਿਲਾਂ ਵੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹਨਾਂ ਤੋਂ ਮੁਕਰ ਕੇ ਨੌਕਰੀਆਂ 'ਤੇ ਪਾਬੰਦੀ ਅਤੇ ਪੈਨਸ਼ਨਾਂ ਆਦਿ ਵੀ ਬੰਦ ਕਰ ਦਿੱਤੀਆਂ ਸਨ। ਸੋ ਸੂਬੇ ਦੀ ਜਨਤਾ ਉਹਨਾ ਦੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੀ। ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾ ਕਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਜਨਤਾ ਦੀ ਪਸੰਦ ਦਾ ਹੀ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਆਗੂ ਸੰਜੇ ਸਿੰਘ, ਭਗਵੰਤ ਮਾਨ ਮੈਂਬਰ ਪਾਰਲੀਮੈਂਟ, ਅਮਨ ਅਰੋੜਾ, ਜਸਕੀਰਤ ਸਿੰਘ ਮਾਨ, ਅਬਜਿੰਦਰ ਸੰਘਾ, ਜੱਸੀ ਸੇਖੋਂ, ਦਿਨੇਸ਼ ਬਾਂਸਲ, ਰਜੇਸ਼ ਅੱਗਰਵਾਲ, ਸੰਦੀਪ ਜੈਨ, ਪ੍ਰੇਮ ਜੈਨ, ਪਵਨ ਗੁੱਜਰਾਂ, ਨਾਜਰ ਸਿੰਘ, ਜਗਜੀਤ ਸਿੰਘ ਜੋੜਾ ਸੋਨੀ ਵਿਰਕ, ਸਾਹਿਬ ਸਿੰਘ ਆਦਿ ਹਾਜ਼ਰ ਸਨ।