ਦਿੱਲੀ ਦਾ ਇੱਕ ਵਕੀਲ ਕਾਲੇ ਧਨ ਦੀ ਮੋਟੀ ਰਕਮ ਸਮੇਤ ਗ੍ਰਿਫ਼ਤਾਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਸਰਕਾਰ ਵੱਲੋਂ ਨੋਟਬੰਦੀ ਤੋਂ ਬਾਅਦ ਕਾਲੇ ਧਨ ਵਿਰੁੱਧ ਲਗਾਤਾਰ ਮੁਹਿੰਮ ਜਾਰੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਇੱਕ ਵਕੀਲ ਰੋਹਿਤ ਟੰਡਨ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 13 ਕਰੋੜ 60 ਲੱਖ ਰੁਪਏ ਦਾ ਕਾਲਾ ਧਨ ਬਰਾਮਦ ਕੀਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੀ ਇੱਕ ਕਾਨੂੰਨੀ ਫ਼ਰਮ 'ਤੇ ਛਾਪਾ ਮਾਰ ਵਕੀਲ ਟੰਡਨ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਸੀ। ਇਸ ਮਗਰੋਂ ਵਕੀਲ ਨੂੰ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਦੀ ਰੋਕਥਾਮ ਸੰਬੰਧੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਇਸ ਵਕੀਲ ਨੇ ਕੋਲਕਾਤਾ ਦੇ ਇੱਕ ਵਪਾਰੀ ਪਾਰਸ ਮੱਲ ਲੋਢਾ ਅਤੇ ਦਿੱਲੀ ਦੇ ਇੱਕ ਬੈਂਕ ਮੈਨੇਜਰ ਦੀ ਮਦਦ ਨਾਲ ਕੋਈ 60 ਕਰੋੜ ਰੁਪਏ ਦੀ ਪੁਰਾਣੀ ਕਰੰਸੀ ਨੂੰ ਨਵੇਂ ਨੋਟਾਂ ਵਿੱਚ ਬਦਲਿਆ ਸੀ। ਇਸ ਮਾਮਲੇ ਵਿੱਚ ਕੋਟਕ ਬੈਂਕ ਦੀ ਦਿੱਲੀ ਸਥਿਤ ਬ੍ਰਾਂਚ ਦਾ ਮੈਨੇਜਰ ਅਸ਼ੀਸ਼ ਕੁਮਾਰ ਪਹਿਲਾਂ ਹੀ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਹੈ। ਜਾਂਚ ਤੋਂ ਰੋਹਿਤ ਟੰਡਨ ਦੇ ਕੋਲਕਾਤਾ ਦੇ ਵਪਾਰੀ ਪਾਰਸ ਮੱਲ ਲੋਢਾ ਅਤੇ ਹਵਾਲਾ ਕਾਰੋਬਾਰੀ ਨਾਲ ਸੰਬੰਧ ਸਾਹਮਣੇ ਆਏ ਹਨ।
ਰੋਹਿਤ ਟੰਡਨ ਪੇਸ਼ੇ ਤੋਂ ਵਕੀਲ ਹੈ ਅਤੇ ਉਹ ਸੁਪਰੀਮ ਕੋਰਟ 'ਚ ਵਕਾਲਤ ਕਰਦਾ ਹੈ। ਸਾਲ 2005 'ਚ ਉਸ ਨੇ ਜੇ ਈ ਯੂ ਐਸ ਨਾਂਅ ਦੀ ਇੱਕ ਕਾਨੂੰਨੀ ਫਰਮ ਬਣਾਈ ਸੀ ਅਤੇ ਇਸ ਤੋਂ ਬਾਅਦ ਉਸ ਨੇ ਇੱਕ ਹੋਰ ਕਾਨੂੰਨੀ ਫਾਰਮ ਲਾਅ ਐਂਡ ਲਾਅ ਵੀ ਬਣਾਈ ਸੀ। ਇਹ ਫਰਮਾਂ ਹੋਟਲ, ਬਿਲਡਰਾਂ ਅਤੇ ਵੱਡੀਆਂ-ਵੱਡੀਆ ਕੰਪਨੀਆਂ ਦੇ ਮਾਮਲੇ ਸੁਲਝਾਉਣ ਦਾ ਕੰਮ ਕਰਦੀਆਂ ਹਨ। ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਰੋਹਿਤ ਟੰਡਨ ਦੀਆਂ ਕਈ ਜਾਇਦਾਦਾਂ ਹਨ। 6 ਅਕਤੂਬਰ ਨੂੰ ਵੀ ਆਮਦਨ ਕਰ ਵਿਭਾਗ ਨੇ ਰੋਹਿਤ ਟੰਡਨ ਨੇ ਦਫ਼ਤਰ 'ਤੇ ਛਾਪਾ ਮਾਰਿਆ ਸੀ, ਜਿਸ ਤੋਂ ਬਾਅਦ ਉਸ ਨੇ 125 ਕਰੋੜ ਦੀ ਜਾਇਦਾਦ ਹੋਣ ਦਾ ਖੁਲਾਸਾ ਕੀਤਾ ਸੀ। ਉਦੋਂ ਤੋਂ ਹੀ ਉਹ ਆਮਦਨ ਕਰ ਵਿਭਾਗ ਦੀਆਂ ਨਜ਼ਰ 'ਚ ਸੀ।
ਪਾਰਸ ਮੱਲ ਨੇ 7 ਦਿਨ ਈ ਡੀ ਦੇ ਰਿਮਾਂਡ ਦੌਰਾਨ ਕਈ ਖੁਲਾਸੇ ਕੀਤੇ ਸਨ। ਉਸ ਨੇ ਦਿਨੇਸ਼ ਭੋਲੇ ਬਾਰੇ ਵੀ ਦੱਸਿਆ ਸੀ, ਜੋ ਕਿ ਰੋਹਿਤ ਟੰਡਨ ਦਾ ਸਾਥੀ ਸੀ ਅਤੇ ਜੋ ਉਸ ਦੀ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ 'ਚ ਮਦਦ ਕਰਦਾ ਸੀ।